ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ’ਚ ਜੀ-20 ਸੰਮੇਲਨ ਅੱਜ ਤੋਂ

ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ’ਚ ਜੀ-20 ਸੰਮੇਲਨ ਅੱਜ ਤੋਂ

28 ਮੁਲਕਾਂ ਦੇ ਡੈਲੀਗੇਟ ਅਤੇ ਕੌਮਾਂਤਰੀ ਸੰਸਥਾਵਾਂ ਦੇ ਪ੍ਰਤੀਨਿਧ ਹੋਣਗੇ ਸ਼ਾਮਲ; ਡੈਲੀਗੇਟਾਂ ਦਾ ਹਵਾਈ ਅੱਡੇ ’ਤੇ ਰਵਾਇਤੀ ਅੰਦਾਜ਼ ’ਚ ਸਵਾਗਤ
ਅੰਮ੍ਰਿਤਸਰ – ਜੀ20 ਸੰਮੇਲਨ 15 ਮਾਰਚ ਨੂੰ ਇੱਥੇ ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ਵਿੱਚ ਸ਼ੁਰੂ ਹੋਵੇਗਾ। ਸੰਮੇਲਨ ਵਿੱਚ ਜੀ20 ਨਾਲ ਸਬੰਧਤ 28 ਮੁਲਕਾਂ ਦੇ ਲਗਪਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸੰਮੇਲਨ ਵਿਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਇਸ ਦੌਰਾਨ ਅੱਜ ਵੱਖ-ਵੱਖ ਮੁਲਕਾਂ ਦੇ ਡੈਲੀਗੇਟ ਇਥੇ ਪੁੱਜਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦਾ ਹਵਾਈ ਅੱਡੇ ’ਤੇ ਰਵਾਇਤੀ ਪੰਜਾਬੀ ਢੰਗ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਪੰਜਾਬੀ ਪਹਿਰਾਵੇ ਵਜੋਂ ਦਸਤਾਰ ਪਹਿਨਾਈ ਗਈ ਅਤੇ ਨਿੱਘਾ ਸਵਾਗਤ ਕੀਤਾ ਗਿਆ।

ਕੇਂਦਰ ਦੇ ਉਚੇਰੀ ਸਿੱਖਿਆ ਮੰਤਰਾਲੇ ਦੇ ਸਕੱਤਰ ਕੇ. ਸੰਜੇ ਮੂਰਤੀ ਨੇ ਅੱਜ ਸ਼ਾਮੀਂ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਹ ਸੰਮੇਲਨ ਦੂਜੀ ਐਜੂਕੇਸ਼ਨ ਵਰਕਿੰਗ ਕਮੇਟੀ ਦੇ ਮੈਂਬਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਆਪਸੀ ਵਿਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਹਿਯੋਗ ਲਈ ਨਵੇਂ ਮੌਕਿਆਂ ਬਾਰੇ ਚਰਚਾ ਕਰਨ ਵਾਸਤੇ ਮੰਚ ਮੁਹੱਈਆ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੂਜੀ ਐਜੂਕੇਸ਼ਨ ਵਰਕਿੰਗ ਕਮੇਟੀ ਦੀਆਂ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਤੋਂ ਬਾਅਦ ਇੱਕ ਸਾਂਝਾ ਰੋਡ ਮੈਪ ਤਿਆਰ ਕੀਤਾ ਜਾਵੇਗਾ, ਜੋ ਵਿਦਿਅਕ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਵਿਕਾਸ ਲਈ ਮਾਰਗ ਦਰਸ਼ਕ ਵਜੋਂ ਕੰਮ ਕਰੇਗਾ। ਇਸ ਉੱਚ ਪੱਧਰੀ ਵਿੱਦਿਅਕ ਸੰਮੇਲਨ ਵਿੱਚ ਆਈਆਈਟੀ ਰੋਪੜ, ਆਈਆਈਐੱਮ ਅੰਮ੍ਰਿਤਸਰ, ਆਈਆਈਐੱਸਸੀ ਬੰਗਲੁਰੂ ਅਤੇ ਟੀਆਈਐੱਸਐੱਸ ਮੁੰਬਈ ਵਰਗੀਆਂ ਪ੍ਰਮੁੱਖ ਸੰਸਥਾਵਾਂ ਆਪਣੀ ਖੋਜ, ਸਰੋਤੀਕਰਨ ਅਤੇ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ’ਤੇ ਸੈਮੀਨਾਰ ਕਰਨਗੀਆਂ। ਇਹ ਸੈਮੀਨਾਰ ਆਈਆਈਐੱਸਸੀ ਬੰਗਲੂਰੂ ਦੇ ਡਾਇਰੈਕਟਰ ਪ੍ਰੋਫੈਸਰ ਗੋਬਿੰਦ ਰੰਗਰਾਜਨ ਵੱਲੋਂ ਜੀ20 ਮੁਲਕਾਂ ਵਿਚ ਖੋਜ ਪਹਿਲਕਦਮੀਆਂ ’ਤੇ ਇਕ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ। ਇਸ ਸੈਮੀਨਾਰ ਵਿਚ ਦੋ ਸੈਸ਼ਨ ਵਿਚਾਰ ਵਟਾਂਦਰੇ ਦੇ ਵੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਦੀ ਪ੍ਰਧਾਨਗੀ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫ਼ੈਸਰ ਰਾਜੀਵ ਆਹੂਜਾ ਕਰਨਗੇ, ਜਦੋਂ ਕਿ ਦੂਜੇ ਸੈਸ਼ਨ ਦੀ ਪ੍ਰਧਾਨਗੀ ਟੀਆਈਐੱਸਐੱਸ ਮੁੰਬਈ ਦੀ ਡਾਇਰੈਕਟਰ ਡਾ. ਸ਼ਾਲਿਨੀ ਭਾਰਤ ਵੱਲੋਂ ਕੀਤੀ ਜਾਵੇਗੀ। ਪੈਨਲ ਚਰਚਾ ਵਿੱਚ ਭਾਰਤ ਸਮੇਤ ਫਰਾਂਸ, ਇੰਗਲੈਂਡ, ਆਸਟਰੇਲੀਆ, ਓਮਾਨ, ਦੱਖਣੀ ਅਫਰੀਕਾ, ਯੂਨੀਸੈਫ਼ ਚੀਨ ਆਦਿ ਮੁਲਕਾਂ ਦੇ ਪ੍ਰਤੀਨਿਧ ਭਾਗ ਲੈਣਗੇ। ਸੈਮੀਨਾਰ ਦੇ ਨਾਲ ਹੀ ਇੱਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਖੋਜ, ਨਵੀਨਤਾ, ਸਹਿਯੋਗ ਅਤੇ ਸਾਂਝੇਦਾਰੀ ਸਬੰਧੀ ਯਤਨਾਂ ਦੀ ਪੇਸ਼ਕਾਰੀ ਹੋਵੇਗੀ।