ਅੰਮ੍ਰਿਤਪਾਲ ਭਗੌੜਾ ਕਰਾਰ; ਚਾਰ ਸਮਰਥਕ ਡਿਬਰੂਗੜ੍ਹ ਜੇਲ੍ਹ ’ਚ ਬੰਦ

ਅੰਮ੍ਰਿਤਪਾਲ ਭਗੌੜਾ ਕਰਾਰ; ਚਾਰ ਸਮਰਥਕ ਡਿਬਰੂਗੜ੍ਹ ਜੇਲ੍ਹ ’ਚ ਬੰਦ

ਪੰਜਾਬ ’ਚ ਇੰਟਰਨੈੱਟ ਸੇਵਾਵਾਂ 24 ਹੋਰ ਘੰਟਿਆਂ ਲਈ ਮੁਲਤਵੀ; 34 ਹੋਰ ਸਮਰਥਕ ਗ੍ਰਿਫ਼ਤਾਰ
ਚੰਡੀਗੜ੍ਹ/ਜਲੰਧਰ/ਡਿਬਰੂਗੜ੍ਹ- ਪੰਜਾਬ ਪੁਲੀਸ ਦੀ ਕਾਰਵਾਈ ਮਗਰੋਂ ਫਰਾਰ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦਿੰਦਿਆਂ ਅੱਜ ਵੀ ਉਸ ਦੀ ਭਾਲ ਜਾਰੀ ਰੱਖੀ। ਉਸ ਦੇ 4 ਸਮਰਥਕਾਂ ਨੂੰ ਅੱਜ ਪੁਲੀਸ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਜਿਨ੍ਹਾਂ ’ਚ ਅੰਮ੍ਰਿਤਪਾਲ ਦਾ ਕਥਿਤ ਸਲਾਹਕਾਰ ਅਤੇ ਫੰਡ ਮੁਹੱਈਆ ਕਰਾਉਣ ਵਾਲਾ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ, ਗੁਰਮੀਤ ਸਿੰਘ ਅਤੇ ਪ੍ਰਧਾਨਮੰਤਰੀ ਬਾਜੇਕਾ ਸ਼ਾਮਲ ਹਨ। ਇਸ ਦੌਰਾਨ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਕੁਝ ਸਮਰਥਕਾਂ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦਾ ਨਵੇਂ ਕੇਸ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਪੁਲੀਸ ਨੇ ਅਜਨਾਲਾ ਕਾਂਡ ਲਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।
ਪੁਲੀਸ ਨੇ ਅੰਮ੍ਰਿਤਪਾਲ ਦੇ 34 ਹੋਰ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਪੁਲੀਸ ਨੇ 112 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ ਪੰਜਾਬ ਸਰਕਾਰ ਨੇ ਸੂਬੇ ’ਚ ਮੋਬਾਈਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ 24 ਘੰਟੇ ਹੋਰ ਵਧਾਉਂਦਿਆਂ ਸੋਮਵਾਰ ਦੁਪਹਿਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਵਧੀਕ ਮੁੱਖ ਸਕੱਤਰ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਬ੍ਰਾਡਬੈਂਡ ਸੇਵਾਵਾਂ ਮੁਅੱਤਲ ਨਹੀਂ ਕੀਤੀਆਂ ਗਈਆਂ ਹਨ ਤਾਂ ਜੋ ਬੈਂਕਿੰਗ ਸਹੂਲਤਾਂ, ਹਸਪਤਾਲ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ’ਤੇ ਕੋਈ ਅਸਰ ਨਾ ਪਵੇ। ਸੁਰੱਖਿਆ ਬਲਾਂ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਰੂਪਨਗਰ, ਫਰੀਦਕੋਟ, ਬਟਾਲਾ, ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ, ਮੋਗਾ ਸਮੇਤ ਸੂਬੇ ’ਚ ਕਈ ਥਾਵਾਂ ’ਤੇ ਫਲੈਗ ਮਾਰਚ ਕੀਤਾ। ਗੁਆਂਢੀ ਸੂਬੇ ਹਰਿਆਣਾ ’ਚ ਵੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਵਾਧੂ ਨਾਕੇ ਲਗਾਏ ਗਏ ਹਨ। ਕੁਰੂਕਸ਼ੇਤਰ, ਕੈਥਲ ਅਤੇ ਸਿਰਸਾ ਸਮੇਤ ਪੰਜਾਬ ਨਾਲ ਲਗਦੇ ਕਈ ਹੋਰ ਜ਼ਿਲ੍ਹਿਆਂ ’ਚ ਵੀ ਪੁਲੀਸ ਨਜ਼ਰ ਰੱਖ ਰਹੀ ਹੈ। ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕਾਨੂੰਨੀ ਪ੍ਰਕਿਰਿਆ ਤਹਿਤ ਸਾਰੀ ਕਾਰਵਾਈ ਨੂੰ ਅਮਲ ’ਚ ਲਿਆ ਰਹੀ ਹੈ। ਪੁਲੀਸ ਨੇ ਦੱਸਿਆ ਕਿ ਪੰਜਾਬ ’ਚ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਚਾਰ ਸਮਰਥਕਾਂ ਨੂੰ ਡਿਬਰੂਗੜ੍ਹ ਲਿਆਂਦਾ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਕਿਹਾ,‘‘ਉਨ੍ਹਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਡਿਬਰੂਗੜ੍ਹ ਲਿਆ ਕੇ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ ਹੈ।’’ ਪੁਲੀਸ ਨੇ ਕਿਹਾ ਕਿ ਡਿਬਰੂਗੜ੍ਹ ਲਿਆਂਦੇ ਗਏ ਮੁਲਜ਼ਮਾਂ ’ਚ ਅੰਮ੍ਰਿਤਪਾਲ ਦਾ ਕਥਿਤ ਸਲਾਹਕਾਰ ਅਤੇ ਫੰਡ ਮੁਹੱਈਆ ਕਰਾਉਣ ਵਾਲਾ ਦਲਜੀਤ ਸਿੰਘ ਕਲਸੀ ਵੀ ਸ਼ਾਮਲ ਹੈ। ਅਸਾਮ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੰਜਾਬ ਪੁਲੀਸ ਦੀ 27 ਮੈਂਬਰੀ ਟੀਮ ਚਾਰਾਂ ਨੂੰ ਡਿਬਰੂਗੜ੍ਹ ਲੈ ਕੇ ਆਈ ਹੈ। ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨੂੰ ਪੰਜਾਬ ਤੋਂ ਕਰੀਬ 2500 ਕਿਲੋਮੀਟਰ ਦੂਰ ਅਸਾਮ ’ਚ ਲਿਆਉਣ ਦੇ ਮਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ, ਜੋ ਦਿੱਲੀ ’ਚ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸੂਬਾ ਮੁਲਜ਼ਮਾਂ ਨੂੰ ਜੇਲ੍ਹ ’ਚ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਤੋਂ ਦੂਜੇ ਸੂਬੇ ਦੀ ਜੇਲ੍ਹ ’ਚ ਭੇਜਿਆ ਜਾਂਦਾ ਹੈ।ਪੰਜਾਬ ਸਰਕਾਰ ਨੇ ਸ਼ਨਿਚਰਵਾਰ ਨੂੰ ਵੱਡੀ ਕਾਰਵਾਈ ਕਰਦਿਆਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਪੁਲੀਸ ਮੁਤਾਬਕ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਜਿਥੇ ਉਸ ਦੇ ਪਿਤਾ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦੇ ਪੁੱਤਰ ਨੂੰ ਹਿਰਾਸਤ ’ਚ ਲਿਆ ਹੋਇਆ ਹੈ। ਉਨ੍ਹਾਂ ਕਿਹਾ,‘‘ਅੰਮ੍ਰਿਤਪਾਲ ਸਿੰਘ ਦੀ ਸ਼ਨਿਚਰਵਾਰ ਤੋਂ ਕੋਈ ਜਾਣਕਾਰੀ ਨਹੀਂ ਹੈ। ਸਾਨੂੰ ਜਾਪਦਾ ਹੈ ਕਿ ਉਸ ਨੂੰ ਪਹਿਲਾਂ ਹੀ ਹਿਰਾਸਤ ’ਚ ਲੈ ਲਿਆ ਗਿਆ ਹੈ। ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ, ਸਗੋਂ ਉਹ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜ ਰਿਹਾ ਹੈ।’’ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਸ਼ਨਿਚਰਵਾਰ ਨੂੰ ਜਲੰਧਰ-ਮੋਗਾ ਰੋਡ ’ਤੇ ਮਹਿਤਪੁਰ ਤੋਂ ਗ੍ਰਿਫਤਾਰ ਕੀਤਾ ਜਾਣਾ ਸੀ। ਹਾਲਾਂਕਿ, ਗਰਮਖ਼ਿਆਲੀ ਆਗੂ ਪੁਲੀਸ ਤੋਂ ਬਚਣ ਵਿੱਚ ਕਾਮਯਾਬ ਹੋ ਗਿਆ। ਸੂਤਰਾਂ ਅਨੁਸਾਰ ਉਸ ਨੇ ਨਕੋਦਰ ਨੇੜੇ ਆਪਣੀ ਗੱਡੀ ਅਤੇ ਮੋਬਾਈਲ ਫੋਨ ਛੱਡ ਦਿੱਤਾ ਸੀ।
ਜਲੰਧਰ ’ਚ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਉਹ ਛੇਤੀ ਹੀ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਉਨ੍ਹਾਂ ਅਪਰੇਸ਼ਨ ’ਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਹੋਣ ਤੋਂ ਇਨਕਾਰ ਕੀਤਾ। ‘ਇਹ ਚੋਰ ਅਤੇ ਸਿਪਾਹੀ ਦੀ ਖੇਡ ਹੈ। ਕਈ ਵਾਰ ਉਹ ਬਚਣ ’ਚ ਕਾਮਯਾਬ ਰਹਿੰਦੇ ਹਨ ਪਰ ਅਸੀਂ ਛੇਤੀ ਹੀ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਵਾਂਗੇ।’’ ਅੰਮ੍ਰਿਤਪਾਲ ਸਿੰਘ ਦੇ ਬੱਚ ਕੇ ਨਿਕਲਣ ਬਾਰੇ ਚਾਹਲ ਨੇ ਕਿਹਾ,‘‘ਉਸ ਦੇ ਵਾਹਨ ਦਾ ਸੁਰੱਖਿਆ ਕਰਮੀਆਂ ਵੱਲੋਂ 20 ਤੋਂ 25 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਸੀ। ਵਾਹਨ ਅੱਗੇ ਹੋਣ ਕਾਰਨ ਉਸ ਨੂੰ ਰੋਕਿਆ ਨਹੀਂ ਜਾ ਸਕਿਆ ਕਿਉਂਕਿ ਗਲੀਆਂ ਭੀੜੀਆਂ ਸਨ ਅਤੇ ਬਾਅਦ ’ਚ ਉਹ ਕਿਸੇ ਹੋਰ ਵਾਹਨ ’ਤੇ ਸਵਾਰ ਹੋ ਕੇ ਬਚ ਕੇ ਨਿਕਲ ਗਿਆ।’’ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਦੋ ਵਾਹਨਾਂ ਨੂੰ ਕਬਜ਼ੇ ’ਚ ਲਿਆ ਗਿਆ ਹੈ। ਜਲੰਧਰ ਪੁਲੀਸ ਕਮਿਸ਼ਨਰ ਨੇ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਨਾਲ ਜਲੰਧਰ ’ਚ ਫਲੈਗ ਮਾਰਚ ਕੀਤਾ ਅਤੇ ਕਿਹਾ ਕਿ ਕਿਸੇ ਨੂੰ ਵੀ ਖ਼ਿੱਤੇ ਦੀ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਰਮਜ਼ ਐਕਟ ਤਹਿਤ ਬੀਤੀ ਰਾਤ ਐੱਫਆਈਆਰ ਦਰਜ ਕੀਤੀ ਗਈ ਹੈ ਜਿਸ ’ਚ ਅੰਮ੍ਰਿਤਪਾਲ ਵੀ ਮੁੱਖ ਮੁਲਜ਼ਮ ਹੈ ਅਤੇ ਇਸੇ ਐੱਫਆਈਆਰ ’ਚ ਸੱਤ ਸਮਰਥਕਾਂ ਦੇ ਨਾਮ ਵੀ ਦਰਜ ਹਨ। ਜਲੰਧਰ ਦੇ ਮਹਿਤਪੁਰ ਨੇੜਿਉਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੈਪਾਲ, ਗੁਰਵੀਰ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ, ਗੁਰਲਾਲ ਸਿੰਘ, ਸੁਵਰੀਤ ਸਿੰਘ ਅਤੇ ਅਮਨਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 12 ਬੋਰ ਦੀਆਂ ਛੇ ਬੰਦੂਕਾਂ ਅਤੇ 193 ਕਾਰਤੂਸ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਪੁਲੀਸ ਰਿਮਾਂਡ ਲੈਣ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਐੱਸਐੱਸਪੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਜੱਦੀ ਘਰ ਦੀ ਵੀ ਤਲਾਸ਼ੀ ਲਈ ਗਈ ਹੈ ਜਿਥੇ ਦੋ ਐੱਮਯੂਵੀਜ਼ ਬਰਾਮਦ ਕੀਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਪਰਵਾਸੀ ਸਿੱਖ ਨਿਊਯਾਰਕ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ।