ਅੰਮ੍ਰਿਤਪਾਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਿਆ: ਅਸ਼ਵਨੀ ਸ਼ਰਮਾ

ਅੰਮ੍ਰਿਤਪਾਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਿਆ: ਅਸ਼ਵਨੀ ਸ਼ਰਮਾ

ਸਿੱਖ ਤੇ ਧਾਰਮਿਕ ਜਥੇਬੰਦੀਆਂ ਦੀ ਚੁੱਪ ’ਤੇ ਚੁੱਕੇ ਸਵਾਲ; ਜ਼ਖ਼ਮੀ ਹੋਏ ਐੱਸਪੀ ਦਾ ਹਾਲ-ਚਾਲ ਪੁੱਛਿਆ
ਅੰਮ੍ਰਿਤਸਰ- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦੇ ਖ਼ਿਲਾਫ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਹ ਇੱਥੇ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਪੀ ਜੁਗਰਾਜ ਸਿੰਘ ਦਾ ਹਾਲ ਚਾਲ ਪੁੱਛਣ ਲਈ ਆਏ ਸਨ, ਜੋ ਅਜਨਾਲਾ ਥਾਣੇ ਵਿੱਚ ਵਾਪਰੀ ਹਿੰਸਕ ਘਟਨਾ ਸਮੇਂ ਜ਼ਖਮੀ ਹੋ ਗਏ ਸਨ।

ਭਾਜਪਾ ਆਗੂ ਨੇ ਆਖਿਆ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੇ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਿਆ ਹੈ ਅਤੇ ਇਹ ਤਰੀਕਾ ਹੋਰ ਅਪਰਾਧੀਆਂ ਨੂੰ ਵੀ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸਿੱਖ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ ਚੁੱਪ ਧਾਰੀ ਹੋਈ ਹੈ। ਸਿੱਖ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਧਰਨੇ ’ਤੇ ਬੈਠੀਆਂ ਹੋਈਆਂ ਹਨ ਅਤੇ ਨਿਆਂ ਮੰਗ ਰਹੀਆਂ ਹਨ ਪਰ ਇਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਕਥਿਤ ਬੇਅਦਬੀ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਖਾਲਿਸਤਾਨ ਪੱਖੀ ਲੋਕ ਕਦੇ ਵੀ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ ਕਿਉਂਕਿ ਗੁਰੂਆਂ ਅਤੇ ਲੱਖਾਂ ਸਿੱਖਾਂ ਦੀ ਕੁਰਬਾਨੀ ਵਾਲੀ ਧਰਤੀ ਪੰਜਾਬ ਕਦੇ ਵੀ ਦੇਸ਼ ਵਿਰੋਧੀਆਂ ਨੂੰ ਪ੍ਰਵਾਨ ਨਹੀਂ ਕਰਦੀ। ਭਾਜਪਾ ਆਗੂ ਨੇ ਭਗਵੰਤ ਮਾਨ ਸਰਕਾਰ ਦੀ ਕਾਰਜ ਸ਼ੈਲੀ ’ਤੇ ਵੀ ਸਵਾਲੀਆ ਚਿੰਨ੍ਹ ਲਾਇਆ ਪਰ ਉਨ੍ਹਾਂ ਨੇ ਪੁਲੀਸ ਵੱਲੋਂ ਇਸ ਘਟਨਾ ਸਮੇਂ ਸੰਜਮ ਵਰਤਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਵੀ ਮੋੜਵੀਂ ਜਵਾਬੀ ਕਾਰਵਾਈ ਕਰਦੀ ਤਾਂ ਇਸ ਘਟਨਾ ਦੇ ਭਿਆਨਕ ਸਿੱਟੇ ਨਿਕਲਣੇ ਸਨ। ਉਨ੍ਹਾਂ ਨੇ ਜ਼ਖ਼ਮੀ ਹੋਏ ਪੁਲੀਸ ਅਧਿਕਾਰੀ ਦਾ ਹਾਲ-ਚਾਲ ਪੁੱਛਿਆ ਅਤੇ ਉਸ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਜ਼ਖ਼ਮੀ ਪੁਲੀਸ ਅਧਿਕਾਰੀ ਕੋਲੋਂ ਵਾਪਰੀ ਘਟਨਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ। ਇਸ ਦੌਰਾਨ ਕੁਝ ‘ਆਪ’ ਆਗੂਆਂ ਅਤੇ ਮੰਤਰੀਆਂ ਨੇ ਵੀ ਜ਼ਖ਼ਮੀ ਅਧਿਕਾਰੀ ਦਾ ਹਾਲ-ਚਾਲ ਪੁੱਛਿਆ।