ਅੰਮ੍ਰਿਤਪਾਲ ਦੇ ਥਹੁ-ਟਿਕਾਣੇ ਬਾਰੇ ਪੁਲੀਸ ਤੇ ਹੋਰ ਜਾਂਚ ਏਜੰਸੀਆਂ ਦੀ ਵੱਖ-ਵੱਖ ਰਾਇ

ਅੰਮ੍ਰਿਤਪਾਲ ਦੇ ਥਹੁ-ਟਿਕਾਣੇ ਬਾਰੇ ਪੁਲੀਸ ਤੇ ਹੋਰ ਜਾਂਚ ਏਜੰਸੀਆਂ ਦੀ ਵੱਖ-ਵੱਖ ਰਾਇ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਦੀ ਭਾਲ ਨੌਵੇਂ ਦਿਨ ਵੀ ਜਾਰੀ; ਅੰਮ੍ਰਿਤਪਾਲ ਦੇ ਨੇਪਾਲ ਦੀ ਹੱਦ ਨੇੜੇ ਪਹੁੰਚਣ ਦਾ ਦਾਅਵਾ
ਅੰਮ੍ਰਿਤਸਰ- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਟਿਆਲਾ ਵਿੱਚ ਘੁੰਮਦੇ ਦੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਸ ਖ਼ਾਲਿਸਤਾਨੀ ਸਮਰਥਕ ਦੇ ਥਹੁ-ਟਿਕਾਣਿਆਂ ਬਾਰੇ ਪੁਲੀਸ ਅਤੇ ਹੋਰ ਜਾਂਚ ਏਜੰਸੀਆਂ ਦੀ ਵੱਖ-ਵੱਖ ਰਾਇ ਹੈ। ਇਕ ਵਰਗ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਹਾਲੇ ਵੀ ਪੰਜਾਬ ਵਿੱਚ ਹੀ ਹੈ ਜਦਕਿ ਦੂਜੇ ਵਰਗ ਦਾ ਕਹਿਣਾ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਇਕ ਅਜਿਹੇ ਜ਼ਿਲ੍ਹੇ ਤੱਕ ਪਹੁੰਚ ਚੁੱਕਾ ਹੈ ਜਿਸ ਦੀ ਹੱਦ ਨੇਪਾਲ ਨਾਲ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੀਆਂ ਧੁੰਦਲੀਆਂ ਤਸਵੀਰਾਂ ਕੋਈ ਪੁਖਤਾ ਸਬੂਤ ਨਹੀਂ ਹਨ ਬਲਕਿ ਇਹ ਪੁਲੀਸ ਪਾਰਟੀਆਂ ਦਾ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ ਜੋ ਕਿ ਉਸ ਦੀ ਭਾਲ ਵਿੱਚ ਹਨ। ਇਸੇ ਦੌਰਾਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਦੀ ਭਾਲ ਅੱਜ ਨੌਵੇਂ ਦਿਨ ਵੀ ਜਾਰੀ ਰਹੀ। ਹੁਣ ਪੰਜ ਸੂਬਿਆਂ ਦੀ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਪੁਲੀਸ ਵਿਚਲੇ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ‘ਲੋੜੀਂਦੇ’ ਹੋਣ ਬਾਰੇ ਪੋਸਟਰ ਨੇਪਾਲ ਸਰਹੱਦ ’ਤੇ ਲਗਾ ਦਿੱਤੇ ਗਏ ਹਨ ਤਾਂ ਜੋ ਜੇਕਰ ਉਹ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇ ਤਾਂ ਪਛਾਣਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦਾ ਆਖਰੀ ਟਿਕਾਣਾ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ ਹੋਣ ਬਾਰੇ ਪਤਾ ਲੱਗਾ ਸੀ ਜਿਸ ਦੀ ਹੱਦ ਨੇਪਾਲ ਨਾਲ ਲੱਗਦੀ ਹੈ। ਨੇਪਾਲ ਸ਼ਰਾਰਤੀ ਅਨਸਰਾਂ ਲਈ ਮਨਪਸੰਦ ਰੂਟ ਹੈ ਜੋ ਕਿ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਮਗਰੋਂ ਦੇਸ਼ ਛੱਡ ਕੇ ਭੱਜਦੇ ਹਨ। ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਚਾਰ ਚਾਚਿਆਂ ਵਿੱਚੋਂ ਇਕ ਸੁਖਚੈਨ ਸਿੰਘ ਸੇਵਾਮੁਕਤ ਪੁਲੀਸ ਇੰਸਪੈਕਟਰ ਹੈ। ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਪੁਲੀਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਪਰ ਇਕ ਸੋਚੀ-ਸਮਝੀ ਯੋਜਨਾ ਤਹਿਤ ਉਸ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ ਹੈ।