ਅੰਮਿ੍ਰਤਸਰ ’ਚ ਜੀ-20 ਸੰਮੇਲਨ ਸ਼ੁਰੂ

ਅੰਮਿ੍ਰਤਸਰ ’ਚ ਜੀ-20 ਸੰਮੇਲਨ ਸ਼ੁਰੂ

ਦੁਨੀਆ ਭਰ ਦੇ ਲੋਕ ਪਹੁੰਚ ਰਹੇ ਹਨ ਗੁਰੂ ਨਗਰੀ ’ਚ
ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੇ ਕੀਤਾ ਉਦਘਾਟਨ


ਅੰਮਿ੍ਰਤਸਰ : ਅੰਮਿ੍ਰਤਸਰ ਵਿਖੇ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ 20 ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ’ਚ ਸਭ ਦਾ ਸੁਆਗਤ ਕਰਦਿਆਂ ਕਿਹਾ ‘ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ਼ ਲਿਆਇਆ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ’। ਉਨ੍ਹਾਂ 3 ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ’ਚ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਜੀ-20 ’ਚ ਸ਼ਾਮਲ ਹੋਏ 20 ਦੇਸ਼ਾਂ ਦੇ ਨੁਮਾਇੰਦੇ ਜਿਸ ਥਾਂ ’ਤੇ ਬੈਠੇ ਹਨ, ਉਹ ਇਕ ਇਤਿਹਾਸਕ ਥਾਂ ਹੈ। ਇਸ ਲਈ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਜੀ-20 ਦੀ ਮੇਜ਼ਬਾਨੀ ਕਰਨ ਦਾ ਮੌਕਾ ਅੰਮਿ੍ਰਤਸਰ ਨੂੰ ਦਿੱਤਾ।
ਮਾਨ ਨੇ ਆਖਿਆ ਇਸ ਨਾਲ ਸਾਨੂੰ ਸਾਡਾ ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਮੌਕੇ ਮਿਲੇਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਭ ਇੱਥੋਂ ਚੰਗੀਆਂ ਯਾਦਾਂ ਲੈ ਕੇ ਜਾਓਗੇ। ਇਸ ਦੇ ਨਾਲ ਹੀ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਜੀ-20 ਸੰਮੇਲਨ ਸਫ਼ਲਤਾਪੂਰਨ ਪੂਰਾ ਹੋਵੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਇਹ ਸਮਾਗਮ ਸਾਡੇ ਲਈ ਚੰਗਾ ਅਤੇ ਲਾਹੇਵੰਦ ਸਾਬਤ ਹੋਵੇਗਾ। ਮਾਨ ਨੇ ਆਖਿਆ ਕਿ ਇਸ ਸੰਮੇਲਨ ’ਚ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ਵਿਅਕਤੀ ਤੋਂ ਲੈ ਕੇ ਉੱਚ ਅਧਿਕਾਰੀਆਂ ਦਾ ਬਰਾਬਰ ਦਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਨਹੀਂ ਕਿ ਅੱਜ ਮਿਲ ਲਿਆ ਤਾਂ ਹੁਣ ਚਲੇ ਜਾਵਾਂਗੇ, ਅਸੀਂ ਤੁਹਾਡੇ ਨਾਲ ਮੁੜ ਤੋਂ ਮੁਲਾਕਾਤ ਕਰਾਂਗੇ ਤੇ ਮੈਂ ਆਸ ਕਰਦਾ ਹਾਂ ਕਿ ਤੁਹਾਡਾ ਇੱਥੇ ਰਹਿਣਾ ਖ਼ੁਸ਼ਹਾਲ ਹੋਵੇ ਤੇ ਤੁਸੀਂ ਜ਼ਿੰਦਗੀ ਭਰ ਲਈ ਇੱਥੋਂ ਦੀਆਂ ਯਾਦਾਂ ਇਕੱਠੀਆਂ ਕਰ ਕੇ ਲੈ ਕੇ ਜਾਓ ਅਤੇ ਆਪਣੇ ਦੇਸ਼ ਜਾ ਕੇ ਸਭ ਨੂੰ ਦੱਸੋ ਕਿ ਅੰਮਿ੍ਰਤਸਰ ਦੇ ਲੋਕ ਇੰਨਾ ਪਿਆਰ ਕਰਨ ਵਾਲੇ ਨੇ ਤੇ ਮੇਜ਼ਬਾਨੀ ’ਚ ਚੰਗੇ ਨੇ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕੇ ਤੁਹਾਡੀ ਮੇਜ਼ਬਾਨੀ ’ਚ ਕੋਈ ਕਮੀ ਨਾ ਰਹੇ ਪਰ ਜੇਕਰ ਸਨਮਾਨ ’ਚ ਕੋਈ ਕਮੀ ਰਹਿ ਗਈ ਤਾਂ ਉਸ ਦੇ ਲਈ ਅਸੀਂ ਮੁਆਫ਼ੀ ਮੰਗਦੇ ਹਾਂ।