ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

ਦੁਬਈ- ਅਜ਼ਾਨ ਅਵਾਇਸ ਦੇ ਨਾਬਾਦ ਸੈਂਕੜੇ ਸਦਕਾ ਪਾਕਿਸਤਾਨ ਨੇ ਅੱਜ ਇੱਥੇ ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ। ਆਖ਼ਰੀ ਓਵਰਾਂ ਵਿੱਚ ਸਚਿਨ ਧਾਸ ਦੀਆਂ 42 ਗੇਂਦਾਂ ’ਤੇ ਤਿੰਨ ਛੱਕਿਆਂ ਨਾਲ 58 ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਭਾਰਤ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ 259 ਦੌੜਾਂ ਹੀ ਬਣਾ ਸਕਿਆ। ਕਪਤਾਨ ਉਦੈ ਸ਼ਰਨ (98 ਗੇਂਦਾਂ ਵਿੱਚ 60 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ (62 ਦੌੜਾਂ, 81 ਗੇਂਦਾਂ) ਨੇ 20 ਓਵਰਾਂ ਵਿੱਚ 93 ਦੌੜਾਂ ਦੀ ਭਾਈਵਾਲੀ ਕੀਤੀ ਪਰ ਤੇਜ਼ੀ ਨਾਲ ਦੌੜਾਂ ਬਣਾਉਣ ’ਚ ਅਸਫ਼ਲ ਰਹੇ। ਸਰਫ਼ਰਾਜ਼ ਖ਼ਾਨ ਦਾ ਛੋਟਾ ਭਰਾ ਮੁਸ਼ੀਰ (02) ਪਹਿਲੇ ਮੈਚ ਦੇ ਪ੍ਰਦਰਸ਼ਨ ਨੂੰ ਦੁਹਰਾਉਣ ’ਚ ਅਸਫ਼ਲ ਰਿਹਾ।

ਇਸ ਦੇ ਜਵਾਬ ਵਿੱਚ ਪਾਕਿਤਸਾਨ ਨੇ ਖੱਬੇ ਹੱਥ ਦੇ ਬੱਲੇਬਾਜ਼ ਅਜ਼ਾਨ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ 47 ਓਵਰ ਵਿੱਚ ਦੋ ਵਿਕਟਾਂ ’ਤੇ 263 ਦੌੜਾਂ ਬਣਾ ਕੇ ਟੀਚਾ ਪੂਰਾ ਕੀਤਾ। ਅਜ਼ਾਨ ਨੇ 130 ਗੇਂਦਾਂ ’ਤੇ 10 ਚੌਕਿਆਂ ਨਾਲ ਨਾਬਾਦ 105 ਦੌੜਾਂ ਬਣਾਈਆਂ। ਅਜ਼ਾਨ ਨੇ ਸਲਾਮੀ ਬੱਲੇਬਾਜ਼ ਸ਼ੈਜਾਬ ਖ਼ਾਨ (88 ਗੇਂਦਾਂ ਵਿੱਚ 63 ਦੌੜਾਂ) ਨਾਲ ਦੂਜੀ ਵਿਕਟ ਲਈ 110 ਅਤੇ ਸਾਦ ਬੇਗ (51 ਗੇਂਦਾਂ ਵਿੱਚ 68 ਦੌੜਾਂ, ਅੱਠ ਚੌਕੇ, ਇੱਕ ਛੱਕਾ) ਨਾਲ ਤੀਜੀ ਵਿਕਟ ਲਈ ਸਿਰਫ਼ 19.1 ਓਵਰ ਵਿੱਚ 125 ਦੌੜਾਂ ਬਣਾ ਕੇ ਟੀਮ ਦੀ ਜਿੱਤ ਯਕੀਨੀ ਬਣਾਈ।

ਕਪਤਾਨ ਉਦੈ ਨੇ ਸੱਤ ਗੇਂਦਬਾਜ਼ਾਂ ਨੂੰ ਅਜ਼ਮਾਇਆ ਪਰ ਸਿਰਫ਼ ਆਫ ਸਪਿੰਨਰ ਮੁਰੂਗਨ ਅਭਿਸ਼ੇਕ ਨੇ ਹੀ ਦੋ ਵਿਕਟਾਂ ਲਈਆਂ। ਮੁਸ਼ੀਰ ਗੇਂਦਬਾਜ਼ੀ ’ਚ ਵੀ ਫੇਲ੍ਹ ਰਿਹਾ ਅਤੇ ਉਸ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦਿੱਤੀਆਂ। ਭਾਰਤ ਆਪਣੀ ਆਖ਼ਰੀ ਗਰੁੱਪ ਲੀਗ ਮੈਚ ਮੰਗਲਵਾਰ ਨੂੰ ਨੇਪਾਲ ਖ਼ਿਲਾਫ਼ ਖੇਡੇਗਾ।