ਅਫ਼ਗਾਨ ਸਿੱਖਾਂ ਦਾ 21 ਮੈਂਬਰੀ ਜਥਾ ਭਾਰਤ ਪੁੱਜਾ

ਅਫ਼ਗਾਨ ਸਿੱਖਾਂ ਦਾ 21 ਮੈਂਬਰੀ ਜਥਾ ਭਾਰਤ ਪੁੱਜਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇ ਨੂੰ ਲਿਆਉਣ ਦੇ ਪ੍ਰਬੰਧ ਕੀਤੇ
ਨਵੀਂ ਦਿੱਲੀ – ਅਫ਼ਗਾਨਿਸਤਾਨ ਤੋਂ 21 ਸਿੱਖਾਂ ਦਾ ਜਥਾ ਅੱਜ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਾ। ਇਸ ਜਥੇ ਨੂੰ ਲਿਆਉਣ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਨ। ਦਹਿਸ਼ਤਗਰਦਾਂ ਵੱਲੋਂ ਜਦੋਂ ਗੁਰਦੁਆਰੇ ’ਤੇ ਹਮਲਾ ਕੀਤਾ ਗਿਆ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਰੱਖਿਅਤ ਲਿਆਉਣ ਵਾਲਾ ਰਾਜਿੰਦਰ ਸਿੰਘ ਵੀ ਇਸ ਜਥੇ ਵਿੱਚ ਸ਼ਾਮਲ ਹੈ। ਉਸ ਨੇ ਬਾਅਦ ਵਿੱਚ ਪਵਿੱਤਰ ਬੀੜ ਦਾ ਪ੍ਰਕਾਸ਼ ਆਪਣੇ ਘਰ ’ਚ ਕੀਤਾ ਸੀ।

ਇਸ ਜਥੇ ਨੂੰ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਰ ਹਵਾਈ ਅੱਡੇ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸਵੇਰੇ 10.30 ਵਜੇ ਕਾਬੁਲ ਤੋਂ ਉਡਾਣ ਭਰਨ ਵਾਲਾ ਜਹਾਜ਼ 11.50 ਦਿੱਲੀ ਹਵਾਈ ਅੱਡੇ ’ਤੇ ਉੱਤਰਿਆ। ਯਾਤਰੀਆਂ ਦੀ ਪਹਿਲਾਂ ਕੋਵਿਡ-19 ਦੀ ਜਾਂਚ ਕੀਤੀ ਗਈ ਤੇ ਪੋਲੀਓ ਦੇ ਟੀਕੇ ਵੀ ਲਾਏ ਗਏ। ਇਸ ਤਰ੍ਹਾਂ ਬਾਅਦ ਦੁਪਹਿਰ ਕਰੀਬ 2.30 ਵਜੇ ਇਹ ਜਥਾ ਹਵਾਈ ਅੱਡੇ ਤੋਂ ਬਾਹਰ ਨਿਕਲਿਆ। ਸ੍ਰੀ ਬੱਬਰ ਨੇ ਦੱਸਿਆ ਕਿ ਹੁਣ ਇਹ ਲੋਕ ਦਿੱਲੀ ਦੇ ਮਹਾਬੀਰ ਨਗਰ ’ਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣਗੇ।