ਅਫ਼ਗਾਨ ਸਿੱਖਾਂ ਦਾ ਜਥਾ ਦਿੱਲੀ ਪੁੱਜਿਆ

ਅਫ਼ਗਾਨ ਸਿੱਖਾਂ ਦਾ ਜਥਾ ਦਿੱਲੀ ਪੁੱਜਿਆ

ਨਵੀਂ ਦਿੱਲੀ, 3 ਅਗਸਤ

ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਵਿੱਚ ਵਧ ਰਹੇ ਧਾਰਮਿਕ ਅੱਤਿਆਚਾਰ ਦੇ ਮੱਦੇਨਜ਼ਰ ਘੱਟ ਗਿਣਤੀਆਂ ਨੂੰ ਉੱਥੋਂ ਕੱਢਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ 30 ਅਫ਼ਗਾਨੀ ਸਿੱਖਾਂ ਦਾ ਜਥਾ ਅੱਜ ਕਾਬੁਲ ਤੋਂ ਦਿੱਲੀ ਪਹੁੰਚਿਆ। ਇਸ ਜਥੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਹਾਲੇ ਵੀ ਅਫ਼ਗਾਨਿਸਤਾਨ ਵਿੱਚ 110 ਸਿੱਖ ਫਸੇ ਹੋਏ ਹਨ, ਜਦਕਿ 61 ਈ-ਵੀਜ਼ਾ ਮਾਮਲੇ ਭਾਰਤ ਸਰਕਾਰ ਕੋਲ ਰੁਕੇ ਹੋਏ ਹਨ। ਇਸ ਤੋਂ ਪਹਿਲਾਂ ਕਾਬੁਲ ਤੋਂ 32 ਅਫ਼ਗਾਨ ਸਿੱਖਾਂ ਨੂੰ ਕੱਢਿਆ ਗਿਆ ਸੀ, ਜਿਨ੍ਹਾਂ ਦੇ ਸਫ਼ਰ ਦਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਭਾਰਤ ਪੁੱਜਣ ਵਾਲੇ ਜਥੇ ਵਿੱਚ ਸ਼ਾਮਲ ਲੋਕ ਗੁਰਦੁਆਰਾ ਗੁਰੂ ਅਰਜਨ ਦੇਵ, ਤਿਲਕ ਨਗਰ, ਨਵੀਂ ਦਿੱਲੀ ਵਿੱਚ ਰੁਕੇ ਹਨ ਜਿੱਥੋਂ ਹੁਣ ਉਹ ਅੱਗੇ ਆਪੋ ਆਪਣੇ ਸਾਥੀਆਂ ਤੇ ਰਿਸ਼ਤੇਦਾਰਾਂ ਕੋਲ ਜਾਣਗੇ। ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਵੱਲੋਂ ਅਫ਼ਗਾਨੀ ਸ਼ਰਨਾਰਥੀਆਂ ਦੇ ਪਰਿਵਾਰਾਂ ਲਈ ਮੁੜਵਸੇਬੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇੱਕ ਹੁਨਰ ਵਿਕਾਸ ਕੇਂਦਰ ਵੀ ਇਨ੍ਹਾਂ ਸਿੱਖਾਂ ਦੇ ਬੱਚਿਆਂ ਲਈ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿੱਚ ਲਗਾਤਾਰ ਸਿੱਖਾਂ ਤੇ ਹਿੰਦੂਆਂ ’ਤੇ ਹਮਲੇ ਹੋ ਰਹੇ ਹਨ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਮਾਹੌਲ ਕਾਰਨ ਉੱਥੇ ਰਹਿ ਰਹੇ ਭਾਰਤੀ ਮੂਲ ਦੇ ਨਾਗਰਿਕਾਂ ਵਿੱਚ ਕਾਫ਼ੀ ਸਹਿਮ ਦਾ ਮਾਹੌਲ ਹੈ।