ਅਸੀਂ ਸਾਰਿਆਂ ਦੇ ਸ਼ਕਤੀਕਰਨ ’ਚ ਵਿਸ਼ਵਾਸ ਰੱਖਦੇ ਹਾਂ, ਭਰਮਾਉਣ ’ਚ ਨਹੀਂ: ਸੀਤਾਰਾਮਨ

ਅਸੀਂ ਸਾਰਿਆਂ ਦੇ ਸ਼ਕਤੀਕਰਨ ’ਚ ਵਿਸ਼ਵਾਸ ਰੱਖਦੇ ਹਾਂ, ਭਰਮਾਉਣ ’ਚ ਨਹੀਂ: ਸੀਤਾਰਾਮਨ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਆਲਮੀ ਅਰਥਚਾਰਾ ਜੱਦੋ-ਜਹਿਦ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਭਾਰਤ ਆਪਣੇ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਤੇ ਸਕਾਰਾਤਮਕਤਾ ਦੀ ਇਕ ਵਿਲੱਖਣ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕੀਤੇ ਵਾਅਦੇ ਪੂਰੇ ਕਰ ਕੇ ਸ਼ਾਸਨ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਦੇ ਸ਼ਕਤੀਕਰਨ ’ਚ ਵਿਸ਼ਵਾਸ ਰੱਖਦੇ ਹਾਂ, ਕਿਸੇ ਨੂੰ ਭਰਮਾਉਣ ਵਿੱਚ ਨਹੀਂ।’’

ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਤੇ ਬਰਤਾਨੀਆ ਵਰਗੇ ਵਿਕਸਤ ਦੇਸ਼ ਵੀ ਚੁਣੌਤੀ ਭਰਪੂਰ ਸਮੇਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਚੀਨ ਵਰਗੇ ਵੱਡੇ ਅਰਥਚਾਰੇ ਵੀ ਉਪਭੋਗਤਾ ਦੀ ਮੰਗ ਘਟਣ ਤੇ ਤਨਖਾਹਾਂ ਵਿੱਚ ਖੜ੍ਹੋਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘2022 ਵਿੱਚ ਆਲਮੀ ਅਰਥਚਾਰੇ ਵਿੱਚ ਸਿਰਫ 3 ਫੀਸਦ ਵਿਕਾਸ ਦਰ ਸੀ। ਵਿਸ਼ਵ ਬੈਂਕ ਨੇ ਕਿਹਾ ਹੈ ਕਿ 2023 ਵਿੱਚ ਇਹ ਘਟ ਕੇ 2.1 ਫੀਸਦ ਰਹਿ ਜਾਵੇਗੀ।’’ ਵਿੱਤ ਮੰਤਰੀ ਨੇ ਕਿਹਾ, ‘‘ਕੋਵਿਡ ਦੇ ਬਾਵਜੂਦ ਅਰਥਚਾਰੇ ਵਿੱਚ ਸੁਧਾਰ ਹੋਇਆ ਹੈ।’’ ਮਨੀਪੁਰ ਘਟਨਾ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨਾਲ ਸ਼ਰਮਨਾਕ ਤੇ ਅਪਮਾਨਜਨਕ ਘਟਨਾਵਾਂ ਵਾਪਰਨਾ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ, ਫਿਰ ਭਾਵੇਂ ਉਹ ਮਨੀਪੁਰ ’ਚ ਵਾਪਰਨ, ਰਾਜਸਥਾਨ ਜਾਂ ਦਿੱਲੀ ’ਚ ਵਾਪਰਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਮਹਿੰਗਾਈ ਘਟਾਉਣ ਅਤੇ ਟਮਾਟਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਸਬੰਧੀ ਉਠਾਏ ਗਏ ਕਦਮਾਂ ਬਾਰੇ ਵੀ ਗੱਲ ਕੀਤੀ।