ਅਸੀਂ ਖੁਦ ਪੁਲੀਸ ਨੂੰ ਅੰਮ੍ਰਿਤਪਾਲ ਬਾਰੇ ਜਾਣਕਾਰੀ ਦਿੱਤੀ: ਹਰਜਿੰਦਰ ਸਿੰਘ

ਅਸੀਂ ਖੁਦ ਪੁਲੀਸ ਨੂੰ ਅੰਮ੍ਰਿਤਪਾਲ ਬਾਰੇ ਜਾਣਕਾਰੀ ਦਿੱਤੀ: ਹਰਜਿੰਦਰ ਸਿੰਘ

ਹਰਿਆਣਾ ਪੁਲੀਸ ਨੇ ਬਲਜੀਤ ਕੌਰ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ
ਕੁਰੂਕਸ਼ੇਤਰ/ਸ਼ਾਹਬਾਦ ਮਾਰਕੰਡਾ- ਸ਼ਾਹਬਾਦ ਸਥਿਤ ਸਿਧਾਰਥ ਕਲੋਨੀ ਵਾਸੀ ਬਲਜੀਤ ਕੌਰ ਦੇ ਭਰਾ ਹਰਜਿੰਦਰ ਸਿੰਘ ਨੇ ਪੁਲੀਸ ਹਿਰਾਸਤ ’ਚੋਂ ਬਾਹਰ ਆਉਣ ਮਗਰੋਂ ਮੀਡੀਆ ਸਾਹਮਣੇ ਕਈ ਅਹਿਮ ਖ਼ੁਲਾਸੇ ਕੀਤੇ ਹਨ। ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਰਹਿਣ ਵਾਲਾ ਵਿਅਕਤੀ ਅੰਮ੍ਰਿਤਪਾਲ ਸਿੰਘ ਹੈ ਤਾਂ ਉਹ ਖਾਲਿਸਤਾਨੀ ਜਥੇਬੰਦੀਆਂ ਤੋਂ ਡਰ ਕੇ ਚੁੱਪ ਹੋ ਗਏ ਸਨ ਪਰ ਬੁੱਧਵਾਰ ਨੂੰ ਜਦੋਂ ਉਨ੍ਹਾਂ ਨੇ ਇਹ ਸਾਰੀ ਘਟਨਾ ਲਾਡਵਾ ਦੇ ਐੱਸਡੀਐੱਮ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਦੇ ਸਾਹਮਣੇ ਰੱਖਣ ਦਾ ਸੁਝਾਅ ਦਿੱਤਾ ਸੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ ਦੇ ਘਰ ’ਚ ਪਨਾਹ ਲੈਣ ਦਾ ਹਰਿਆਣਾ ਜਾਂ ਪੰਜਾਬ ਪੁਲੀਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਸੀ, ਪਰ ਉਨ੍ਹਾਂ ਦੋਵਾਂ ਨੇ ਖੁਦ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਅਤੇ ਐੱਸਪੀ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਕੁਰੂਕਸ਼ੇਤਰ ਪੁਲੀਸ ਨੇ ਬੁੱਧਵਾਰ ਰਾਤ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੂੰ ਵੀ ਸੂਚਨਾ ਲਈ ਦੁਬਾਰਾ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਐੱਸਟੀਐੱਫ ਨੇ ਵੀਰਵਾਰ ਸਵੇਰੇ ਹਰਜਿੰਦਰ ਸਿੰਘ ਅਤੇ ਬਲਜੀਤ ਕੌਰ ਤੋਂ ਪੁੱਛ-ਪੜਤਾਲ ਕੀਤੀ। ਪੰਜਾਬ ਐੱਸਟੀਐੱਫ ਨੇ ਵੀਰਵਾਰ ਦੇਰ ਸ਼ਾਮ ਹਰਜਿੰਦਰ ਸਿੰਘ ਨੂੰ ਘਰ ਭੇਜ ਦਿੱਤਾ ਜਦੋਂ ਕਿ ਬਲਜੀਤ ਕੌਰ ਨੂੰ ਪੁੱਛ ਪੜਤਾਲ ਲਈ ਜਲੰਧਰ ਲਿਜਾਇਆ ਗਿਆ। ਹਰਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਹੈ ਕਿ ਜਦੋਂ ਉਸ ਨੇ ਅਤੇ ਉਸ ਦੀ ਭੈਣ ਨੇ ਖੁਦ ਪੁਲੀਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਤਾਂ ਫਿਰ ਉਸ ਦੀ ਭੈਣ ਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਕਿਉਂ ਕੀਤਾ। ਹਰਜਿੰਦਰ ਸਿੰਘ ਦੀ ਮੰਗ ’ਤੇ ਪੁਲੀਸ ਅਧਿਕਾਰੀਆਂ ਨੇ ਸ਼ਾਹਬਾਦ ਦੀ ਸਿਧਾਰਥ ਕਲੋਨੀ ਵਿੱਚ ਭੈਣ-ਭਰਾ ਦੇ ਘਰ ਤੁਰੰਤ ਪੁਲੀਸ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।