ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ: ਭਗਵੰਤ ਮਾਨ

ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ: ਭਗਵੰਤ ਮਾਨ

ਨਹਿਰੀ ਪਾਣੀ ਦੀ ਵਰਤੋਂ ਵਧਾ ਕੇ ਸਬਸਿਡੀ ਦੀ ਬਚੀ ਰਕਮ ਰਾਹੀਂ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦਾ ਐਲਾਨ
ਰੂਪਨਗਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਬੇਲਾ ਚੌਕ ਰੂਪਨਗਰ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਸਰਕਾਰੀ ਹਸਪਤਾਲ ਰੋਡ, ਰਾਮਲੀਲਾ ਗਰਾਊਂਡ ਆਦਿ ਥਾਵਾਂ ਤੋਂ ਹੁੰਦਾ ਹੋਇਆ ਨਗਰ ਕੌਸਲ ਰੂਪਨਗਰ ਦੇ ਦਫਤਰ ਨੇੜੇ ਸਮਾਪਤ ਹੋਇਆ।ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਅੱਜ ਦੇ ਤਾਨਾਸ਼ਾਹ ਸਾਨੂੰ ਜਾਤਾਂ-ਪਾਤਾਂ ਵਿੱਚ ਵੰਡਣ ਨੂੰ ਫਿਰਦੇ ਹਨ। ਨਫਰਤ ਦੀ ਰਾਜਨੀਤੀ ਕਰਦਿਆਂ ਭਰਾ ਨੂੰ ਭਰਾ ਨਾਲ ਤੇ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਇਆ ਜਾ ਰਿਹਾ ਹੈ ਪਰ ਅਸੀਂ ਚੰਮ ਦੀ ਨਹੀਂ ਸਗੋਂ ਕੰਮ ਦੀ ਰਾਜਨੀਤੀ ਕਰਦੇ ਹਾਂ।’’ ਇਸ ਦੌਰਾਨ ਉਨ੍ਹਾਂ ਨਹਿਰੀ ਪਾਣੀ ਦੀ ਵਰਤੋਂ ਵਧਾ ਕੇ ਸਬਸਿਡੀ ਦੀ ਬਚੀ ਰਕਮ ਰਾਹੀਂ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਬਿਜਲੀ ਮੁਆਫੀ, ਸਕੂਲ ਆਫ ਐਮੀਨੈਂਸ ਅਤੇ ਆਮ ਆਦਮੀ ਕਲੀਨਿਕਾਂ ਦੇ ਫਾਇਦੇ ਦੁਹਰਾਏ। ਉਨ੍ਹਾਂ ਕਿਹਾ ਕਿ ਹੁਣ ਸਨਅਤਾਂ ਵਾਸਤੇ ਵੀ ਬਿਜਲੀ ਸਸਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤੋਂ ਪਹਿਲਾਂ ਸਿਰਫ 21 ‌ਫੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਹੁਣ 59 ਫੀਸਦ ਕਰ ਦਿੱਤੀ ਗਈ ਹੈ ਅਤੇ ਅਕਤੂਬਰ ਤੱਕ ਖੇਤਾਂ ਨੂੰ ਪਾਣੀ ਲਾਉਣ ਲਈ 70 ਫੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤਾਂ ਲਈ ਨਹਿਰੀ ਪਾਣੀ ਦੀ ਵਰਤੋਂ ਵਧਣ ਮਗਰੋਂ 14.5 ਲੱਖ ’ਚੋਂ 5 ਤੋਂ 6 ਲੱਖ ਟਿਊਬਵੈੱਲਾਂ ਦੀ ਲੋੜ ਨਹੀਂ ਰਹੇਗੀ ਤੇ ਇਹ ਟਿਊਬਵੈੱਲ ਬੰਦ ਹੋਣ ਨਾਲ ਬਿਜਲੀ ’ਤੇ ਦਿੱਤੀ ਜਾਂਦੀ ਸਬਸਿਡੀ ਦੀ ਰਕਮ ਬਚੇਗੀ।