ਅਲਵਿਦਾ 2022: ਕਿਸਾਨ ਅੰਦੋਲਨ ਟੁੱਟ ਭੱਜ ਤੋਂ ਬਾਅਦ ਮੁੜ ਏਕਤਾ ਵੱਲ..!

ਅਲਵਿਦਾ 2022: ਕਿਸਾਨ ਅੰਦੋਲਨ ਟੁੱਟ ਭੱਜ ਤੋਂ ਬਾਅਦ ਮੁੜ ਏਕਤਾ ਵੱਲ..!

ਵਿਧਾਨ ਸਭਾ ਚੋਣਾਂ ਲੜਨ ਕਾਰਨ ਕਿਸਾਨ ਆਗੂਆਂ ਦੇ ਅਕਸ ਨੂੰ ਠੇਸ; ਜ਼ੀਰਾ ਅੰਦੋਲਨ ਤੈਅ ਕਰੇਗਾ ਕਿਸਾਨ ਜਥੇਬੰਦੀਆਂ ਦਾ ਭਵਿੱਖ
ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ ਅੰਦੋਲਨਾਂ ਦੀ ਛਵੀ ਲਈ ਚਾਲੂ ਵਰ੍ਹਾ ਖੱਟਾ ਮਿੱਠਾ ਰਿਹਾ। 2022 ਦੀ ਸ਼ੁਰੂਆਤ ਹੀ ਸੰਯੁਕਤ ਕਿਸਾਨ ਮੋਰਚੇ ਦੀ ਟੁੱਟ ਭੱਜ ਨਾਲ ਹੋਈ, ਜਦਕਿ ਵਰ੍ਹੇ ਦੇ ਅਖੀਰ ਤੱਕ ਦੂਰੀਆਂ ਮਿਟਦੀਆਂ ਨਜ਼ਰ ਆਈਆਂ। ਦਿੱਲੀ ਵਿੱਚ ਚੱਲੇ ਕਿਸਾਨ ਘੋਲ ਨੇ ਕਿਸਾਨ ਲੀਡਰਸ਼ਿਪ ਨੂੰ ਸਿਖਰਾਂ ’ਤੇ ਪਹੁੰਚਾਇਆ ਸੀ, ਜਦਕਿ ਇਸ ਵਰ੍ਹੇ ਕਿਸਾਨ ਆਗੂਆਂ ਦੀ ਛਵੀ ਨੂੰ ਖੋਰਾ ਲੱਗਿਆ। ਦਿੱਲੀ ਮੋਰਚੇ ’ਚ ਕਿਸਾਨ ਧਿਰਾਂ ਦਾ ਏਕਾ, ਜੋ ਆਪਣੇ ਆਪ ਵਿਚ ਮਿਸਾਲ ਬਣਿਆ, ਉਸ ਨੇ ਨਵੇਂ ਵਰ੍ਹੇ ਵਿਚ ਪੰਜਾਬੀਆਂ ਨੂੰ ਨਿਰਾਸ਼ ਕੀਤਾ। ਇਸ ਵਰ੍ਹੇ ਕਿਸਾਨ ਧਿਰਾਂ ਵਿੱਚ ਅੰਦੋਲਨ ਕਰਨ ਦਾ ਆਪਸੀ ਮੁਕਾਬਲਾ ਵੀ ਬਣਿਆ ਰਿਹਾ। ਆਮ ਲੋਕਾਂ ਨੇ ਸੜਕਾਂ ਰੋਕੇ ਜਾਣ ’ਤੇ ਕਿਸਾਨ ਧਿਰਾਂ ਦੀ ਭੂਮਿਕਾ ’ਤੇ ਉਂਗਲ ਵੀ ਉਠਾਈ। ਪੰਜਾਬ ਵਿੱਚ ਕੁਝ ਕਿਸਾਨ ਧਿਰਾਂ ਦੀ ਸੜਕਾਂ ਰੋਕੇ ਜਾਣ ਦੇ ਦਿੱਤੇ ਪ੍ਰੋਗਰਾਮ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਲੋਚਨਾ ਵੀ ਹੋਈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੁਝ ਕਿਸਾਨ ਧਿਰਾਂ ਦੇ ਉਤਰਨ ਨਾਲ ਸਭ ਤੋਂ ਵੱਡਾ ਝਟਕਾ ਲੱਗਿਆ ਸੀ। ਐਨ ਚੋਣਾਂ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ’ਚ ਕਰੀਬ ਡੇਢ ਦਰਜਨ ਕਿਸਾਨ ਧਿਰਾਂ ਨੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ। ਜਿਉਂ ਹੀ ਰਾਜੇਵਾਲ ਨੇ ਚੋਣਾਂ ’ਚ ਉਤਰਨ ਦਾ ਐਲਾਨ ਕੀਤਾ ਤਾਂ ਉਸ ਮਗਰੋਂ ਇੱਕ-ਇੱਕ ਕਰ ਕੇ ਕਈ ਕਿਸਾਨ ਧਿਰਾਂ ਵੱਖ ਹੋਈਆਂ। ਚੋਣਾਂ ਵਿਚ ਕਿਸਾਨ ਧਿਰਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਜਾਂ ਕਹਿ ਲਓ ਕਿ ਆਮ ਲੋਕਾਂ ਨੂੰ ਕਿਸਾਨ ਆਗੂਆਂ ਦਾ ਚੋਣਾਂ ਲੜਨ ਦਾ ਫ਼ੈਸਲਾ ਪਸੰਦ ਨਹੀਂ ਆਇਆ। ਇਸ ਹਾਰ ਪਿੱਛੋਂ ਸਮੁੱਚੀ ਕਿਸਾਨੀ ਦੀ ਪੈਂਠ ਨੂੰ ਝਟਕਾ ਲੱਗਿਆ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਜੋ ਕਿ ਦਿੱਲੀ ਅੰਦੋਲਨ ’ਚ ਕੌਮੀ ਨੇਤਾ ਵਜੋਂ ਉਭਰੇ ਸਨ, ਦੀ ਸਾਖ ਨੂੰ ਖੋਰਾ ਲੱਗਾ। ਦਿੱਲੀ ਅੰਦੋਲਨ ’ਚੋਂ ਵਾਪਸ ਆਈਆਂ ਕਿਸਾਨ ਜਥੇਬੰਦੀਆਂ ਦਾ ਆਪਸੀ ਏਕਤਾ ਦਾ ਅਲਾਪ ਪੰਜਾਬ ਦੀ ਧਰਤੀ ’ਤੇ ਆ ਕੇ ਮੱਧਮ ਪੈਂਦਾ ਨਜ਼ਰ ਆਇਆ। ਇਸ ਰੁਝਾਨ ਕਾਰਨ ਕੇਂਦਰ ਸਰਕਾਰ ਨੇ ਬਕਾਇਆ ਮੰਗਾਂ ਨੂੰ ਫੌਰੀ ਮੰਨਣ ਤੋਂ ਪਾਸਾ ਵੱਟ ਲਿਆ। ਇਸੇ ਵਰ੍ਹੇ ਵਿਚ ਬਲਬੀਰ ਸਿੰਘ ਰਾਜੇਵਾਲ ਨੇ ਪੰਜ ਕਿਸਾਨ ਧਿਰਾਂ ਦੀ ਅਗਵਾਈ ਵਾਲਾ ਵੱਖਰਾ ਮੋਰਚਾ ਬਣਾਇਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਇਸ ਵਰ੍ਹੇ ਵਿਚ ਕਿਸਾਨ ਆਗੂਆਂ ਦੀਆਂ ਦਰਾੜਾਂ ਦੂਰ ਕਰਨ ਵਿਚ ਜੁੱਟਿਆ ਰਿਹਾ। ਮੁੱਲਾਂਪੁਰ ਕਿਸਾਨ ਧਿਰਾਂ ਦੀਆਂ ਮੀਟਿੰਗਾਂ ਦਾ ਮੁੱਖ ਕੇਂਦਰ ਉਭਰ ’ਕੇ ਸਾਹਮਣੇ ਆਇਆ।

ਸੰਯੁਕਤ ਕਿਸਾਨ ਮੋਰਚਾ ਨੇ ਪਾਟੋਧਾੜ ਹੋਈਆਂ ਧਿਰਾਂ ਨੂੰ ਨਾਲ ਲਾਉਣ ਵਿਚ ਸਫ਼ਲਤਾ ਹਾਸਲ ਕੀਤੀ ਪਰ ਜਗਜੀਤ ਸਿੰਘ ਡੱਲੇਵਾਲ ਅਤੇ ਬਲਵੀਰ ਸਿੰਘ ਰਾਜੇਵਾਲ ਪ੍ਰਮੁੱਖ ਸੰਯੁਕਤ ਕਿਸਾਨ ਮੋਰਚਾ ਤੋਂ ਲਾਂਭੇ ਹੀ ਰਹੇ। ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਬਣਾਇਆ ਅਤੇ ਡੱਲੇਵਾਲ ਦਾਅਵਾ ਕਰਦੇ ਹਨ ਕਿ ਉਨ੍ਹਾਂ ਨਾਲ ਕਰੀਬ 16 ਕਿਸਾਨ ਧਿਰਾਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸਾਲ ਦੇ ਸ਼ੁਰੂ ਵਿਚ ਹੀ ਕਿਸਾਨ ਧਿਰਾਂ ਵਿਚ ਖਿੱਚੀ ਗਈ ਲਕੀਰ ਨੂੰ ਮੇਟਣ ਦੇ ਯਤਨ ਕੀਤੇ। ਕੇਂਦਰ ਸਰਕਾਰ ਵੱਲੋਂ ਜੋ ਐੱਮਐੱਸਪੀ ਲਈ ਕਮੇਟੀ ਦਾ ਗਠਨ ਕੀਤਾ ਗਿਆ, ਉਸ ਵਿਚ ਸੰਯੁਕਤ ਕਿਸਾਨ ਮੋਰਚਾ ਨੇ ਸ਼ਮੂਲੀਅਤ ਕਰਨ ਤੋਂ ਇਨਕਾਰ ਵੀ ਕੀਤਾ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਕਿਸਾਨੀ ਮੰਗਾਂ ਸਬੰਧੀ ਪ੍ਰਦਰਸ਼ਨ ਵੀ ਕੀਤੇ ਅਤੇ ਫ਼ਰੀਦਕੋਟ ਵਿਚ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਵੀ ਰੱਖਿਆ, ਜਿਸ ਨੂੰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁੱਲ੍ਹਵਾਇਆ।ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਪੱਖੋਂ ਕੈਂਚੀਆਂ ਦਾ ਟੌਲ ਖੁੱਲ੍ਹਵਾਇਆ ਹੋਇਆ ਹੈ। ਬੀ.ਕੇ.ਯੂ ਲੱਖੋਵਾਲ ਨੇ ਵੀ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਸਰਗਰਮੀ ਰੱਖੀ। ਇਸ ਵਰ੍ਹੇ ਦਾ ਮੁੱਖ ਮੁੱਦਾ ਹੁਣ ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿਚਲੀ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਚੱਲ ਰਿਹਾ ਅੰਦੋਲਨ ਬਣਿਆ ਹੈ। 24 ਜੁਲਾਈ ਨੂੰ ਆਸ-ਪਾਸ ਦੇ ਪਿੰਡਾਂ ਨੇ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਮੋਰਚੇ ਦੀ ਅਣਦੇਖੀ ਕਰ ਦਿੱਤੀ। ਪੁਲੀਸ ਨੇ ਪੱਕਾ ਮੋਰਚਾ ਹਟਾਉਣ ਲਈ 18 ਦਸੰਬਰ ਨੂੰ ਲਾਠੀਚਾਰਜ ਕਰ ਦਿੱਤਾ ਅਤੇ ਇਨ੍ਹਾਂ ਦਿਨਾਂ ਦੌਰਾਨ 45 ਕਿਸਾਨਾਂ ਨੂੰ ਪੁਲੀਸ ਕੇਸ ਦਰਜ ਕਰ ਕੇ ਜੇਲ੍ਹ ਭੇਜਿਆ ਗਿਆ। ਸਾਲ ਦੇ ਸ਼ੁਰੂ ਵਿਚ ਕਿਸਾਨ ਧਿਰਾਂ ’ਤੇ ਉੱਠੀ ਉਂਗਲ ਜ਼ੀਰਾ ਅੰਦੋਲਨ ਨੇ ਕਾਫੀ ਹੱਦ ਤੱਕ ਨਿਵਾ ਦਿੱਤੀ ਹੈ। ਜ਼ੀਰਾ ਅੰਦੋਲਨ ਹੀ ਹੁਣ ਕਿਸਾਨ ਧਿਰਾਂ ਦਾ ਭਵਿੱਖ ਤੈਅ ਕਰੇਗਾ।

ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਪ੍ਰਦੂਸ਼ਣ ਅਤੇ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀਆਂ ਪਾਏ ਜਾਣ ਦਾ ਮੁੱਦਾ ਵੀ ਛਾਇਆ ਰਿਹਾ। ਕਿਸਾਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ 30 ਫੀਸਦੀ ਘੱਟ ਪਰਾਲੀ ਨੂੰ ਅੱਗਾਂ ਲਾਈਆਂ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਸੰਘਰਸ਼

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਰ੍ਹੇ ਵਿਚ ਵੱਖ-ਵੱਖ ਕਿਸਾਨ ਧਿਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਕੁਝ ਮੰਗਾਂ ਵੀ ਮੰਨੀਆਂ ਪਰ ਲਾਗੂ ਨਾ ਹੋਣ ਕਰ ਕੇ ਕਿਸਾਨਾਂ ਨੂੰ ਘੋਲ ਕਰਨਾ ਪਿਆ। ਮੁੱਖ ਮੰਤਰੀ ਨੇ ਇਸੇ ਵਰ੍ਹੇ ਵਿਚ ਕੁਝ ਕਿਸਾਨ ਧਿਰਾਂ ਨੂੰ ਆੜੇ ਹੱਥੀਂ ਵੀ ਲਿਆ ਅਤੇ ਨਾਲ ਹੀ ਸੜਕਾਂ ’ਤੇ ਆਮ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਦੀ ਅਪੀਲ ਕਰਦਿਆਂ ਕਿਸਾਨ ਧਿਰਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਅਤੇ ਵਜ਼ੀਰਾਂ ਆਦਿ ਦੇ ਘਰ ਅੱਗੇ ਧਰਨੇ ਦੇਣ ਦੀ ਖੁੱਲ੍ਹ ਵੀ ਦੇ ਦਿੱਤੀ। ਪੰਜਾਬ ਦੇ ਸਨਅਤਕਾਰਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਸਾਫ਼ ਆਖਿਆ ਕਿ ਪੰਜਾਬ ਵਿਚ ਧਰਨੇ ਮੁਜ਼ਾਹਰੇ ਲੱਗਣ ਕਰ ਕੇ ਨਿਵੇਸ਼ ਲਈ ਮਾਹੌਲ ਨਹੀਂ ਰਿਹਾ ਹੈ ਅਤੇ ਉਨ੍ਹਾਂ ਨੇ ਮਾਹੌਲ ਸਿਰਜਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਸੰਘਰਸ਼ੀਆਂ ਦੇ ਨਾਲ ਕਈ ਵਾਰੀ ਸਹਿਮਤੀ ਤੇ ਕਈ ਵਾਰੀ ਅਸਹਿਮਤੀ ਦੇ ਰਾਹ ’ਤੇ ਚਲਦੀ ਰਹੀ।

ਉਗਰਾਹਾਂ ਧੜੇ ਨੇ ਪਾਣੀਆਂ ਤੇ ਪ੍ਰਦੂਸ਼ਣ ਮੁੱਦੇ ’ਤੇ ਅੰਦੋਲਨ ਵਿੱਢਿਆ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਾਣੀਆਂ ਅਤੇ ਪ੍ਰਦੂਸ਼ਣ ਦੇ ਮੁੱਦੇ ’ਤੇ ਇਸ ਵਰ੍ਹੇ ਵਿਚ ਅੰਦੋਲਨ ਵਿੱਢਿਆ। ਵਿਧਾਨ ਸਭਾ ਚੋਣਾਂ ਵੇਲੇ ਫਰਵਰੀ ਦੌਰਾਨ ਬਰਨਾਲਾ ਵਿਚ ਉਗਰਾਹਾਂ ਧੜੇ ਨੇ ਵੱਡੀ ਲੋਕ ਕਲਿਆਣ ਰੈਲੀ ਕੀਤੀ, ਜਿਸ ਵਿਚ ਲੋਕਾਂ ਨੂੰ ਸੰਘਰਸ਼ੀ ਰਾਹ ਦਾ ਸੱਦਾ ਦਿੱਤਾ। ਇਸ ਰੈਲੀ ਵਿਚ ਲੋਕਾਂ ਨੂੰ ਆਪੋ-ਆਪਣੀ ਮਰਜ਼ੀ ਨਾਲ ਵੋਟ ਇਸਤੇਮਾਲ ਕਰਨ ਦੀ ਖੁੱਲ੍ਹ ਵੀ ਦਿੱਤੀ। ਬੀ.ਕੇ.ਯੂ (ਉਗਰਾਹਾਂ) ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ 21 ਦਿਨ ਘਿਰਾਓ ਵੀ ਕੀਤਾ। ਉਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਵੱਖ-ਵੱਖ ਫੈਕਟਰੀਆਂ ਅਤੇ ਐਕਸੀਅਨ ਦਫ਼ਤਰਾਂ ਅੱਗੇ ਪੰਜ ਦਿਨ ਧਰਨੇ ਵੀ ਦਿੱਤੇ। ਉਗਰਾਹਾਂ ਧੜੇ ਨੇ ਪਾਣੀਆਂ ਅਤੇ ਪ੍ਰਦੂਸ਼ਣ ਦੇ ਮੁੱਦੇ ’ਤੇ ਮੋਰਚਾ ਖੋਲ੍ਹੀ ਰੱਖਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹੋਂਦ ਕਾਇਮ ਕੀਤੀ

ਪੰਜਾਬ ਵਿਚ ਇਸੇ ਵਰ੍ਹੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਝੇ ਤੇ ਦੁਆਬੇ ਵਿਚ ਆਪਣੀ ਵੱਖਰੀ ਹੋਂਦ ਕਾਇਮ ਕੀਤੀ। ਇਸ ਵੇਲੇ ਵੀ ਇਸ ਸੰਘਰਸ਼ ਕਮੇਟੀ ਨੇ ਕਾਫੀ ਟੌਲ ਪਲਾਜ਼ਿਆਂ ’ਤੇ ਧਰਨੇ ਦਿੱਤੇ ਹੋਏ ਹਨ ਅਤੇ ਟੌਲ ਮੁਕਤ ਕੀਤੇ ਹੋਏ ਹਨ। ਕਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੀ ਧਰਨੇ ਦਿੱਤੇ ਹੋਏ ਹਨ।