ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ: ਅਮਰੀਕਾ

ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ: ਅਮਰੀਕਾ

ਚੀਨ ਵੱਲੋਂ ਥਾਵਾਂ ਦੇ ਨਾਮ ਬਦਲ ਕੇ ਭਾਰਤੀ ਸਰਜ਼ਮੀਨ ’ਤੇ ਦਾਅਵਾ ਜਤਾਉਣ ਦੀ ਕਾਰਵਾਈ ਦਾ ਕੀਤਾ ਵਿਰੋਧ
ਵਾਸ਼ਿੰਗਟਨ – ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਅਟੁੱਟ ਅੰਗ ਵਜੋਂ ਮਾਨਤਾ ਦਿੰਦਿਆਂ ਥਾਵਾਂ ਦੇ ਨਾਮ ਬਦਲ ਕੇ ਕਿਸੇ ਦੂਜੇ ਮੁਲਕ ਦੀ ਸਰਜ਼ਮੀਨ ’ਤੇ ਕਬਜ਼ੇ ਦੀ ਕਿਸੇ ਵੀ ਇਕਤਰਫ਼ਾ ਕੋਸ਼ਿਸ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਪੇਈਚਿੰਗ ਨੇ ਲੰਘੇ ਦਿਨੀਂ ਅਰੁਣਾਚਲ ਪ੍ਰਦੇਸ਼ ਦੀਆਂ 11 ਹੋਰ ਥਾਵਾਂ ਲਈ ਚੀਨੀ ਨਾਵਾਂ ਦਾ ਐਲਾਨ ਕੀਤਾ ਸੀ ਤੇ ਅਮਰੀਕਾ ਦਾ ਉਪਰੋਕਤ ਪ੍ਰਤੀਕਰਮ ਇਸੇ ਸੰਦਰਭ ਵਿੱਚ ਹੈ। ਚੇਤੇ ਰਹੇ ਕਿ ਚੀਨ ਦਾਅਵਾ ਕਰਦਾ ਨਹੀਂ ਥੱਕਦਾ ਕਿ ਅਰੁਣਾਚਲ ਪ੍ਰਦੇਸ਼ ਉਸ ਦੇ ਕਬਜ਼ੇ ਵਾਲੇ ਤਿੱਬਤ ਦਾ ਦੱਖਣੀ ਹਿੱਸਾ ਹੈ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਆਪਣੀ ਨਿਯਮਤ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘‘ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਲੰਮੇ ਸਮੇਂ ਤੋਂ ਭਾਰਤ ਦੇ ਅਟੁੱਟ ਅੰਗ ਵਜੋਂ ਮਾਨਤਾ ਦਿੰਦਾ ਆਇਆ ਹੈ। ਅਸੀਂ ਨਾਮ ਬਦਲ ਕੇ ਕਿਸੇ ਦੂਜੇ ਦੀ ਸਰਜ਼ਮੀਨ ’ਤੇ ਆਪਣਾ ਦਾਅਵਾ ਜਤਾਉਣ ਦੀ ਕਿਸੇ ਵੀ ਇਕਤਰਫ਼ਾ ਕਾਰਵਾਈ ਦਾ ਸਖ਼ਤ ਵਿਰੋਧ ਕਰਦੇ ਹਾਂ।’’ ਭਾਰਤ ਨੇ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਵੇਂ (ਚੀਨੀ) ਨਾਮ ਰੱਖਣ ਦੀ ਕਾਰਵਾਈ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਰ ਬਾਗਚੀ ਨੇ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਹੈ ਤੇ ਨਵੇਂ ਘੜੇ ਨਾਵਾਂ ਨਾਲ ਇਸ ਸੱਚਾਈ ਨੂੰ ਨਹੀਂ ਬਦਲਿਆ ਜਾ ਸਕਦਾ।

ਚੀਨ ਦੇ ਸਿਵਲ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਅਰੁਣਾਚਲ ਪ੍ਰਦੇਸ਼ ਲਈ ਜਾਰੀ ਨਵੇਂ ਭੂਗੋਲਿਕ ਨਾਮ, ਗੁਆਂਢੀ ਮੁਲਕ ਵੱਲੋਂ ਕੀਤੀ ਤੀਜੀ ਕੋਸ਼ਿਸ਼ ਹੈ। ਇਸ ਤੋੋਂ ਪਹਿਲਾਂ ਸਾਲ 2017 ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ ਛੇ ਥਾਵਾਂ ਲਈ ਚੀਨੀ ਨਾਵਾਂ ਵਾਲਾ ਪਹਿਲੇ ਬੈਚ ਜਾਰੀ ਕੀਤਾ ਗਿਆ ਸੀ। ਦੂਜੀ ਵਾਰ 15 ਹੋਰ ਥਾਵਾਂ ਦੇ ਨਾਮ ਸਾਲ 2021 ਵਿੱਚ ਰਿਲੀਜ਼ ਕੀਤੇ ਗੲੇ ਸਨ। ਚੀਨ ਦੇ ਸਿਵਲ ਮਾਮਲਿਆਂ ਬਾਰੇ ਮੰਤਰਾਲੇ ਨੇ ਐਤਵਾਰ ਨੂੰ 11 ਥਾਵਾਂ ਦੇ ਅਧਿਕਾਰਤ ਨਾਮ ਜਾਰੀ ਕੀਤੇ ਹਨ। ਸਰਕਾਰੀ ਖ਼ਬਰ ਏਜੰਸੀ ਗਲੋਬਲ ਟਾਈਮਜ਼ ਨੇ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਸੀ ਕਿ ਮੰਤਰਾਲੇ ਨੇ ਇਨ੍ਹਾਂ 11 ਥਾਵਾਂ ਨੂੰ ਅੱਗੇ ਦੋ ਜ਼ਮੀਨੀ ਖੇਤਰਾਂ, ਦੋ ਰਿਹਾਇਸ਼ੀ ਇਲਾਕੇ, ਪੰਜ ਪਹਾੜੀ ਚੋਟੀਆਂ ਤੇ ਦੋ ਨਦੀਆਂ ਵਜੋਂ ਪਛਾਣ ਦਿੱਤੀ ਸੀ।