ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ: ਅਮਰੀਕੀ ਸੈਨੇਟ

ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ: ਅਮਰੀਕੀ ਸੈਨੇਟ

ਡੈਮੋਕਰੈਟ ਤੇ ਰਿਪਬਲਿਕਨ ਮੈਂਬਰਾਂ ਨੇ ਸਾਂਝੇ ਤੌਰ ’ਤੇ ਪੇਸ਼ ਕੀਤਾ ਮਤਾ
ਵਾਸ਼ਿੰਗਟਨ- ਅਮਰੀਕੀ ਸੈਨੇਟ ’ਚ ਸਰਬਸੰਮਤੀ ਨਾਲ ਇਕ ਮਤਾ ਪੇਸ਼ ਕਰ ਕੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਹਿੱਸਾ ਦੱਸਿਆ ਗਿਆ ਹੈ। ਇਹ ਮਤਾ ਚੀਨ ਦੇ ਹਮਲਾਵਰ ਰਵੱਈਏ ਵਿਰੁੱਧ ਹੈ ਜੋ ਕਿ ਅਸਲ ਕੰਟਰੋਲ ਰੇਖਾ ’ਤੇ ਵਰਤਮਾਨ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਤੇ ਵਿਚ ਚੀਨ ਦੀਆਂ ਭੜਕਾਊ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ ਹੈ ਜਿਨ੍ਹਾਂ ਵਿਚ ਉੱਥੋਂ ਦੀ ਫ਼ੌਜ ਵੱਲੋਂ ਐਲਏਸੀ ’ਤੇ ਇਕਪਾਸੜ ਬਦਲਾਅ ਦੀ ਕੋਸ਼ਿਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਵਿਵਾਦਤ ਇਲਾਕਿਆਂ ਵਿਚ ਪਿੰਡ ਵਸਾਉਣ, ਅਰੁਣਾਚਲ ਪ੍ਰਦੇਸ਼ ਦੇ ਸ਼ਹਿਰਾਂ ਤੇ ਹੋਰ ਵਿਸ਼ੇਸ਼ਤਾਵਾਂ ਨਾਲ ਸਬੰਧਤ ਨਕਸ਼ੇ ਮੰਦਾਰਿਨ ਭਾਸ਼ਾ ਵਿਚ ਪ੍ਰਕਾਸ਼ਿਤ ਕਰਨ ਆਦਿ ਦੀ ਨਿਖੇਧੀ ਕੀਤੀ ਗਈ ਹੈ। ਮਤੇ ਵਿਚ ਪੇਈਚਿੰਗ ਵੱਲੋਂ ਭੂਟਾਨ ’ਚ ਜ਼ਮੀਨ ’ਤੇ ਦਾਅਵੇ ਜਤਾਉਣ ਦੀ ਆਲੋਚਨਾ ਵੀ ਸ਼ਾਮਲ ਹੈ। ਸੈਨੇਟ ਵਿਚ ਪੇਸ਼ ਮਤੇ ਮੁਤਾਬਕ ਚੀਨ ਅਰੁਣਾਚਲ ਨੂੰ ਆਪਣਾ ਖੇਤਰ ਦੱਸਦਾ ਹੈ ਤੇ ਇਸ ਨੂੰ ‘ਦੱਖਣੀ ਤਿੱਬਤ’ ਕਹਿੰਦਾ ਹੈ। ਉਸ ਨੇ ਇਨ੍ਹਾਂ ਦਾਅਵਿਆਂ ਨੂੰ ਹਮਲਾਵਰ ਤੇ ਵਿਸਤਾਰਵਾਦੀ ਨੀਤੀਆਂ ਰਾਹੀਂ ਹੋਰ ਤਿੱਖਾ ਕੀਤਾ ਹੈ। ਡੈਮੋਕਰੈਟਿਕ ਤੇ ਰਿਪਬਲਿਕਨ ਪਾਰਟੀ ਵੱਲੋਂ ਸਾਂਝੇ ਤੌਰ ਉਤੇ ਪੇਸ਼ ਕੀਤੇ ਗਏ ਮਤੇ ਵਿਚ ਕਿਹਾ ਗਿਆ ਹੈ ਕਿ, ‘ਅਮਰੀਕਾ ਅਰੁਣਾਚਲ ਪ੍ਰਦੇਸ਼ ਸੂਬੇ ਨੂੰ ਵਿਵਾਦਤ ਖੇਤਰ ਨਹੀਂ ਮੰਨਦਾ, ਇਹ ਭਾਰਤ ਦਾ ਅਟੁੱਟ ਅੰਗ ਹੈ।’ ਸੈਨੇਟ ਵਿਚ ਮਤਾ ਡੈਮੋਕਰੈਟ ਜੈੱਫ ਮਰਕਲੇ ਤੇ ਰਿਪਬਲਿਕਨ ਬਿਲ ਹਗਰਟੀ ਨੇ ਪੇਸ਼ ਕੀਤਾ ਸੀ। ਇੰਡੀਆ ਕਾਕਸ ਦੇ ਕੋ-ਚੇਅਰ ਸੈਨੇਟਰ ਜੌਹਨ ਕੌਰਨਿਨ ਨੇ ਵੀ ਇਸ ਮਤੇ ਦਾ ਸਮਰਥਨ ਕੀਤਾ। ਸੈਨੇਟ ਦੇ ਮਤੇ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਮੈਕਮੋਹਨ ਰੇਖਾ ਨੂੰ ਚੀਨ ਤੇ ਭਾਰਤੀ ਸੂਬੇ ਅਰੁਣਾਚਲ ਪ੍ਰਦੇਸ਼ ਦਰਮਿਆਨ ਕੌਮਾਂਤਰੀ ਸਰਹੱਦ ਮੰਨਦਾ ਹੈ। ਚੀਨ ਬਾਰੇ ਕਾਂਗਰੈੈਸ਼ਨਲ-ਐਗਜ਼ੈਕਟਿਵ ਕਮਿਸ਼ਨ ਦੇ ਕੋ-ਚੇਅਰ ਮਰਕਲੇ ਨੇ ਕਿਹਾ ਕਿ ਅਮਰੀਕਾ ਆਜ਼ਾਦੀ ਤੇ ਨੇਮ ਅਧਾਰਿਤ ਵਿਵਸਥਾ ਨਾਲ ਜੁੜੀਆਂ ਕਦਰਾਂ-ਕੀਮਤਾਂ ਦਾ ਪੱਖ ਪੂਰਦਾ ਹੈ। ਇਨ੍ਹਾਂ ਨੂੰ ਹੀ ਦੁਨੀਆ ਭਰ ਵਿਚ ਸਾਡੇ ਸਾਰੇ ਕਦਮਾਂ ਤੇ ਰਿਸ਼ਤਿਆਂ ਦੇ ਕੇਂਦਰ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਚੀਨ ਵੱਲੋਂ ‘ਬਦਲਵਾਂ ਦ੍ਰਿਸ਼ਟੀਕੋਣ’ ਰੱਖਣ ਦਾ ਵੀ ਜ਼ਿਕਰ ਕੀਤਾ। ਸੈਨੇਟਰ ਬਿਲ ਨੇ ਕਿਹਾ, ‘ਉਸ ਸਮੇਂ ਜਦ ਚੀਨ ਹਿੰਦ-ਪ੍ਰਸ਼ਾਂਤ ਵਿਚ ਚੁਣੌਤੀ ਬਣ ਰਿਹਾ ਹੈ, ਇਹ ਮਹੱਤਵਪੂਰਨ ਹੈ ਕਿ ਅਮਰੀਕਾ ਖਿੱਤੇ ਵਿਚ ਆਪਣੇ ਰਣਨੀਤਕ ਭਾਈਵਾਲਾਂ, ਵਿਸ਼ੇਸ਼ ਤੌਰ ’ਤੇ ਭਾਰਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ।’