ਅਰਨੌਲੀ ਮਾਈਨਰ ਵਿੱਚ 20 ਫੁੱਟ ਪਾੜ ਪਿਆ

ਅਰਨੌਲੀ ਮਾਈਨਰ ਵਿੱਚ 20 ਫੁੱਟ ਪਾੜ ਪਿਆ

ਦੇਵੀਗੜ੍ਹ- ਇੱਥੋਂ ਥੋੜ੍ਹੀ ਦੂਰ ਪਿੰਡ ਸ੍ਰੀ ਨਗਰ ਬੁਢਣਪੁਰ ਨੇੜੇ ਨਵੇਂ ਬਣੇ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁਬ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਸ੍ਰੀ ਨਗਰ ਉਰਫ ਬੁੱਢਣਪੁਰ ਸੁਰਕੜਾ ਫਾਰਮ ਨੇੜੇ ਅਰਨੌਲੀ ਮਾਈਨਰ ਵਿੱਚ ਮੀਂਹ ਦਾ ਪਾਣੀ ਜ਼ਿਆਦਾ ਆਉਣ ਕਾਰਨ ਲਗਭਗ 20 ਫੁੱਟ ਪਾੜ ਪੈ ਗਿਆ ਹੈ। ਇਸ ਕਾਰਨ ਕਸਬਾ ਭੁਨਰਹੇੜੀ ਵਾਲੇ ਪਾਸੇ ਕਈ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।
ਇਸ ਸਬੰਧੀ ਗੁਰਜੀਤ ਸਿੰਘ ਨੇ ਦੱਸਿਆ ਕਿ ਰਜਵਾਹੇ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਹੀ ਆਸ-ਪਾਸ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਇਸ ਨਵੇਂ ਬਣੇ ਰਜਵਾਹੇ ਦੀਆਂ ਸਲੈਬਾਂ ਵਿੱਚ ਤਰੇੜਾਂ ਪੈ ਗਈਆਂ ਹਨ। ਇਸ ਵਿੱਚ ਪਾਣੀ ਛੱਡਿਆ ਗਿਆ ਤਾਂ ਫ਼ਸਲਾਂ ਦਾ ਨੁਕਸਾਨ ਕਰੇਗਾ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਭਾਰੀ ਬਾਰਸ਼ ਪੈ ਰਹੀ ਤਾਂ ਇਸ ਰਜਵਾਹੇ ਵਿੱਚ ਪਾਣੀ ਆਉਣ ਕਾਰਨ ਦੋ ਸਲੈਬਾਂ ਰੁੜ ਗਈਆਂ ਹਨ ਅਤੇ ਵੱਡਾ ਪਾੜ ਪੈ ਗਿਆ ਹੈ। ਇਸ ਕਾਰਨ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਇਸ ਪਾੜ ਨੂੰ ਦੇਖਣ ਲਈ ਅਜੇ ਤੱਕ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਜੇ ਇਹ ਪਾੜ ਇਸੇ ਤਰ੍ਹਾਂ ਹੀ ਰਿਹਾ ਤਾਂ ਵੱਡੇ ਰਕਬੇ ਵਿੱਚ ਫ਼ਸਲ ਤਬਾਹ ਹੋ ਜਾਵੇਗੀ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾੜ ਨੂੰ ਜਲਦੀ ਬੰਦ ਕਰਨ ਦੀ ਮੰਗ ਕੀਤੀ ਹੈ।