ਅਰਦਾਸ ਦੌਰਾਨ ਹਰਿਆਣਾ ਤੇ ਸ਼੍ਰੋਮਣੀ ਕਮੇਟੀ ਸਮਰਥਕ ਹੱਥੋਪਾਈ

ਅਰਦਾਸ ਦੌਰਾਨ ਹਰਿਆਣਾ ਤੇ ਸ਼੍ਰੋਮਣੀ ਕਮੇਟੀ ਸਮਰਥਕ ਹੱਥੋਪਾਈ

ਸ਼ੁਕਰਾਨੇ ਲਈ ਕਰਵਾਈ ਅਰਦਾਸ ਮੌਕੇ ਮਾਈਕ ਖੋਹਣ ਤੋਂ ਹੋਇਆ ਹੰਗਾਮਾ; ਪੁਲੀਸ ਨੇ ਸ਼੍ਰੋਮਣੀ ਕਮੇਟੀ ਸਮਰਥਕਾਂ ਨੂੰ ਕੱਢਿਆ ਬਾਹਰ
ਕੁਰੂਕਸੇਤਰ : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਦਰਮਿਆਨ ਅੱਜ ਗੁਰਦੁਆਰੇ ਵਿਚ ਹੱਥੋਪਾਈ ਹੋ ਗਈ। ਵਿਵਾਦ ਵਧਣ ਤੋਂ ਬਾਅਦ ਪੁਲੀਸ ਨੇ ਇਕ ਧਿਰ ਦੇ ਸਮਰਥਕਾਂ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸਣੇ 14 ਜਣਿਆਂ ਖਿਲਾਫ ਸ਼ਿਕਾਇਤ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ, ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਮੈਂਬਰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਦੀ ਸੇਵਾ ਸੰਭਾਲਣ ਤੋਂ ਬਾਅਦ ਸੁਕਰਾਨਾ ਅਰਦਾਸ ਕਰਨ ਪੁੱਜੇ ਸਨ। ਦੀਵਾਨ ਦੌਰਾਨ ਹੀ ਗੁਰੂਘਰ ਦੀ ਸੇਵਾ ਸੰਭਾਲਣ ਦਾ ਵਿਰੋਧ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਸਮਰਥਕਾਂ ਅਤੇ ਉਨ੍ਹਾਂ ਨਾਲ ਆਏ ਹੋਰਨਾਂ ਨੇ ਹਰਿਆਣਾ ਕਮੇਟੀ ਮੈਂਬਰਾਂ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਕਾਂ ਵਿੱਚ ਝਗੜਾ ਸੁਰੂ ਹੋ ਗਿਆ। ਇਸ ਮੌਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਸੁਰੱਖਿਆ ’ਚ ਤਾਇਨਾਤ ਪੁਲੀਸ ਮੁਲਾਜਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪੁਲੀਸ ਸ਼੍ਰੋਮਣੀ ਕਮੇਟੀ ਸਮਰਥਕਾਂ ਨੂੰ ਆਪਣੇ ਨਾਲ ਥਾਣਾ ਕਿ੍ਰਸਨਾ ਗੇਟ ਲੈ ਗਈ। ਇਹ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸਮੇਤ 14 ਖ?ਿਲਾਫ ਪੁਲੀਸ ਨੂੰਸ਼ਿਕਾਇਤ ਕੀਤੀ ਗਈ ਹੈ। ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਚਐਸਜੀਐਮਸੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੇ ਕਿਹਾ ਕਿ ਅਰਦਾਸ ਮੌਕੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰ ਪਾਲ ਸਿੰਘ ਢਿੱਲੋਂ ਅਤੇ ਉਨ੍ਹਾਂ ਨਾਲ ਆਏ ਛੇ ਜਣਿਆਂ ਨੇ ਆਉਂਦੇ ਹੀ ਹੰਗਾਮਾ ਸੁਰੂ ਕਰ ਦਿੱਤਾ। ਉਹ ਹਰਿਆਣਾ ਸਰਕਾਰ ਅਤੇ ਪ੍ਰਸਾਸਨ ਤੋਂ ਮੰਗ ਕਰਦੇ ਹਨ ਕਿ ਅਜਿਹੇ ਲੋਕਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਬਾਬਾ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਵਿਰੁਧ ਪੁਲੀਸ ਨੂੰ ਸ਼ਿਕਾਇਤ ਕਰਨਗੇ ਅਤੇ ਸੁਪਰੀਮ ਕੋਰਟ ਅਤੇ ਅਕਾਲ ਤਖਤ ਸਾਹਿਬ ਨੂੰ ਵੀ ਲਿਖਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਬੀਤੇ ਦਿਨ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਸੀ। ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ’ਤੇ ਆਪਣੇ ਜਿੰਦਰੇ ਲਾ ਦਿੱਤੇ ਸਨ।