ਅਰਦਾਸ ਦੌਰਾਨ ਹਰਿਆਣਾ ਤੇ ਸ਼੍ਰੋਮਣੀ ਕਮੇਟੀ ਸਮਰਥਕ ਹੱਥੋਪਾਈ

ਅਰਦਾਸ ਦੌਰਾਨ ਹਰਿਆਣਾ ਤੇ ਸ਼੍ਰੋਮਣੀ ਕਮੇਟੀ ਸਮਰਥਕ ਹੱਥੋਪਾਈ

ਸ਼ੁਕਰਾਨੇ ਲਈ ਕਰਵਾਈ ਅਰਦਾਸ ਮੌਕੇ ਮਾਈਕ ਖੋਹਣ ਤੋਂ ਹੋਇਆ ਹੰਗਾਮਾ; ਪੁਲੀਸ ਨੇ ਸ਼੍ਰੋਮਣੀ ਕਮੇਟੀ ਸਮਰਥਕਾਂ ਨੂੰ ਬਾਹਰ ਕੱਢਿਆ
ਕੁਰੂਕਸ਼ੇਤਰ-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਦਰਮਿਆਨ ਅੱਜ ਗੁਰਦੁਆਰੇ ਵਿਚ ਹੱਥੋਪਾਈ ਹੋ ਗਈ। ਵਿਵਾਦ ਵਧਣ ਤੋਂ ਬਾਅਦ ਪੁਲੀਸ ਨੇ ਇਕ ਧਿਰ ਦੇ ਸਮਰਥਕਾਂ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸਣੇ 14 ਜਣਿਆਂ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ, ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਮੈਂਬਰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੀ ਸੇਵਾ ਸੰਭਾਲਣ ਤੋਂ ਬਾਅਦ ਸ਼ੁਕਰਾਨਾ ਅਰਦਾਸ ਕਰਨ ਪੁੱਜੇ ਸਨ। ਦੀਵਾਨ ਦੌਰਾਨ ਹੀ ਗੁਰੂਘਰ ਦੀ ਸੇਵਾ ਸੰਭਾਲਣ ਦਾ ਵਿਰੋਧ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਸਮਰਥਕਾਂ ਅਤੇ ਉਨ੍ਹਾਂ ਨਾਲ ਆਏ ਹੋਰਨਾਂ ਨੇ ਹਰਿਆਣਾ ਕਮੇਟੀ ਮੈਂਬਰਾਂ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਕਾਂ ਵਿੱਚ ਝਗੜਾ ਸ਼ੁਰੂ ਹੋ ਗਿਆ। ਇਸ ਮੌਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਸੁਰੱਖਿਆ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪੁਲੀਸ ਸ਼੍ਰੋਮਣੀ ਕਮੇਟੀ ਸਮਰਥਕਾਂ ਨੂੰ ਆਪਣੇ ਨਾਲ ਥਾਣਾ ਕ੍ਰਿਸ਼ਨਾ ਗੇਟ ਲੈ ਗਈ। ਇਹ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸਮੇਤ 14 ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਚਐਸਜੀਐਮਸੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੇ ਕਿਹਾ ਕਿ ਅਰਦਾਸ ਮੌਕੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰ ਪਾਲ ਸਿੰਘ ਢਿੱਲੋਂ ਅਤੇ ਉਨ੍ਹਾਂ ਨਾਲ ਆਏ ਛੇ ਜਣਿਆਂ ਨੇ ਆਉਂਦੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਉਹ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਅਜਿਹੇ ਲੋਕਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਬਾਬਾ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਵਿਰੁਧ ਪੁਲੀਸ ਨੂੰ ਸ਼ਿਕਾਇਤ ਕਰਨਗੇ ਅਤੇ ਸੁਪਰੀਮ ਕੋਰਟ ਅਤੇ ਅਕਾਲ ਤਖ਼ਤ ਸਾਹਿਬ ਨੂੰ ਵੀ ਲਿਖਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਬੀਤੇ ਦਿਨ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਸੀ। ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ’ਤੇ ਆਪਣੇ ਜਿੰਦਰੇ ਲਾ ਦਿੱਤੇ ਸਨ।

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਘਟਨਾ ਦਾ ਵਿਰੋਧ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਥਿਤ ਗੁਰਦੁਆਰੇ ’ਤੇ ਕਬਜ਼ਾ ਕਰਨ ਲਈ ਪੁਲੀਸ ਵੱਲੋਂ ਜੁੱਤੀਆਂ ਸਮੇਤ ਗੁਰਦੁਆਰੇ ਵਿੱਚ ਦਾਖ਼ਲ ਹੋਣ ਦੀ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਗੁਰਦੁਆਰੇ ਵਿੱਚ ਜੁੱਤੀਆਂ ਸਮੇਤ ਦਾਖਲ ਹੋਈ ਹੈ ਤੇ ਉਥੇ ਕਬਜ਼ਾ ਕਰਨ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਗੁਰਦੁਆਰਿਆਂ ’ਤੇ ਪੁਲੀਸ ਦੇ ਜ਼ੋਰ ਨਾਲ ਕਬਜ਼ਾ ਕਰਨਾ ਹੈ ਤਾਂ ਇਸ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ 1925 ਨੂੰ ਸੰਸਦ ਵਿੱਚੋਂ ਡੀਨੋਟੀਫਾਇਡ ਕਰਵਾਏ।