ਅਯੁੱਧਿਆ: 2024 ਵਿੱਚ ਸ਼ਰਧਾਲੂਆਂ ਲਈ ਖੁੱਲ੍ਹੇਗਾ ਰਾਮ ਮੰਦਰ

ਅਯੁੱਧਿਆ: 2024 ਵਿੱਚ ਸ਼ਰਧਾਲੂਆਂ ਲਈ ਖੁੱਲ੍ਹੇਗਾ ਰਾਮ ਮੰਦਰ

ਅਯੁੱਧਿਆ- ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਮਗਰੋਂ 2024 ਵਿੱਚ ਅਯੁੱਧਿਆ ਵਿਚਲਾ ਰਾਮ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਰਾਮ ਮੰਦਰ ਦੇ ਨਿਰਮਾਣ ਦੀ ਨਿਗਰਾਨੀ ਕਈ ਕਾਇਮ ਟਰੱਸਟ ਦੇ ਇੱਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਟਰੱਸਟ ਦੇ ਜਰਨਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਮੰਦਰ ਦਾ 50 ਫੀਸਦੀ ਕਾਰਜ ਮੁਕੰਮਲ ਹੋ ਚੁੱਕਾ ਹੈ ਅਤੇ ਉਹ ਨਿਰਮਾਣ ਕਾਰਜ ਦੀ ਪ੍ਰਗਤੀ ਤੇ ਗੁਣਵੱਤਾ ਤੋਂ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ 2024 ਵਿੱਚ ਮਕਰ ਸੰਕ੍ਰਾਂਤੀ ਮੌਕੇ ਭਗਵਾਨ ਰਾਮ ਦੀਆਂ ਮੂਰਤੀਆਂ ਦੀ ਸਥਾਪਨਾ ਤੋਂ ਬਾਅਦ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਅਗਲੇ ਸਾਲ ਦਸੰਬਰ ਤੱਕ ਮੰਦਰ ਦੀ ਹੇਠਲੀ ਮੰਜ਼ਿਲ ਤਿਆਰ ਹੋ ਜਾਵੇਗੀ ਅਤੇ 14 ਜਨਵਰੀ 2024 ਦੇ ਕਰੀਬ ਭਗਵਾਨ ਰਾਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੰਦਰ ਦੇ ਨਿਰਮਾਣ ’ਤੇ 1800 ਕਰੋੜ ਰੁਪਏ ਖਰਚੇ ਜਾਣਗੇ।

ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਖੜ੍ਹੇ ਹੋ ਕੇ ਮੰਦਰ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਸੀ, ਅੱਜ ਪੱਤਰਕਾਰਾਂ ਨੂੰ ਉਸ ਸਥਾਨ ਦਾ ਦੌਰਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਸੀ ਅਤੇ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਕੀਤਾ ਸੀ।

ਯੋਜਨਾ ਮੁਤਾਬਕ ਰਾਮ ਮੰਦਰ ਕੰਪਲੈਕਸ ’ਚ 70 ਏਕੜ ਦੇ ਖੇਤਰ ’ਚ ਭਗਵਾਨ ਵਾਲਮੀਕਿ, ਕੇਵਟ, ਸ਼ਬਰੀ, ਜਟਾਯੂ, ਸੀਤਾ, ਵਿਗਨੇਸ਼ਵਰ (ਗਣੇਸ਼) ਅਤੇ ਸ਼ੇਸ਼ਅਵਤਾਰ (ਲਕਸ਼ਮਣ) ਦੇ ਮੰਦਰ ਵੀ ਬਣਾਏ ਜਾਣਗੇ। ਇੱਥੇ ਦੋ ਮੰਜ਼ਿਲਾ ਪਰਿਕਰਮਾ ਮਾਰਗ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਪੂਰਬੀ ਹਿੱਸੇ ਵਿੱਚ ਰੇਤਲੇ ਪੱਥਰ ਦਾ ਬਣਿਆ ਇੱਕ ਪ੍ਰਵੇਸ਼ ਦੁਆਰ ਹੋਵੇਗਾ। ਮੰਦਰ ਅੰਦਰ ਰਾਜਸਥਾਨ ਦੇ ਮਕਰਾਨਾ ਪਹਾੜੀਆਂ ਤੋਂ ਲਿਆਂਦੇ ਜਾ ਰਹੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਨੀਂਹ ਪੱਥਰ ਰੱਖਣ ਤੋਂ ਬਾਅਦ 23 ਅਕਤੂਬਰ ਨੂੰ ਮੋਦੀ ਦੀ ਇਹ ਪਹਿਲੀ ਅਯੁੱਧਿਆ ਫੇਰੀ ਸੀ। ਇੱਥੇ ਭਗਵਾਨ ਰਾਮ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਮੰਦਰ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਲੋਕ ਸਭਾ ਚੋਣਾਂ ਕਰਕੇ 2024 ਦੀ ਸ਼ੁਰੂਆਤ ਵਿੱਚ ਸ਼ਰਧਾਲੂਆਂ ਲਈ ਮੰਦਰ ਖੋਲ੍ਹੇ ਜਾਣ ਨੂੰ ਸਿਆਸੀ ਤੌਰ ’ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ। –