ਅਯੁੱਧਿਆ ’ਚ ਸਿੱਖ ਧਰਮ ਦੀਆਂ ਪੈੜਾਂ

ਅਯੁੱਧਿਆ ’ਚ ਸਿੱਖ ਧਰਮ ਦੀਆਂ ਪੈੜਾਂ

ਇਕਬਾਲ ਸਿੰਘ ਲਾਲਪੁਰਾ
9780003333

ਭਾਰਤ ਇਕ ਪੁਰਾਣੀ ਸੱਭਿਅਤਾ ਹੈ। ਇਸ ਦੇ ਲੋਕਾਂ ਦੇ ਚਰਿੱਤਰ ਤੇ ਅਨੁਸ਼ਾਸ਼ਨ ਦੀ ਗੱਲ ਕਰਦੇ ਹਾਂ ਤਾਂ ਕੇਵਲ ਤੇ ਕੇਵਲ ਭਗਵਾਨ ਰਾਮ ਚੰਦਰ ਦਾ ਨਾਮ ਹੀ ਆਉਂਦਾ ਹੈ ਜਿਨਾਂ ਨੂੰ ਮਰਿਆਦਾ ਪਰਸ਼ੋਤਮ ਆਖ ਕੇ ਵੀ ਯਾਦ ਕੀਤਾ ਜਾਂਦਾ ਹੈ। ਉਹ ਇਕ ਆਦਰਸ਼, ਆਗਿਆਕਾਰੀ ਪੁੱਤਰ, ਭਾਈ ਤੇ ਰਾਜਾ ਸਨ। ਇੱਥੋਂ ਤੱਕ ਕਿ ਉਹ ਆਪਣੇ ਦੁਸ਼ਮਣ ਤੱਕ ਦੀ ਵਿੱਦਿਆ ਤੇ ਹੁਨਰ ਦੀ ਕਦਰ ਵੀ ਕਰਦੇ ਸਨ। ਇਕ ਰਾਜੇ ਦੇ ਰੂਪ ’ਚ ਉਨ੍ਹਾਂ ਦਾ ਰਾਜ ਪੂਰਨ ਸ਼ਾਂਤੀ ਤੇ ਵਿਕਾਸ ਦਾ ਮਾਰਗਦਰਸ਼ਕ ਹੈ। ਚੱਕਰਵਰਤੀ ਰਾਜਾ ਰਾਮ ਚੰਦਰ ਨੂੰ ਵਿਸ਼ਵ ਵਿਜੇਤਾ ਵੀ ਮੰਨਿਆ ਜਾਂਦਾ ਹੈ। ਇਸੇ ਲਈ 20ਵੀਂ ਸਦੀ ਦੇ ਸ਼ਾਇਰ ਅਲਾਮਾ ਮੁਹੰਮਦ ਇਕਬਾਲ ਨੇ ਆਖਿਆ ਹੈ, “ਹੈ ਰਾਮ ਕੇ ਵਜੂਦ ਸੇ ਹਿੰਦੁਸਤਾਨ ਕੋ ਨਾਜ਼।’’
ਜੇ ਕੌਮ ਤੇ ਧਰਮ ਲਈ ਕੁਰਬਾਨੀ ਦੀ ਗੱਲ ਹੋਵੇ ਤਾਂ ਸਿੱਖ ਗੁਰੂ ਸਾਹਿਬਾਨ ਦਾ ਕੋਈ ਸਾਨੀ ਨਜ਼ਰ ਨਹੀਂ ਆਉਂਦਾ। ਹਲੇਮੀ ਰਾਜ ਸੰਕਲਪ ਵੀ ਇਕ ਆਦਰਸ਼ ਰਾਜ ਦਾ ਰਾਹ ਦਸੇਰਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਅਮਨ, ਸ਼ਾਂਤੀ, ਨਿਆਂ, ਵਿਕਾਸ, ਸੁਰੱਖਿਆ ਤੇ ਮਜ਼ਬੂਤ ਸਮਾਜਿਕ ਭਾਈਚਾਰੇ ਦੇ ਆਦਰਸ਼ ਵਜੋਂ ਪਰਗਟ ਕੀਤਾ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਸਭ ਧਰਮ ਅਸਥਾਨਾਂ ਦੀ ਯਾਤਰਾ ਕੀਤੀ। ਭਾਈ ਗੁਰਦਾਸ ਲਿਖਦੇ ਹਨ, “ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰਿ ਦੇਖੈ॥ ਪੂਰਬ ਧਰਮ ਬਹੁ ਕਰਮ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ॥’’ ਇਤਿਹਾਸਕਾਰ ਅਨੁਸਾਰ ਗੁਰੂ ਨਾਨਕ ਦੇਵ ਜੀ 1510-11 ’ਚ ਅਯੁੱਧਿਆ ਵੀ ਪਧਾਰੇ ਸਨ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉੱਥੋਂ ਦੇ ਧਾਰਮਿਕ ਵਿਅਕਤੀਆਂ ਤੇ ਆਮ ਲੋਕਾਂ ਨਾਲ ਸੰਵਾਦ ਵੀ ਰਚਾਇਆ। ਗੁਰੂ ਸਾਹਿਬ ਦੀ ਅਯੁੱਧਿਆ ਫੇਰੀ ਬਾਰੇ ਮਹਾਨਕੋਸ਼ ਵਿਚ ਭਾਈ ਕਾਹਨ ਸਿੰਘ ਨਾਭਾ ਨੇ ਇਸ ਤਰ੍ਹਾਂ ਲਿਖਿਆ ਹੈ-“ਯੂਪੀ ਵਿਚ ਫੈਜ਼ਾਬਾਦ ਜ਼ਿਲ੍ਹੇ ਦੀ ਸੁਰਜੂ (ਸਰਯੂ) ਨਦੀ ਦੇ ਕਿਨਾਰੇ ਕੌਸ਼ਲ ਦੇਸ਼ ਦੀ ਪ੍ਰਧਾਨ ਪੂਰੀ ਜਿਸ ਦੀ ਹਿੰਦੂਆਂ ਦੀਆਂ ਸੱਤ ਪਵਿੱਤਰ ਪੂਰੀਆਂ ਵਿਚ ਗਿਣਤੀ ਹੈ ਤੇ ਰਾਮ ਚੰਦਰ ਜੀ ਦਾ ਜਨਮ ਇਸੇ ਥਾਂ ਹੋਇਆ ਹੈ ਤੇ ਇਹ ਸੂਰਯਵੰਸ਼ੀ ਰਾਜਿਆਂ ਦੀ ਚਿਰ ਤੀਕ ਰਾਜਧਾਨੀ ਰਹੀ ਹੈ।
ਭਾਈ ਧੰਨਾ ਸਿੰਘ ਚਹਿਲ ਦੀ ਪੁਸਤਕ ‘ਸਾਈਕਲ ਯਾਤਰਾ’ ਦੇ ਪੰਨਾ ਨੰਬਰ 131 ’ਤੇ 5 ਅਪ੍ਰੈਲ 1931 ਨੂੰ ਆਪਣੇ ਅਯੁੱਧਿਆ ਪੁੱਜਣ ਤੇ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੇ ਮੌਜੂਦਾ ਹਾਲਾਤ ਬਾਰੇ ਇਸ ਤਰ੍ਹਾਂ ਦਰਜ ਕੀਤੇ ਹਨ-“ਇਸ ਸ਼ਹਿਰ ਵਿਖੇ 9 ਇਤਿਹਾਸਕ ਗੁਰਦੁਆਰੇ ਹਨ ਜੋ ਚਾਰ ਗੁਰਦੁਆਰੇ ਸਿੱਖਾਂ ਦੇ ਪਾਸ ਹਨ, 3 ਗੁਰਦੁਆਰੇ ਬ੍ਰਹਮਕੁੰਡ ਘਾਟ ਦਰਿਆ ਸੁਰਜੂ ਦੇ ਕੰਢੇ ’ਤੇ ਹਨ। ਜੋ ਇਕ ਦਸਵੇਂ ਪਾਤਸ਼ਾਹ ਜੀ ਦਾ ਹੈ, ਜੋ ਬਹੁਤ ਅੱਛਾ ਬਣਿਆ ਹੋਇਆ ਹੈ ਤੇ ਪਾਸ ਹੀ ਪਹਿਲੀ ਪਾਤਸ਼ਾਹੀ ਜੀ ਦੀ ਤੇ ਨੌਵੀਂ ਪਾਤਸ਼ਾਹੀ ਜੀ ਦੀਆਂ ਦੋ ਮੰਜੀਆਂ ਸਾਹਿਬ ਹਨ ਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ। ਇਨ੍ਹਾਂ ਤਿੰਨਾਂ ਦਾ ਮਹੰਤ ਜਸਵੰਤ ਸਿੰਘ ਜੀ ਹੈ ਇਸ ਜਗ?ਹਾ ਪਹਿਲੀ ਪਾਤਸ਼ਾਹੀ ਜੀ ਪੰਜਾਬ ਤੋਂ ਆਉਂਦੇ ਹੋਏ ਠਹਿਰੇ ਸਨ ਤੇ ਨੌਵੇਂ ਪਿਤਾ ਜੀ ਪੰਜਾਬ ਨੂੰ ਜਾਂਦੇ ਹੋਏ ਠਹਿਰੇ ਸਨ। ਤੇ ਦਸਵੇਂ ਪਿਤਾ ਜੀ ਵੀ ਪੰਜਾਬ ਨੂੰ ਜਾਂਦੇ ਠਹਿਰੇ ਸਨ।
ਦਸਮ ਪਿਤਾ ਜੀ ਦੇ ਅਸਥਾਨ ’ਤੇ ਲੰਗਰ ਤੇ ਰਿਹਾਇਸ਼ ਹੈ। ਚੌਥਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਜੋ ਨਜ਼ਰ ਬਾਗ ਦੇ ਨਾਮ ’ਤੇ ਮਸ਼ਹੂਰ ਹੈ। ਇਸ ਨੂੰ ਜ਼ਮੀਨ ਨਹੀਂ ਹੈ, ਸ਼ਾਇਦ ਪਹਿਲਾਂ ਹੁੰਦੀ ਹੋਵੇ ਤੇ ਆਲੇ-ਦੁਆਲੇ ਗੁਰਦੁਆਰੇ ਦੀ ਜ਼ਮੀਨ ਸੀ ਤੇ ਬਾਗ ਸੀ ਜੋ ਮਹੰਤ ਜੀ ਠਠਿਆਰੇ ਨੇ ਲੋਕਾਂ ਨੂੰ ਵੇਚ ਖਾਧੀ ਹੈ ਤੇ ਰੁਪਈਆ ਬੈਂਕ ਵਿਖੇ ਜਮ੍ਹਾ ਕਰਾ ਦਿੱਤਾ ਹੈ। ਜਿਸ ਦੇ ਸੂਦ ਨਾਲ ਅੱਜ-ਕੱਲ੍ਹ ਗੁਜ਼ਾਰਾ ਕਰਦਾ ਹੈ ਤੇ ਗੁਰੂ ਕੇ ਬਾਗ ਵਿਚ ਤੇ ਜ਼ਮੀਨ ’ਤੇ ਅੱਜ ਠਠਿਆਰੇ ਲੋਕਾਂ ਨੇ ਮਕਾਨ ਪਾ ਰੱਖੇ ਹਨ ਤੇ ਮੰਦਰ ਬਣਾ ਰੱਖੇ ਹਨ ਜੋ ਕਿ ਅੱਜ-ਕੱਲ੍ਹ ਗੁਰਦੁਆਰੇ ਦੀ ਜਗ੍ਹਾ ਬਹੁਤ ਥੋੜ੍ਹੀ ਰਹਿ ਗਈ ਹੈ। ਹੋਰ ਸਭ ਮਹੰਤ ਜੀ ਹੜੱਪ ਕਰ ਚੁੱਕੇ ਹਨ ਤੇ ਮਹੰਤ ਜੀ ਦਾ ਨਾਮ ਪਵਿੱਤਰ ਬਾਬਾ ਆਤਮਾ ਸਿੰਘ ਜੀ ਹੈ ਜੋ ਕਿ ਉਮਰ 70 ਸਾਲ ਦੇ ਹਨ ਤੇ ਸਾਰੀ ਇਨ੍ਹਾਂ ਦੀ ਹੀ ਕਿਰਪਾ ਹੈ। ਇਸ ਜਗ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਮ ਮੰਦਰ ਚਰਨ ਦੇ ਪ੍ਰਗਟ ਹੋਣੇ ਦੀ ਭਾਈ ਮਰਦਾਨੇ ਨੂੰ ਸਾਖੀ ਸੁਣਾਈ ਸੀ। ਇਹ ਚਾਰੋਂ ਗੁਰਦੁਆਰੇ ਤਾਂ ਸਿੱਖਾਂ ਪਾਸ ਹਨ, ਬਾਕੀ ਤਿੰਨ ਸਾਧਾਂ ਪਾਸ ਹਨ, ਜਿਵੇਂ ਕਿ ਦਸਮ ਪਿਤਾ ਜੀ ਦਾ ਗੁਰਦੁਆਰਾ ਹਨੁਮਾਨਗੜ੍ਹੀ ਬੈਰਾਗੀਆਂ ਸੰਤਾਂ ਪਾਸ ਹੈ। ਇਕ ਦੂਸਰਾ ਗੁਰਦੁਆਰਾ ਵਸ਼ਿਸ਼ਟ ਕੁੰਡ ਦੇ ਪਾਸ ਹੈ ਤੇ ਇਹ ਵੀ ਦਸਮ ਪਿਤਾ ਜੀ ਦਾ ਹੈ। ਇਸ ਜਗ੍ਹਾ ਪਿਤਾ ਜੀ ਨੇ ਪਹਿਲੇ ਆ ਕੇ ਪਟਨਾ ਸਾਹਿਬ ਜੀ ਤੋਂ ਆਸਣ ਲਾਇਆ ਸੀ।
ਇਹ ਵੀ ਵ੍ਰਿੰਦਾ ਵਣੀ ਪੰਥ ਵਾਲਿਆਂ ਦੇ ਪਾਸ ਹੈ। ਤੀਸਰਾ ਗੁਰਦੁਆਰਾ ਦਸਮ ਪਿਤਾ ਜੀ ਦਾ ਹੈ ਜੋ ਸਵਰ ਦੁਆਰੀ ਘਾਟ ’ਤੇ ਹੈ। ਇਸ ਜਗ੍ਹਾ ਪਿਤਾ ਜੀ ਨੇ ਅਸਥਾਨ ਕੀਤਾ ਸੀ ਤੇ ਉਸ ਜਗ੍ਹਾ ਅੱਜ-ਕੱਲ੍ਹ ਗੁਰਦੁਆਰਾ ਹੈ ਜੋ ਕਿ ਜ਼ਮੀਨ ਵੀ ਬਹੁਤ ਹੈ ਜੋ ਉਦਾਸੀ ਸੰਤਾਂ ਦੇ ਕਬਜ਼ੇ ਹੇਠ ਹੈ। ਇਹ ਤਿੰਨ ਗੁਰਦੁਆਰੇ ਸੰਤਾਂ ਪਾਸ ਹਨ ਤੇ ਦੋ ਗੁਰਦੁਆਰੇ ਗੁਪਤ ਹਨ। ਦੂਸਰਾ ਸ਼ਹਿਰ ਅਯੁੱਧਿਆ ਤੋਂ 10 ਮੀਲ ਤੇ ਪੂਰਬ ਵੱਲ ਹੈ ਜੋ ਕਿ ਸਰਜੂ ਕੁੰਡ ਦੇ ਪਾਸ ਹੀ ਰਸਤਾ ਜਾਂਦਾ ਹੈ। ਜੋ ਬਿਲਹਾਰ ਘਾਟ ਦੇ ਨਾਮ ’ਤੇ ਮਸ਼ਹੂਰ ਹੈ। ਇਸੀ ਜਗ੍ਹਾ ਹੀ ਰਾਜਾ ਦਸ਼ਰਥ ਦਾ ਸੰਸਕਾਰ ਹੋਇਆ ਸੀ। ਇਹ ਗੁਰਦੁਆਰੇ ਸ਼ਹਿਰ ਅਯੁੱਧਿਆ ਵਿਖੇ ਹਨ ਜੋ ਕਿ ਚਾਰ ਗੁਰਦੁਆਰੇ ਸਿੱਖਾਂ ਪਾਸ ਤੇ ਤਿੰਨ ਸੰਤਾਂ ਪਾਸ ਤੇ ਦੋ ਗੁਪਤ ਹਨ। ਕੁੱਲ ਨੌਂ ਸਥਾਨ ਹਨ। ਸੀ ਦਸਮ ਗ੍ਰੰਥ ਸਾਹਿਬ ਵਿਚ ਰਾਮ ਅਵਤਾਰ ਰਾਹੀਂ ਪੂਰੀ ਕਥਾ ਦਰਜ ਕੀਤੀ ਗਈ ਹੈ। ਇਤਿਹਾਸਕਾਰਾਂ ਅਨੁਸਾਰ ਬਾਬਰ ਨੇ ਆਪਣੇ ਫ਼ੌਜ ਦੇ ਕਮਾਂਡਰ ਮੀਰ ਬਾਕੀ ਰਾਹੀਂ 1528 ’ਚ ਰਾਮ ਮੰਦਰ ਵਾਲੀ ਜਗ੍ਹਾ ’ਤੇ ਮਸਜਿਦ ਦੀ ਉਸਾਰੀ ਆਰੰਭ ਕਰਵਾਈ ਸੀ। ਭਾਰਤ ਦੀ ਇਸ ਇਤਿਹਾਸਕ ਧਰੋਹਰ ਨੂੰ ਬਚਾਉਣ ਲਈ ਸਿੱਖਾਂ ਦੇ ਉਸ ਵਕਤ ਦੇ ਆਗੂਆਂ ਨੇ ਉੱਦਮ ਕੀਤਾ ਸੀ।
ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ਦਾ ਫ਼ੈਸਲਾ ਕਰਦੇ ਸਮੇਂ ਅਦਾਲਤਾਂ ਨੇ 1510 ਤੱਕ ਅਯੁੱਧਿਆ ’ਚ ਰਾਮ ਮੰਦਰ ਦੇ ਹੋਣ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 1510-11 ਈਸਵੀ ’ਚ ਅਯੁੱਧਿਆ ਆਗਮਨ ਤੇ ਪੁਜਾਰੀਆਂ ਨਾਲ ਗੋਸ਼ਠਿ ਨੂੰ ਇਕ ਸਬੂਤ ਵਜੋਂ ਪ੍ਰਵਾਨ ਕਰ ਕੇ ਫ਼ੈਸਲਾ ਕੀਤਾ ਕਿ ਉਸ ਸਮੇਂ ਤੱਕ ਰਾਮ ਮੰਦਰ ਮੌਜੂਦ ਸੀ ਤੇ ਮੀਰ ਬਾਕੀ ਵੱਲੋਂ 1528 ’ਚ ਮਸਜਿਦ ਬਣਾਉਣ ਵਿਚ ਕੇਵਲ 17/18 ਸਾਲ ਦਾ ਸਮਾਂ ਹੈ ਤੇ ਰਾਮ ਮੰਦਰ ਨਾ ਹੋਣ ਦਾ ਤਰਕ ਆਧਾਰਹੀਣ ਹੈ।
ਇਕ ਹੋਰ ਗੱਲ ਵੀ ਵਿਚਾਰਨਯੋਗ ਹੈ ਕਿ ਅਲੀਗੜ੍ਹ ਵਿਖੇ ਕਿਸੇ ਕਾਰਨਾਂ ਤੋਂ ਲਗਪਗ 12 ਸਾਲ ਤੋਂ ਵੀ ਵੱਧ ਸਮੇਂ 1924 ਤੋਂ ਲੈ ਕੇ 1936 ਤੱਕ ਰਾਮਲੀਲਾ ਨਹੀਂ ਹੋਈ ਸੀ ਕਿਉਂਕਿ ਉੱਥੇ ਦੇ ਬਹੁ-ਗਿਣਤੀ ਭਾਈਚਾਰੇ ਦੇ ਲੋਕ ਹਿੰਦੂਆਂ ਨੂੰ ਰਾਮਲੀਲਾ ਨਹੀਂ ਕਰਨ ਦਿੰਦੇ ਸਨ। ਉਸ ਸਮੇਂ ਅਲੀਗੜ੍ਹ ਦੇ ਸਿੱਖ ਆਗੂ ਸਰਦਾਰ ਜਗਤ ਸਿੰਘ, ਗਿਆਨੀ ਸਾਧੂ ਸਿੰਘ (ਜੋ ਬਾਅਦ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਰਹੇ) ਇੰਚਾਰਜ ਸਿੱਖ ਮਿਸ਼ਨ ਅਲੀਗੜ੍ਹ ਆਦਿ ਨੇ ਇਹ ਫ਼ੈਸਲਾ ਕੀਤਾ ਕਿ ਰਾਮਲੀਲਾ ਕਮੇਟੀ ਦੀ ਮਦਦ ਕਰਨ ਨਾਲ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ’ਚ ਵੱਡੀ ਮਦਦ ਮਿਲੇਗੀ ਤੇ ਇਸ ਨੂੰ ਅੱਗੇ ਰੱਖ ਕੇ ਸ੍ਰੀ ਜਵਾਲਾ ਪ੍ਰਸਾਦ, ਰਾਇ ਬਹਾਦੁਰ ਮੋਹਨ ਲਾਲ ਆਦਿ ਦੀ ਮਦਦ ਲਈ ਬੇਨਤੀ ਪ੍ਰਵਾਨ ਕੀਤੀ। ਸਰਦਾਰ ਜਗਤ ਸਿੰਘ, ਗਿਆਨੀ ਸਾਧੂ ਸਿੰਘ ਆਦਿ ਸਿੱਖ ਆਗੂਆਂ ਨੇ ਅੱਗੇ ਲੱਗ ਕੇ ਤੇ 1000 ਤੋਂ ਵੱਧ ਸਿੱਖਾਂ ਨੇ ਸੁਰੱਖਿਆ ਦੇ ਕੇ ਸ਼ੋਭਾ ਯਾਤਰਾ ਕਢਵਾਈ ਤੇ ਅਲੀਗੜ੍ਹ ’ਚ ਰਾਮਲੀਲਾ 12 ਸਾਲ ਬਾਅਦ ਮੁੜ ਆਰੰਭ ਕਰਵਾਈ ਸੀ। ਅਲੀਗੜ੍ਹ ਦੀ ਇਸ ਸਹਾਇਤਾ ਪਿੱਛੋਂ ਹੀ ਪੰਡਿਤ ਮਦਨ ਮੋਹਨ ਮਾਲਵੀਆ ਤੇ ਸਵਾਮੀ ਸ਼ੰਕਰਾਚਾਰੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਭਰੇ ਦੀਵਾਨ ’ਚ ਐਲਾਨ ਕੀਤਾ ਸੀ ਕਿ ਹਰੇਕ ਹਿੰਦੂ ਨੂੰ ਆਪਣਾ ਇਕ ਲੜਕਾ ਸਿੰਘ ਸਜਾਉਣਾ ਚਾਹੀਦਾ ਹੈ, ਫਿਰ ਭਾਰਤ-ਵਾਸੀ ਹਿੰਦੂਆਂ ਦਾ ਹਰ ਪਹਿਲੂ ’ਚ ਕਲਿਆਣ ਹੋ ਜਾਵੇਗਾ। ਸਵਾਮੀ ਵਿਵੇਕਾਨੰਦ ਵੀ ਹਰ ਭਾਰਤੀ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਨ ਦੀ ਗੱਲ ਆਖਦੇ ਸਨ।
ਬਾਬਰ ਆਪਣੇ-ਆਪ ਨੂੰ ਕਦੇ ਵੀ ਭਾਰਤੀ ਨਹੀਂ ਸੀ ਮੰਨਦਾ ਤੇ ਨਾ ਹੀ ਮਰ ਕੇ ਭਾਰਤ ’ਚ ਸਪੁਰਦੇ ਖ਼ਾਕ ਹੋਣਾ ਚਾਹੁੰਦਾ ਸੀ। ਉਸ ਨੇ ਆਦੇਸ਼ ਦਿੱਤਾ ਸੀ ਕਿ ਉਸ ਦਾ ਸਰੀਰ ਅਫ਼ਗਾਨਿਸਤਾਨ ’ਚ ਦਫਨ ਕੀਤਾ ਜਾਵੇ। ਉਸ ਦੀ ਇਹ ਇੱਛਾ ਸ਼ੇਰਸ਼ਾਹ ਸੂਰੀ ਨੇ ਪੂਰੀ ਕੀਤੀ ਤੇ ਉਸ ਦਾ ਸਰੀਰ ਆਗਰੇ ਤੋਂ ਭੇਜ ਕੇ ਕਾਬੁਲ ’ਚ ਦਫਨ ਕੀਤਾ ਜਿੱਥੇ ਅੱਜ-ਕੱਲ੍ਹ ਬਾਗੇ ਬਾਬਰ ਨਾਮ ਦਾ ਬਗੀਚਾ ਤੇ ਮਕਬਰਾ ਹੈ। ਹਰ ਇਕ ਦੇ ਧਰਮ ਅਸਥਾਨ ਸਤਿਕਾਰਯੋਗ ਤੇ ਪੂਜਣਯੋਗ ਹਨ। ਬਾਬਰ ਵੱਲੋਂ ਰਾਮ ਮੰਦਰ ਢਾਹੁਣ ਦਾ ਜੋ ਅਪਰਾਧ ਕੀਤਾ ਗਿਆ ਸੀ, ਇਸ ਬਾਰੇ ਇਨਸਾਫ਼ ਮਿਲਣ ਲਈ ਲੰਬਾ ਸਮਾਂ ਲੱਗ ਗਿਆ। ਇਕ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਢਹਿ-ਢੇਰੀ ਕਰ ਦਿੱਤਾ ਸੀ ਪਰ ਖ਼ਾਲਸਾ ਪੰਥ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ’ਚ ਇਸ ਪਵਿੱਤਰ ਅਸਥਾਨ ਦੀ ਜਲਦੀ ਹੀ ਮੁੜ ਉਸਾਰੀ ਕਰ ਲਈ ਸੀ। ਅਯੁੱਧਿਆ ’ਚ ਭਗਵਾਨ ਰਾਮ ਜੋ ਭਾਰਤੀ ਸੱਭਿਅਤਾ ਦੇ ਮਹਾਨਾਇਕ ਹਨ, ਦੇ ਮੰਦਰ ਦੀ ਮੁੜ ਉਸਾਰੀ ਇਤਿਹਾਸਕ ਗ਼ਲਤੀਆਂ ਨੂੰ ਸੁਧਾਰਨ ਦਾ ਸ਼ਲਾਘਾਯੋਗ ਉੱਦਮ ਹੈ।