ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਸੰਪੂਰਨ, ਮੰਦਰ ’ਤੇ ਹੈਲੀਕਾਪਟਰਾਂ ਨੇ ਫੁੱਲ ਦੀ ਵਰਖਾ ਕੀਤੀ

ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਸੰਪੂਰਨ, ਮੰਦਰ ’ਤੇ ਹੈਲੀਕਾਪਟਰਾਂ ਨੇ ਫੁੱਲ ਦੀ ਵਰਖਾ ਕੀਤੀ

  • ਪ੍ਰਧਾਨ ਮੰਤਰੀ ਮੋਦੀ ਨੇ 84 ਸਕਿੰਟਾਂ ਦੇ ਵਿਸ਼ੇਸ਼ ਮਹੂਰਤ ’ਚ ਕੀਤੀ ਪ੍ਰਾਣ ਪ੍ਰਤਿਸ਼ਠਾ’
  • ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਨਵੇਂ ਯੁੱਗ ਦਾ ਆਗਾਜ਼: ਮੋਦੀ

ਅਯੁੱਧਿਆ : ਪਵਿੱਤਰ ਨਗਰੀ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ’ਚ ਰਾਮ ਲੱਲਾ ਦੇ ਨਵੇਂ ਸਰੂਪ ਦੀ ਅੱਜ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ’ਚ ਪ੍ਰਾਣ ਪ੍ਰਤਿਸ਼ਠਾ ਹੋਈ ਜਿਸ ਦੀ ਉਹ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ। ਇਸ ਪਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਵਾਹ ਬਣੇ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਫ਼ੌਜ ਦੇ ਹੈਲੀਕਾਪਟਰਾਂ ਨੇ ਨਵੇਂ ਬਣੇ ਰਾਮ ਜਨਮਭੂਮੀ ਮੰਦਰ ’ਤੇ ਫੁੱਲਾਂ ਦੀ ਵਰਖਾ ਕੀਤੀ। ਉੱਤਰ ਪ੍ਰਦੇਸ਼ ਦੀ ਇਸ ਮੰਦਰ ਨਗਰੀ ’ਚ ਉਤਸ਼ਾਹ ਅਤੇ ਭਗਤੀ ਦਾ ਅਜਿਹਾ ਸੁਮੇਲ ਨਜ਼ਰ ਆਇਆ ਕਿ ਲੋਕਾਂ ਨੇ ਨੱਚ-ਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਲੱਖਾਂ ਹੀ ਲੋਕਾਂ ਨੇ ਆਪਣੇ ਘਰਾਂ ’ਚ ਟੀਵੀ ’ਤੇ ਸਿੱਧਾ ਪ੍ਰਸਾਰਣ ਦੇਖਿਆ ਅਤੇ ਉਹ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣੇ ਜੋ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਇਆ ਹੈ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਮਨਸੂਖ ਕਰਨ ਦੇ ਨਾਲ ਨਾਲ ਸਾਂਝਾ ਸਿਵਲ ਕੋਡ ਲਾਗੂ ਕਰਨ ਅਤੇ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਜਿਹੇ ਮੁੱਦੇ ਕਈ ਦਹਾਕਿਆਂ ਤੋਂ ਭਾਜਪਾ ਦੇ ਏਜੰਡੇ ’ਤੇ ਰਹੇ ਹਨ। ਪ੍ਰਾਣ ਪ੍ਰਤਿਸ਼ਠਾ ਦੇ ਨਾਲ ਹੀ ਮੰਦਰ ਦਾ ਉਦਘਾਟਨ ਹੋ ਗਿਆ ਹੈ ਅਤੇ ਇਸ ਦੇ ਮੰਗਲਵਾਰ ਤੋਂ ਆਮ ਲੋਕਾਂ ਲਈ ਖੁੱਲ੍ਹਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਗਰਭ ਗ੍ਰਹਿ ’ਚ 84 ਸੈਕਿੰਡ ਦੇ ਮਹੂਰਤ ਦੌਰਾਨ ਹੋਈ ਪ੍ਰਾਣ ਪ੍ਰਤਿਸ਼ਠਾ ਨਾਲ ਮੰਦਰ ’ਚ ਕਈ ਧਾਰਮਿਕ ਰਸਮਾਂ ਕੀਤੀਆਂ। ਬਾਅਦ ’ਚ ਉਨ੍ਹਾਂ ਭਗਵਾਨ ਰਾਮ ਦੇ ਬਾਲ ਰੂਪ ਵਾਲੀ 51 ਇੰਚ ਦੀ ਮੂਰਤੀ ਅੱਗੇ ਦੰਡਵਤ ਪ੍ਰਣਾਮ ਕੀਤਾ। ਸਮਾਗਮ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੰਘ ਮੁਖੀ ਮੋਹਨ ਭਾਗਵਤ ਵੀ ਹਾਜ਼ਰ ਸਨ। ਸ੍ਰੀ ਮੋਦੀ ਵੱਲੋਂ ਸਮਾਗਮ ’ਚ ਹਾਜ਼ਰ ਅੱਠ ਹਜ਼ਾਰ ਦੇ ਕਰੀਬ ਸਾਧੂ-ਸੰਤਾਂ, ਫਿਲਮੀ ਸਿਤਾਰਿਆਂ ਅਤੇ ਵਪਾਰ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸੰਬੋਧਨ ਕੀਤਾ ਗਿਆ ਜਿਸ ਦੀ ਸਮਾਪਤੀ ’ਤੇ ਸੈਂਕੜੇ ਲੋਕ ਗਰਭ ਗ੍ਰਹਿ ਵਾਲੇ ਅਸਥਾਨ ਵੱਲ ਚਲੇ ਗਏ ਅਤੇ ਉਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਆਗੂਆਂ ਨੇ ਸਮਾਗਮ ਦਾ ਸਿੱਧਾ ਪ੍ਰਸਾਰਣ ਦੇਖਿਆ। ਵਿਰੋਧੀ ਧਿਰ ਦੇ ਆਗੂ ਸਮਾਗਮ ਨੂੰ ਸੰਘ ਅਤੇ ਭਾਜਪਾ ਦਾ ਪ੍ਰੋਗਰਾਮ ਦੱਸ ਕੇ ਇਸ ਤੋਂ ਲਾਂਭੇ ਰਹੇ। ਉਂਜ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ, ਜੋ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਹਨ, ਵੀ ਇਸ ਸਮਾਗਮ ’ਚ ਹਾਜ਼ਰ ਸਨ। ਮੈਸੂਰ ਆਧਾਰਿਤ ਬੁੱਤਘਾੜੇ ਅਰੁਣ ਯੋਗੀਰਾਜ ਨੇ ਸ਼ਿਆਮ ਰੰਗੇ ਪੱਥਰ ਨਾਲ ਭਗਵਾਨ ਰਾਮ ਦੇ ਪੰਜ ਵਰ੍ਹ?ਆਂ ਦੇ ਬਾਲ ਰੂਪ ਨੂੰ ਨਵੀਂ ਮੂਰਤੀ ’ਚ ਦਰਸਾਇਆ ਹੈ। ਮੂਰਤੀ ਨੂੰ ਪੀਲੇ ਰੰਗ ਦੇ ਵਸਤਰ ਅਤੇ ਨਗਾਂ ਨਾਲ ਜੜੇ ਜ਼ੇਵਰਾਤਾਂ ਤੇ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਸਜਾਇਆ ਹੋਇਆ ਹੈ। ਸਮਾਗਮ ਦੌਰਾਨ ਵਜਾਈ ਗਈ ‘ਮੰਗਲ ਧਵਨੀ’ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ 50 ਰਵਾਇਤੀ ਸਾਜ਼ਾਂ ਦੀ ਵਰਤੋਂ ਕੀਤੀ ਗਈ। ਅਯੁੱਧਿਆ ਦੇ ਮਸ਼ਹੂਰ ਕਵੀ ਯਤਿੰਦਰ ਮਿਸ਼ਰ ਵੱਲੋਂ ਸੰਚਾਲਿਤ ਇਸ ਸੰਗੀਤਮਈ ਪੇਸ਼ਕਾਰੀ ਨੂੰ ਨਵੀਂ ਦਿੱਲੀ ਦੀ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਪ੍ਰੋਗਰਾਮ ’ਚ ਯੂਪੀ ਤੋਂ ਬੰਸਰੀ, ਕਰਨਾਟਕ ਤੋਂ ਵੀਣਾ, ਮਹਾਰਾਸ਼ਟਰ ਤੋਂ ਸੁੰਦਰੀ, ਪੰਜਾਬ ਤੋਂ ਅਲਗੋਜ਼ਾ, ਉੜੀਸਾ ਤੋਂ ਮਰਦਲਾ, ਮੱਧ ਪ੍ਰਦੇਸ਼ ਤੋਂ ਸੰਤੂਰ, ਮਨੀਪੁਰ ਤੋਂ ਪੁੰਗ, ਅਸਾਮ ਤੋਂ ਨਗਾੜਾ ਤੇ ਕਾਲੀ, ਛੱਤੀਸਗੜ੍ਹ ਤੋਂ ਤੰਬੂਰਾ, ਬਿਹਾਰ ਤੋਂ ਪਖਾਵਜ਼, ਦਿੱਲੀ ਤੋਂ ਸ਼ਹਿਨਾਈ ਅਤੇ ਰਾਜਸਥਾਨ ਤੋਂ ਰਾਵਣਹੱਥਾ ਵਜਾਉਣ ਵਾਲੇ ਕਲਾਕਾਰ ਸ਼ਾਮਲ ਹੋਏ। ਇਸ ਦੌਰਾਨ ਅਯੁੱਧਿਆ ਜ਼ਿਲ੍ਹੇ ’ਚ ਸੁਰੱਖਿਆ ਦਾ ਸਖ਼ਤ ਪਹਿਰਾ ਰਿਹਾ ਅਤੇ ਸਵੇਰ ਤੋਂ ਹੀ ਸੜਕਾਂ ’ਤੇ ਰਾਮਧੁਨ ਵਜਣੀ ਸ਼ੁਰੂ ਹੋ ਗਈ ਸੀ।