ਅਮਰੀਕੀ ਸੈਨੇਟਰ ਵੱਲੋਂ ਰਾਣਾ ਅਯੂਬ ਦੀ ਹਮਾਇਤ

ਅਮਰੀਕੀ ਸੈਨੇਟਰ ਵੱਲੋਂ ਰਾਣਾ ਅਯੂਬ ਦੀ ਹਮਾਇਤ

ਅਯੂਬ ਨੇ ਸਮਾਜਿਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਬਹਾਦਰੀ ਨਾਲ ਪੱਤਰਕਾਰੀ ਕੀਤੀ: ਪੈਟਰਿਕ ਲੇਹੀ
ਵਾਸ਼ਿੰਗਟਨ- ਇੱਕ ਪ੍ਰਮੁੱਖ ਅਮਰੀਕੀ ਸੈਨੇਟਰ ਨੇ ਭਾਰਤੀ ਪੱਤਰਕਾਰ ਰਾਣਾ ਅਯੂਬ ਪ੍ਰਤੀ ਸਮਰਥਨ ਜ਼ਾਹਿਰ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਡੈਮੋਕ੍ਰੈਟਿਕ ਸੈਨੇਟਰ ਪੈਟਰਿਕ ਲੇਹੀ ਨੇ ਕਿਹਾ, ‘‘ਰਾਣਾ ਅਯੂਬ ਇੱਕ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਹੈ, ਜਿਸ ਨੇ ਭਾਰਤ ਵਿੱਚ ਧਾਰਮਿਕ ਹਿੰਸਾ, ਗ਼ੈਰ-ਨਿਆਂਇਕ ਕਤਲ ਅਤੇ ਸਮਾਜਿਕ ਹਿੱਤਾਂ ਨਾਲ ਜੁੜੇ ਮਾਮਲਿਆਂ ’ਤੇ ਬਹਾਦਰੀ ਨਾਲ ਪੱਤਰਕਾਰੀ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਅਯੂਬ ਦਾ ਕੰਮ ਉਦੇਸ਼ਾਂ ’ਤੇ ਆਧਾਰਤ ਹੈ ਅਤੇ ਉਹ ਭਾਰਤ ਦੇ ਉਨ੍ਹਾਂ ਆਦਰਸ਼ਾਂ ਪ੍ਰਤੀ ਉਨ੍ਹਾਂ ਦੇ ਪਿਆਰ ਤੋਂ ਪ੍ਰੇਰਿਤ ਹੈ, ਜਿਨ੍ਹਾਂ ਲਈ ਉਨ੍ਹਾਂ ਦਾ ਦੇਸ਼ ਆਵਾਜ਼ ਚੁੱਕਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਨਲਾਈਨ ਪ੍ਰੇਸ਼ਾਨੀ, ਟਰੋਲਿੰਗ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਬੇਬੁਨਿਆਦ ਸਰਕਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।’’ ਵਰਮੌਂਟ ਦੇ ਸੈਨੇਟਰ ਲੇਹੀ ਨੇ ਕਿਹਾ, ‘‘ਅਯੂਬ ਦੀ ਆਵਾਜ਼ ਦਬਾਉਣ ਲਈ ਸਰਕਾਰੀ ਅਧਿਕਾਰੀਆਂ ਦੇ ਭਾਰੀ ਦਬਾਅ ਦੇ ਬਾਵਜੂਦ ਉਨ੍ਹਾਂ ਵੱਲੋਂ ਸੱਤਾ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਦਾ ਪਰਦਾਫਾਸ਼ ਕਰਨਾ ਜਾਰੀ ਹੈ।’’ ‘ਕਮੇਟੀ ਟੂ ਪ੍ਰੋਟੋਕੋਲ ਜਰਨਲਿਸਟ’ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਲੇਹੀ ਨੇ ਕਿਹਾ ਕਿ ਸਾਲ 2022 ਵਿੱਚ ਮਹਿਜ਼ ਆਪਣੇ ਫ਼ਰਜ਼ਾਂ ਦਾ ਪਾਲਣ ਕਰਨ ਬਦਲੇ ਦੁਨੀਆ ਭਰ ਵਿੱਚ ਘੱਟੋ-ਘੱਟ 38 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ, ਜਦਕਿ 294 ਨੂੰ ਜੇਲ੍ਹ ਅੰਦਰ ਡੱਕਿਆ ਗਿਆ ਅਤੇ 64 ਹਾਲੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੂੰ ਧਮਕੀਆਂ, ਪ੍ਰੇਸ਼ਾਨੀਆਂ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਹੈ।