ਅਮਰੀਕੀ ਵਫ਼ਦ ਵੱਲੋਂ ਦਿੱਲੀ ਕਮੇਟੀ ਦੇ ਸਿਹਤ ਕੇਂਦਰਾਂ ਦਾ ਦੌਰਾ

ਅਮਰੀਕੀ ਵਫ਼ਦ ਵੱਲੋਂ ਦਿੱਲੀ ਕਮੇਟੀ ਦੇ ਸਿਹਤ ਕੇਂਦਰਾਂ ਦਾ ਦੌਰਾ

ਨਵੀਂ ਦਿੱਲੀ- ਅਮਰੀਕਾ ਦੀ ਟਿਮਕਨ ਫਾਊਂਡੇਸ਼ਨ ਦੇ ਸੀਈਓ ਹੈਨਰੀ ਕਰਟਜ਼ ਟਿਮਕਨ ਅਤੇ ਭਾਰਤ ਤੇ ਦੱਖਣ ਪੂਰਬੀ ਏਸ਼ੀਆ ਦੇ ਪ੍ਰਧਾਨ ਸੰਜੈ ਕੌਲ ਦੀ ਅਗਵਾਈ ਹੇਠ ਅੱਜ ਅਮਰੀਕਾ ਦੇ ਇਕ ਉੱਚ ਪੱਧਰੀ ਵਫ਼ਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ਸਿਹਤ ਸਹਲੂਤਾਂ ਦੇ ਅਸਥਾਨਾਂ ਦਾ ਦੌਰਾ ਕੀਤਾ। ਵਫ਼ਦ ਨੇ ਦੌਰੇ ਮਗਰੋਂ ਕਮੇਟੀ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਜਲਦੀ ਹੀ ਕਮੇਟੀ ਨਾਲ ਮਿਲ ਕੇ ਇਨ੍ਹਾਂ ਸੇਵਾਵਾਂ ਦੇ ਵਿਸਥਾਰ ਵਿਚ ਯੋਗਦਾਨ ਪਾਵੇਗੀ। ਵਫ਼ਦ ਨੇ ਸਵੇਰੇ ਪਹਿਲਾਂ ਬਾਲਾ ਸਾਹਿਬ ਹਸਪਤਾਲ ਦਾ ਦੌਰਾ ਕੀਤਾ। ਇਸ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚਲਾ ਰਹੇ ਸੀਟੀ ਸਕੈਨ ਅਤੇ ਐੱਮਆਰਆਈ ਸੈਂਟਰ ਦਾ ਦੌਰਾ ਕੀਤਾ ਤੇ ਨਾਲ ਹੀ ਬਾਲਾ ਪ੍ਰੀਤਮ ਦਵਾਖਾਨੇ ਵੀ ਵੇਖੇ।

ਹੈਨਰੀ ਕਰਟਜ਼ ਟਿਮਕਨ ਅਤੇ ਸੰਜੈ ਕੌਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਮਨੁੱਖਤਾ ਦੀ ਸੇਵਾਵਾਂ ਵਾਸਤੇ ਲਾਮਿਸਾਲ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿਚ ਆਮ ਤਾਂ ਵੇਖਿਆ ਸੀ ਕਿ ਧਾਰਮਿਕ ਸੰਸਥਾ ਧਾਰਮਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੀ ਹੈ ਪਰ ਇਹ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਕਮੇਟੀ ਵੱਲੋਂ ਧਰਮ ਦੇ ਨਾਲ-ਨਾਲ ਸਿਹਤ ਖੇਤਰ ਤੇ ਸਿੱਖਿਆ ਖੇਤਰ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਮਰੀਕੀ ਵਫ਼ਦ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਤੇ ਕਾਰਜਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ।