ਅਮਰੀਕੀ ਲੋਕ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੇ ਨੇ: ਬਾਇਡਨ

ਅਮਰੀਕੀ ਲੋਕ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੇ ਨੇ: ਬਾਇਡਨ

ਅਮਰੀਕੀ ਸਦਰ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਬਾਗੋ-ਬਾਗ਼, ਮੌਜੂਦਾ ਨੀਤੀਆਂ ਨੂੰ ਅੱਗੋਂ ਵੀ ਜਾਰੀ ਰੱਖਣ ਦਾ ਦਾਅਵਾ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਵਿੱਚ ਹੋਈਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਦੇ ਹਵਾਲੇ ਨਾਲ ਅੱਜ ਕਿਹਾ ਕਿ ਅਮਰੀਕੀ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਮੁੜ ਸਾਬਤ ਕਰ ਦਿੱਤਾ ਹੈ ਕਿ ਉਹੀ ਅਸਲ ਜਮਹੂਰੀਅਤ ਹਨ। ਬਾਇਡਨ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦੀ ਡੈਮੋਕਰੈਟਿਕ ਪਾਰਟੀ ਦੀ ਕਾਰਗੁਜ਼ਾਰੀ ਆਸ ਨਾਲੋਂ ਕਿਤੇ ਬਿਹਤਰ ਰਹੀ ਤੇ ਇਸ ਨੇ ਵਿਰੋਧੀਆਂ ਦੀ ‘ਲਾਲ ਲਹਿਰ’ ਨੂੰ ਬ੍ਰੇਕ ਲਾਈ ਹੈ। ਸੌ ਮੈਂਬਰੀ ਅਮਰੀਕੀ ਸੈਨੇਟ ਵਿੱਚ ਰਿਪਬਲਿਕਨਾਂ ਤੇ ਡੈਮੋਕਰੈਟਾਂ ਦੇ 48-48 ਮੈਂਬਰ ਹਨ ਜਦੋਂਕਿ ਪ੍ਰਤੀਨਿਧ ਸਦਨ ਵਿੱਚ ਰਿਪਬਲਿਕਨ ਪਾਰਟੀ 207 ਸੀਟਾਂ ਨਾਲ ਡੈਮੋਕਰੈਟਿਕ ਪਾਰਟੀ ਦੀਆਂ 183 ਸੀਟਾਂ ਦੇ ਮੁਕਾਬਲੇ ਅੱਗੇ ਹੈ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਵਿਰੋਧੀ ਧਿਰ ਦੇ ਪ੍ਰਤੀਨਿਧ ਸਦਨ ਵਿੱਚ ਘੱਟੋ-ਘੱਟ 250 ਸੀਟਾਂ ਦੇ ਅੰਕੜੇ ਨੂੰ ਟੱਪਣ ਦੇ ਅਸਾਰ ਸਨ, ਪਰ ਪਾਰਟੀ ਸਦਨ ਦੀ ਕੁੱਲ ਗਿਣਤੀ ਦੇ ਅੱਧ ਭਾਵ 218 ਦੇ ਅੰਕੜੇ ਨੂੰ ਪਾਰ ਪਾਉਣ ਵਿੱਚ ਵੀ ਨਾਕਾਮ ਰਹੀ। ਚੋਣਾਂ ਤੋਂ ਬਾਅਦ, ਇਸ ਨੂੰ ਮੱਧਕਾਲੀ ਚੋਣਾਂ ਦੌਰਾਨ ਕਿਸੇ ਮੌਜੂਦਾ ਰਾਸ਼ਟਰਪਤੀ ਵੱਲੋਂ ਦਹਾਕਿਆਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।

ਬਾਇਡਨ, ਜੋ ਵ੍ਹਾਈਟ ਹਾਊਸ ਵਿੱਚ ਕੀਤੀ ਨਿਊਜ਼ ਕਾਨਫਰੰਸ ਦੌਰਾਨ ਬੜੇ ਵਿਸ਼ਵਾਸ ਵਿੱਚ ਨਜ਼ਰ ਆਏ, ਨੇ ਜ਼ੋਰ ਦੇ ਕੇ ਆਖਿਆ ਕਿ ਉਹ ਆਪਣੀਆਂ ਨੀਤੀਆਂ, ਜੋ ਹੁਣ ਤੱਕ ਕਾਰਗਰ ਸਾਬਤ ਹੋਈਆਂ ਹਨ, ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸਿਆਸੀ ਪੰਡਿਤਾਂ ਨੇ ਵੱਡੀ ਲਾਲ ਲਹਿਰ ਦੀ ਪੇਸ਼ੀਨਗੋਈ ਕੀਤੀ ਸੀ, ਪਰ ਅਜਿਹਾ ਨਹੀਂ ਹੋਇਆ। ਅਮਰੀਕੀ ਸਦਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ‘ਸਪੱਸ਼ਟ’ ਸੁਨੇਹਾ ਦਿੱਤਾ ਹੈ ਕਿ ਉਹ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੇ ਹਨ ਅਤੇ ‘ਇਸ ਦੇਸ਼’ ਵਿੱਚ ਚੋਣ ਕਰਨ ਦੇ ਅਧਿਕਾਰ ਦੀ ਰੱਖਿਆ ਕਰਨਾ ਚਾਹੁੰਦੇ ਹਨ। ਬਾਇਡਨ ਨੇ ਕਿਹਾ ਕਿ ਵੋਟਰ ਇਸ ਗੱਲੋਂ ਵੀ ਸਪਸ਼ਟ ਸਨ ਕਿ ਉਹ ਅਜੇ ਤੱਕ ‘ਮਾਯੂਸ’ ਹਨ।