ਅਮਰੀਕੀ ਰਾਜਨੀਤੀ ਵਿਚ ਕਮਲਾ ਹੈਰਿਸ ਇਤਿਹਾਸ ਰਚਣ ਵੱਲ, ਚੋਣ ਮੁਹਿੰਮ ਲਈ ਆਮ ਲੋਕਾਂ ਵਲੋਂ ਦਿੱਤੇ ਜਾ ਰਹੇ ਹਨ ਕਰੋੜਾਂ ਡਾਲਰ

ਅਮਰੀਕੀ ਰਾਜਨੀਤੀ ਵਿਚ ਕਮਲਾ ਹੈਰਿਸ ਇਤਿਹਾਸ ਰਚਣ ਵੱਲ, ਚੋਣ ਮੁਹਿੰਮ ਲਈ ਆਮ ਲੋਕਾਂ ਵਲੋਂ ਦਿੱਤੇ ਜਾ ਰਹੇ ਹਨ ਕਰੋੜਾਂ ਡਾਲਰ

ਸੈਕਰਾਮੈਂਟੋ – ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕੀ ਰਾਜਨੀਤੀ ਵਿਚ ਇਤਿਹਾਸ ਰਚਣ ਵੱਲ ਵਧ ਰਹੀ ਹੈ। ਰਾਸ਼ਟਰਪਤੀ ਜੋ ਬਾਈਡਨ ਵਲੋਂ ਚੋਣ ਨਾ ਲੜਣ ‘ਤੇ ਰਾਸ਼ਟਰਪਤੀ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਨਾਂਅ ਐਲਾਣਨ ਤੋਂ ਬਾਅਦ ਉਸ ਦੇ ਸਮਰਥਨ ਵਿਚ ਬਹੁਤ ਸਾਰੇ ਪਾਰਟੀ ਆਗੂ ਆ ਗਏ ਹਨ । ਸੰਭਾਵਨਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਪਾਰਟੀ ਪ੍ਰਵਾਨ ਕਰ ਲਵੇਗੀ। ਹਾਲਾਂ ਕਿ ਅਗਲੇ ਮਹੀਨੇ 19 ਅਗਸਤ ਨੂੰ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਵਿਚ ਰਾਸ਼ਟਰਪਤੀ ਉਮੀਦਵਾਰ ਵਜੋਂ ਹੈਰਿਸ ਦੇ ਨਾਂਅ ‘ਤੇ ਰਸਮੀ ਮੋਹਰ ਲਾਈ ਜਾਣੀ ਹੈ। ਉਹ ਪਹਿਲੀ ਅਫਰੀਕੀ-ਅਮਰੀਕੀ, ਪਹਿਲੀ ਏਸ਼ੀਅਨ ਅਮਰੀਕੀ ਤੇ ਪਹਿਲੀ ਭਾਰਤੀ ਅਮਰੀਕੀ ਔਰਤ ਹੋਵੇਗੀ, ਜੋ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਵੇਗੀ। ਜੇਕਰ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ। ਹੈਰਿਸ ਨੂੰ ਰਾਸ਼ਟਰਪਤੀ ਬਾਈਡਨ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਚੋਟੀ ਦੇ ਪਾਰਟੀ ਆਗੂਆਂ ਦਾ ਸਮਰਥਨ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਅਨੇਕਾਂ ਹੋਰ ਸੰਸਦ ਮੈਂਬਰ ਤੇ ਪਾਰਟੀ ਅਹੁਦੇਦਾਰ ਉਨ੍ਹਾਂ ਦੇ ਸਮਰਥਨ ਵਿਚ ਆ ਗਏ ਹਨ। ਉੱਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਵਜੋਂ ਦੋ ਵਾਰ ਜਿੱਤ ਚੁੱਕੀ ਹੈ। 2016 ਵਿਚ ਉਸ ਨੇ ਯੂ. ਐਸ. ਸੈਨੇਟ ਦੀ ਚੋਣ ਜਿੱਤੀ ਸੀ। ਇਸੇ ਸਾਲ ਹੀ ਡੋਨਾਲਡ ਟਰੰਪ ਨੇ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ। ਇਸ ਦੌਰਾਨ ਇਕ ਦਿਨ ਤੋਂ ਵੀ ਘੱਟ ਸਮੇਂ ਵਿਚ ਉਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ496 ਲੱਖ ਡਾਲਰ ਇਕੱਠੇ ਹੋਏ ਹਨ। ਇਹ ਜਾਣਕਾਰੀ ਬਾਈਡਨ ਦੀ ਮੁਹਿੰਮ ਦੇ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਅਨੁਸਾਰ ਵੱਡੀ ਗੱਲ ਇਹ ਹੈ ਕਿ ਇਹ ਫੰਡ ਕਿਸੇ ਵੱਡੇ ਅਦਾਰੇ ਜਾਂ ਅਮੀਰ ਵਿਅਕਤੀਆਂ ਵਲੋਂ ਨਹੀਂ, ਬਲਕਿ ਪਾਰਟੀ ਦੇ ਜ਼ਮੀਨੀ ਪੱਧਰ ਦੇ ਸਮਰਥਕਾਂ ਅਰਥਾਤ ਆਮ ਲੋਕਾਂ ਵਲੋਂ ਦਿੱਤਾ ਜਾ ਰਿਹਾ ਹੈ ਤੇ ਹਰ ਰੋਜ਼ ਕਰੋੜਾਂ ਡਾਲਰ ਇਕੱਠੇ ਹੋ ਰਹੇ ਹਨ।