ਅਮਰੀਕੀ ਪ੍ਰਤੀਨਿਧ ਸਭਾ ਵਿੱਚ ਰਿਪਬਲਿਕਨ ਪਾਰਟੀ ਨੂੰ ਬਹੁਮਤ

ਅਮਰੀਕੀ ਪ੍ਰਤੀਨਿਧ ਸਭਾ ਵਿੱਚ ਰਿਪਬਲਿਕਨ ਪਾਰਟੀ ਨੂੰ ਬਹੁਮਤ

435 ’ਚੋਂ 218 ਸੀਟਾਂ ਮਿਲੀਆਂ; ਡੈਮੋਕਰੈਟਿਕ ਪਾਰਟੀ ਕੋਲ 211 ਸੀਟਾਂ; ਛੇ ਸੀਟਾਂ ’ਤੇ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ

ਵਾਸ਼ਿੰਗਟਨ-ਵਿਰੋਧੀ ਰਿਪਬਲਿਕਨ ਪਾਰਟੀ ਨੇ ਬੁੱਧਵਾਰ ਨੂੰ 435 ਮੈਂਬਰਾਂ ਵਾਲੀ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਕਾਫੀ ਘੱਟ ਫਰਕ ਨਾਲ ਬਹੁਮਤ ਪ੍ਰਾਪਤ ਕਰ ਕੇ ਇਸ ਦਾ ਕੰਟਰੋਲ ਹਾਸਲ ਕਰ ਲਿਆ ਹੈ। ਪ੍ਰਤੀਨਿਧ ਸਭਾ ਵਿੱਚ ਹੁਣ ਡੈਮੋਕਰੈਟਿਕ ਪਾਰਟੀ ਦੀਆਂ 211 ਸੀਟਾਂ ਦੇ ਮੁਕਾਬਲੇ ਰਿਪਬਲਿਕਨ ਪਾਰਟੀ ਕੋਲ 218 ਸੀਟਾਂ ਹਨ। ਛੇ ਸੀਟਾਂ ’ਤੇ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ, ਜਿਨ੍ਹਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਸਦਨ ਦੀ ਅੰਤਿਮ ਸਥਿਤੀ ਸਪੱਸ਼ਟ ਹੋ ਸਕੇਗੀ। ਵੋਟਿੰਗ 8 ਨਵੰਬਰ ਨੂੰ ਹੋਈ ਸੀ।

ਰਿਪਬਲਿਕਨ ਪਾਰਟੀ ਦੇ ਕਾਨੂੰਨ ਘਾੜਿਆਂ ਨੇ ਇਕ ਦਿਨ ਪਹਿਲਾਂ ਹੀ ਕੈਵਿਨ ਮੈਕਕਾਰਥੀ ਨੂੰ ਸਦਨ ਵਿੱਚ ਆਪਣਾ ਨੇਤਾ ਚੁਣਿਆ ਸੀ। ਮੈਕਕਾਰਥੀ ਡੈਮੋਕਰੈਟਿਕ ਪਾਰਟੀ ਦੀ ਨੈਨਸੀ ਪੈਲੋਸੀ ਦੀ ਜਗ੍ਹਾ ਪ੍ਰਤੀਨਿਧ ਸਭਾ ਦੇ ਨਵੇਂ ਸਪੀਕਰ ਹੋਣਗੇ।

ਮੈਕਕਾਰਥੀ ਨੇ ਬੁੱਧਵਾਰ ਨੂੰ ਇਕ ਟਵੀਟ ਵਿੱਚ ਕਿਹਾ, ‘‘ਅਮਰੀਕੀ ਲੋਕ ਨਵੀਂ ਦਿਸ਼ਾ ਵਿੱਚ ਅੱਗੇ ਵਧਣ ਨੂੰ ਤਿਆਰ ਹਨ ਅਤੇ ਪ੍ਰਤੀਨਿਧ ਸਭਾ ਇਸ ਵਾਸਤੇ ਕੰਮ ਕਰਨ ਨੂੰ ਤਿਆਰ ਹੈ।’’ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ‘‘ਮੈਂ ਸਦਨ ਵਿੱਚ ਬਹੁਮਤ ਹਾਸਲ ਕਰਨ ’ਤੇ ਰਿਪਬਲਿਕਨ ਪਾਰਟੀ ਦੇ ਨੇਤਾ ਮੈਕਕਾਰਥੀ ਨੂੰ ਵਧਾਈ ਦਿੰਦਾ ਹਾਂ। ਮੈਂ ਕੰਮਕਾਜੀ ਪਰਿਵਾਰਾਂ ਲਈ ਪ੍ਰਤੀਨਿਧ ਸਭਾ ਵਿੱਚ ਰਿਪਬਲਿਕਨਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।’’ ਬਾਇਡਨ ਨੇ ਇਕ ਬਿਆਨ ਵਿੱਚ ਕਿਹਾ, ‘‘ਪਿਛਲੇ ਹਫਤੇ ਹੋਈਆਂ ਚੋਣਾਂ ਨੇ ਅਮਰੀਕੀ ਲੋਕਤੰਤਰ ਦੀ ਤਾਕਤ ਅਤੇ ਲਚਕਤਾ ਨੂੰ ਇਕ ਵਾਰ ਮੁੜ ਸਪੱਸ਼ਟ ਕਰ ਦਿੱਤਾ ਹੈ। ਚੋਣਾਂ ਤੋਂ ਇਨਕਾਰ ਕਰਨ ਵਾਲਿਆਂ, ਸਿਆਸੀ ਹਿੰਸਾ ਅਤੇ ਡਰਾਉਣ-ਧਮਕਾਉਣ ਨੂੰ ਵਿਆਪਕ ਤੌਰ ’ਤੇ ਨਾਮਨਜ਼ੂਰ ਕੀਤਾ ਗਿਆ ਹੈ। ਅਜਿਹਾ ਜ਼ੋਰ ਦੇ ਕੇ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਵਿੱਚ ਲੋਕਾਂ ਦੀ ਇੱਛਾ ਦੀ ਜਿੱਤ ਹੋਵੇਗੀ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਆਪਣੀਆਂ ਚਿੰਤਾਵਾਂ ਸਪੱਸ਼ਟ ਤੌਰ ’ਤੇ ਜ਼ਾਹਿਰ ਕੀਤੀਆਂ ਹਨ: ਕੀਮਤਾਂ ਘੱਟ ਕਰਨ, ਚੁਣਨ ਦੇ ਅਧਿਕਾਰੀ ਦੀ ਰੱਖਿਆ ਕਰਨ ਅਤੇ ਲੋਕਤੰਤਰ ਨੂੰ ਸੰਭਾਲਣ ਦੀ ਲੋੜ ਹੈ। ਬਾਇਡਨ ਨੇ ਕਿਹਾ, ‘‘ਰਿਪਬਲਿਕਨ ਹੋਣ ਜਾਂ ਡੈਮੋਕਰੈਟਿਕ, ਜੋ ਵੀ ਲੋਕਾਂ ਦੀ ਸੇਵਾ ਲਈ ਮੇਰੇ ਨਾਲ ਕੰਮ ਕਰਨ ਦੇ ਇੱਛੁਕ ਹਨ, ਮੈਂ ਉਨ੍ਹਾਂ ਨਾਲ ਕੰਮ ਕਰਨ ਨੂੰ ਤਿਆਰ ਹਾਂ।’’

ਰਿਪਬਲਿਕਨ ਪਾਰਟੀ ਦੇ ਆਗੂ ਡੋਨਲਡ ਟਰੰਪ ਨੇ ਭਾਵੇਂ ਅਗਲੇ ਰਾਸ਼ਟਰਪਤੀ ਦੀ ਚੋਣ ਲੜਨ ਦੀ ਦਾਅਵੇਦਾਰੀ ਠੋਕ ਦਿੱਤੀ ਹੈ ਪਰ ਉਸ ਨੂੰ ਮੱਧਕਾਲੀ ਚੋਣਾਂ ’ਚ ਝਟਕਾ ਲੱਗਾ ਹੈ। ਉਂਜ ਪਾਰਟੀ ਨੇ ਉਸ ਦੇ ਨਾਮ ’ਤੇ ਅਜੇ ਮੋਹਰ ਨਹੀਂ ਲਗਾਈ ਹੈ। ਟਰੰਪ ਨੂੰ ਆਸ ਸੀ ਕਿ ਚੋਣਾਂ ’ਚ ਪਾਰਟੀ ਦੀ ਜਿੱਤ ਨਾਲ ਉਹ ਖੁੱਲ੍ਹ ਕੇ ਬਾਇਡਨ ਖ਼ਿਲਾਫ਼ ਆ ਜਾਣਗੇ ਅਤੇ ਲੋਕਾਂ ਦੀ ਵੀ ਹਮਾਇਤ ਮਿਲੇਗੀ ਪਰ ਇੰਜ ਨਾ ਹੋ ਸਕਿਆ।