ਅਮਰੀਕੀ ਚੋਣਾਂ: ਟਰੰਪ ਵੱਲੋਂ ਨਿਊ ਹੈਂਪਸ਼ਾਇਰ ਪ੍ਰਾਇਮਰੀ ਤੋਂ ਅਰਜ਼ੀ ਦਾਖਲ

ਅਮਰੀਕੀ ਚੋਣਾਂ: ਟਰੰਪ ਵੱਲੋਂ ਨਿਊ ਹੈਂਪਸ਼ਾਇਰ ਪ੍ਰਾਇਮਰੀ ਤੋਂ ਅਰਜ਼ੀ ਦਾਖਲ

ਕੌਨਕੌਰਡ- ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਤੁਲਨਾ ਰੰਗ ਭੇਦ ਵਿਰੋਧੀ ਕਾਰਕੁਨ ਨੈਲਸਨ ਮੰਡੇਲਾ ਨਾਲ ਕੀਤੀ ਹੈ ਤੇ ਖ਼ੁਦ ਨੂੰ ਫੈਡਰਲ ਤੇ ਸੂਬਾਈ ਅਥਾਰਿਟੀ ਵੱਲੋਂ ਨਿਸ਼ਾਨੇ ’ਤੇ ਲਏ ਗਏ ਇਕ ਪੀੜਤ ਦੇ ਰੂਪ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਿਆਸੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਸ਼ਟਰਪਤੀ ਚੋਣਾਂ ਲਈ ਆਪਣੀ ਦਾਅਵੇਦਾਰੀ ਲਈ ਪ੍ਰਾਇਮਰੀ ਖਾਤਰ ਰਜਿਸਟਰੇਸ਼ਨ ਕਰਾਉਣ ਲਈ ਨਿਊ ਹੈਂਪਸ਼ਾਇਰ ਪਰਤਦਿਆਂ ਟਰੰਪ ਨੇ ਇਕ ਰੈਲੀ ਕੀਤੀ, ਜਿੱਥੇ ਉਨ੍ਹਾਂ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੇ ਮੁੱਦੇ ਉਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਆਲੋਚਨਾ ਕੀਤੀ ਤੇ ਅਮਰੀਕਾ ਉਤੇ ਆਇਰਨ ਡੋਮ-ਵਰਗੀ ਮਿਜ਼ਾਈਲ ਰੱਖਿਆ ਢਾਲ ਬਣਾਉਣ ਦਾ ਅਹਿਦ ਕੀਤਾ। ਜ਼ਿਕਰਯੋਗ ਹੈ ਕਿ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਮੋਹਰੀ ਉਮੀਦਵਾਰ ਹਨ। ਟਰੰਪ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਤਰ੍ਹਾਂ ਜੇਲ੍ਹ ਜਾਣਗੇ, ਜਨਿ੍ਹਾਂ ਆਪਣੇ ਮੁਲਕ ਵਿਚ ਰੰਗ ਭੇਦ ਦਾ ਵਿਰੋਧ ਕਰਨ ਲਈ 27 ਸਾਲ ਜੇਲ੍ਹ ਵਿਚ ਬਿਤਾਏ ਸਨ। ਬਾਅਦ ਵਿਚ ਉਹ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬਣੇ ਤੇ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਨਿਊ ਹੈਂਪਸ਼ਾਇਰ ਦੇ ਇਕ ਕੰਪਲੈਕਸ ਵਿਚ ਲੋਕਾਂ ਦੀ ਭੀੜ ਨੂੰ ਟਰੰਪ ਨੇ ਕਿਹਾ, ‘ਸਾਨੂੰ ਆਪਣੇ ਦੇਸ਼ ਨੂੰ ਇਨ੍ਹਾਂ ਫਾਸ਼ੀਵਾਦੀਆਂ ਤੋਂ ਬਚਾਉਣਾ ਪਵੇਗਾ ਜਨਿ੍ਹਾਂ ਨਾਲ ਅਸੀਂ ਨਜਿੱਠ ਰਹੇ ਹਾਂ। ਉਹ ਭਿਆਨਕ ਲੋਕ ਹਨ ਤੇ ਉਹ ਸਾਡੇ ਦੇਸ਼ ਨੂੰ ਬਰਬਾਦ ਕਰ ਰਹੇ ਹਨ।’ ਜ਼ਿਕਰਯੋਗ ਹੈ ਕਿ ਟਰੰਪ ਨੂੰ ਚਾਰ ਅਪਰਾਧਕ ਮਾਮਲਿਆਂ ਦੇ ਨਾਲ-ਨਾਲ ਦੀਵਾਨੀ ਮਾਮਲਿਆਂ ਦੀ ਸੁਣਵਾਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ’ਤੇ ਸੰਪਤੀਆਂ ਬਾਰੇ ਗਲਤ ਜਾਣਕਾਰੀ ਦੇਣ, 2016 ਦੀਆਂ ਚੋਣਾਂ ਦੌਰਾਨ ਔਰਤਾਂ ਨੂੰ ਕੀਤੇ ਗਏ ਪੈਸੇ ਦੇ ਗੁਪਤ ਭੁਗਤਾਨ ਨੂੰ ਗਲਤ ਤਰੀਕੇ ਨਾਲ ਦਰਸਾਉਣ ਤੇ 2020 ਦੀਆਂ ਚੋਣਾਂ ’ਚ ਆਪਣੀ ਹਾਰ ਨੂੰ ਗੈਰਕਾਨੂੰਨੀ ਢੰਗ ਨਾਲ ਪਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ।