ਅਮਰੀਕੀ ਕੂਟਨੀਤਕ ਵਿਕਟੋਰੀਆ ਵੱਲੋਂ ਜੈਸ਼ੰਕਰ ਤੇ ਵਿਦੇਸ਼ ਸਕੱਤਰ ਨਾਲ ਕਈ ਮੁੱਦਿਆਂ ’ਤੇ ਚਰਚਾ

ਅਮਰੀਕੀ ਕੂਟਨੀਤਕ ਵਿਕਟੋਰੀਆ ਵੱਲੋਂ ਜੈਸ਼ੰਕਰ ਤੇ ਵਿਦੇਸ਼ ਸਕੱਤਰ ਨਾਲ ਕਈ ਮੁੱਦਿਆਂ ’ਤੇ ਚਰਚਾ

ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਅੱਜ ਅਮਰੀਕੀ ਵਿਦੇਸ਼ ਵਿਭਾਗ (ਸਿਆਸੀ ਮਾਮਲੇ) ਦੀ ਅੰਡਰ ਸੈਕਟਰੀ ਵਿਕਟੋਰੀਆ ਨਿਊਲੈਂਡ ਨਾਲ ਇੱਥੇ ਮੁਲਾਕਾਤ ਕੀਤੀ। ਦੋਵਾਂ ਧਿਰਾਂ ਨੇ ਇਸ ਮੌਕੇ ਮੁਕਤ, ਖੁੱਲ੍ਹੇ ਤੇ ਸੰਮਲਿਤ ਭਾਰਤ-ਪ੍ਰਸ਼ਾਂਤ ਬਾਰੇ ਵਚਨਬੱਧਤਾ ਨੂੰ ਦੁਹਰਾਇਆ। ਇਸ ਤੋਂ ਪਹਿਲਾਂ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਵਿਕਟੋਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਰਤੀ ਉਪਮਹਾਦੀਪ ਤੇ ਹਿੰਦ-ਪ੍ਰਸ਼ਾਂਤ ਬਾਰੇ ਚਰਚਾ ਹੋਈ। ਭਾਰਤ ਦੌਰੇ ਮੌਕੇ ਨਿਊਲੈਂਡ ਵਿਦੇਸ਼ ਵਿਭਾਗ ਪੱਧਰ ’ਤੇ ਹੋਣ ਵਾਲੀ ਵਾਰਤਾ ’ਚ ਹਿੱਸਾ ਲਏਗੀ। ਇਸ ਮੌਕੇ ਦੁਵੱਲੇ ਤੇ ਆਲਮੀ ਮੁੱਦਿਆਂ ’ਤੇ ਚਰਚਾ ਹੋਵੇਗੀ। ਭਾਰਤ ਤੋਂ ਇਲਾਵਾ ਅਮਰੀਕੀ ਕੂਟਨੀਤਕ ਨੇਪਾਲ, ਸ੍ਰੀਲੰਕਾ ਤੇ ਕਤਰ ਦਾ ਦੌਰਾ ਵੀ ਕਰ ਰਹੀ ਹੈ। ਨੇਪਾਲ ’ਚ ਅਮਰੀਕੀ ਅਧਿਕਾਰੀ ਨੇ ਨਵੀਂ ਸਰਕਾਰ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ। ਸ੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਦਾ ਮੋਰਾਗੋਡਾ ਨੇ ਵੀ ਜੈਸ਼ੰਕਰ ਨਾਲ ਮੁਲਾਕਾਤ ਕੀਤੀ।