ਅਮਰੀਕਾ ਨਾਲੋਂ ਭਾਰਤ ਚ ਜ਼ਿਆਦਾ ਸੁਰੱਖਿਅਤ ਹੈ ਘੱਟ ਗਿਣਤੀ ਭਾਈਚਾਰਾ: ਵੈਂਕਈਆ ਨਾਇਡੂ

ਅਮਰੀਕਾ ਨਾਲੋਂ ਭਾਰਤ ਚ ਜ਼ਿਆਦਾ ਸੁਰੱਖਿਅਤ ਹੈ ਘੱਟ ਗਿਣਤੀ ਭਾਈਚਾਰਾ: ਵੈਂਕਈਆ ਨਾਇਡੂ

ਵਾਸ਼ਿੰਗਟਨ – ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਧਰਮ ਨਿਰਪੱਖਤਾ ਭਾਰਤੀਆਂ ਦੇ ਖੂਨ ਵਿੱਚ ਹੈ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਘੱਟ ਗਿਣਤੀ ਕਿਤੇ ਜ਼ਿਆਦਾ ਸੁਰੱਖਿਅਤ ਹਨ। ਵੈਂਕਈਆ (74) ਨੇ ‘ਨੈਸ਼ਨਲ ਕੌਂਸਲ ਆਫ ਏਸ਼ੀਅਨ ਇੰਡੀਅਨ ਐਸੋਸੀਏਸ਼ਨ’ ਵੱਲੋਂ ਸੋਮਵਾਰ ਨੂੰ ਗ੍ਰੇਟਰ ਵਾਸ਼ਿੰਗਟਨ ਡੀਸੀ ਖੇਤਰ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ-ਅਮਰੀਕੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ, “(ਭਾਰਤ ਦੇ ਖਿਲਾਫ) ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਪੱਛਮੀ ਮੀਡੀਆ ਦਾ ਇੱਕ ਹਿੱਸਾ ਵੀ ਇਸ ਵਿੱਚ ਸ਼ਾਮਲ ਹੈ। ਉਹ ਭਾਰਤ ਅਤੇ ਉਥੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਦਾ ਹਿੱਸਾ ਬਣ ਗਿਆ। ਮੈਂ ਇਨ੍ਹਾਂ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਭਾਰਤ ਵਿੱਚ ਘੱਟ ਗਿਣਤੀ ਭਾਈਚਾਰਾ ਇੱਥੇ (ਅਮਰੀਕਾ) ਨਾਲੋਂ ਜ਼ਿਆਦਾ ਸੁਰੱਖਿਅਤ ਹਨ। ਤੁਸੀਂ ਦੇਖੋ ਕੀ ਭਾਰਤ ਵਿੱਚ ਕੀ ਹੋ ਰਿਹਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਕੀ ਹੋ ਰਿਹਾ ਹੈ ਪਰ ਤੁਸੀਂ ਜਾਣਦੇ ਹੋ (ਦੂਜੇ ਦੇਸ਼ਾਂ ਵਿੱਚ) ਵਿਤਕਰਾ ਕੀਤਾ ਜਾ ਰਿਹਾ ਹੈ।”
ਵੈਂਕਈਆ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਵਿੱਚ ਹਨ। ਪਿਛਲੇ ਹਫ਼ਤੇ, ਉਨ੍ਹਾਂ ਨੇ ਫਿਲਾਡੇਲਫੀਆ ਵਿੱਚ ਭਾਰਤੀ-ਅਮਰੀਕੀ ਡਾਕਟਰਾਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਸੀ। ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ, ‘ਭਾਰਤ ਆਪਣੇ ਘੱਟ ਗਿਣਤੀ ਭਾਈਚਾਰੇ ਦਾ ਸਨਮਾਨ ਕਰਦਾ ਹੈ। ਜੋ ਲੋਕ ਪਾਕਿਸਤਾਨ ਜਾਣਾ ਚਾਹੁੰਦੇ ਸਨ, ਉਹ ਪਹਿਲਾਂ ਹੀ ਦੇਸ਼ ਛੱਡ ਚੁੱਕੇ ਹਨ। ਜਿਹੜੇ ਦੇਸ਼ ਵਿੱਚ ਰਹਿਣਾ ਚਾਹੁੰਦੇ ਸਨ ਉਹ ਭਾਰਤ ਵਿੱਚ ਹੀ ਹਨ… ਭਾਰਤ ਵਿੱਚ ਧਰਮ ਨਿਰਪੱਖਤਾ ਹੈ ਕਿਉਂਕਿ ਇਹ ਭਾਰਤੀਆਂ ਦੇ ਖੂਨ ਵਿੱਚ ਹੈ।’ ਵੈਂਕਈਆ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਗੁਆਂਢੀ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਕਰਨ ਖਿਲਾਫ ਚਿਤਾਵਨੀ ਦਿੱਤੀ। ਉਨ੍ਹਾਂ ਦੁਹਰਾਇਆ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ‘ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨਜ਼’ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ‘ਸਿੱਖਸ ਆਫ਼ ਅਮਰੀਕਾ’ ਸੰਸਥਾ ਨੇ ਵੈਂਕਈਆ ਨੂੰ ਭਾਰਤ ਵਿੱਚ ਸਿੱਖਾਂ ਦੀ ਭਲਾਈ ਲਈ ਕੰਮ ਕਰਨ ਲਈ ਸਨਮਾਨਿਤ ਵੀ ਕੀਤਾ।