ਅਮਰੀਕਾ ਦੇ ਸ਼ਿਕਾਗੋ ਸ਼ਹਿਰ ’ਚ ਹੋਈ ਗੋਲੀਬਾਰੀ ਵਿੱਚ ਇਕ ਬੱਚੀ ਦੀ ਮੌਤ ਤੇ 7 ਜ਼ਖ਼ਮੀ

ਅਮਰੀਕਾ ਦੇ ਸ਼ਿਕਾਗੋ ਸ਼ਹਿਰ ’ਚ ਹੋਈ ਗੋਲੀਬਾਰੀ ਵਿੱਚ ਇਕ ਬੱਚੀ ਦੀ ਮੌਤ ਤੇ 7 ਜ਼ਖ਼ਮੀ

ਜ਼ਖ਼ਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ

ਸੈਕਰਾਮੈਂਟੋ/ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸ਼ਿਕਾਗੋ (ਇਲੀਨੋਇਸ) ਵਿਚ ਇਕ ਪਰਿਵਾਰਕ ਸਮਾਗਮ ਦੌਰਾਨ ਬਾਹਰ ਖੜੇ ਬੱਚਿਆਂ ਉਪਰ ਚਲਾਈਆਂ ਗੋਲੀਆਂ ਦੇ ਸਿੱਟੇ ਵਜੋਂ ਇਕ 8 ਸਾਲਾ ਲੜਕੀ ਦੀ ਮੌਤ ਹੋਣ ਤੇ 7 ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਜਖਮੀਆਂ ਵਿਚ ਇਕ ਤੇ ਸੱਤ ਸਾਲ ਦੇ ਦੋ ਲੜਕੇ ਵੀ ਸ਼ਾਮਿਲ ਹਨ। ਪੁਲਿਸ ਅਨੁਸਾਰ ਲੜਕੀ ਜਿਸ ਦੇ ਸਿਰ ਵਿਚ ਗੋਲੀ ਵੱਜੀ ਸੀ, ਮੌਕੇ ਉਪਰ ਹੀ ਦਮ ਤੋੜ ਗਈ। ਸ਼ਿਕਾਗੋ ਪੁਲਿਸ ਡਿਪਟੀ ਚੀਫ ਡਾਨ ਜਰੋਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਕ ਤੇ ਸੱਤ ਸਾਲ ਦੇ ਲੜਕਿਆਂ ਦੇ ਇਕ ਤੋਂ ਵਧ ਗੋਲੀਆਂ ਵੱਜੀਆਂ ਹਨ ਜਿਨਾਂ ਦੀ ਹਾਲਤ ਗੰਭੀਰ ਹੈ। ਬਾਕੀ 5 ਜਖਮੀਆਂ ਵਿਚ 19 ਤੋਂ 40 ਸਾਲਾਂ ਦੇ ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਰੋਮ ਨੇ ਕਿਹਾ ਹੈ ਕਿ ਇਹ ਅਚਾਨਕ ਵਾਪਰੀ ਘਟਨਾ ਨਹੀਂ ਹੈ। ਉਨਾਂ ਕਿਹਾ ਕਿ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੈ ਪਰੰਤੂ ਇਸ ਵਿਚ 3 ਨਿਰਦੋਸ਼ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੌਕੇ ਦੇ ਗਵਾਹਾਂ ਅਨੁਸਾਰ 2 ਸ਼ੂਟਰ ਪੈਦਲ ਹੀ ਆਏ ਸਨ। ਅਜੇ ਤੱਕ ਸ਼ੱਕੀ ਹਮਲਾਵਰਾਂ ਦੀ ਪਛਾਣ ਨਹੀਂ ਹੋਈ ਤੇ ਨਾ ਹੀ ਕਿਸੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।