ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਇਕ ਘਰ ਨੂੰ ਲੱਗੀ ਅੱਗ ਨਾਲ 3 ਬੱਚਿਆਂ ਸਮੇਤ 10 ਲੋਕ ਸੜਕੇ ਮਰੇ

ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਇਕ ਘਰ ਨੂੰ ਲੱਗੀ ਅੱਗ ਨਾਲ 3 ਬੱਚਿਆਂ ਸਮੇਤ 10 ਲੋਕ ਸੜਕੇ ਮਰੇ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਨੈਸਕੋਪੈੱਕ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿਚ ਸੜਕੇ 3 ਬੱਚਿਆਂ ਸਮੇਤ 10 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ 10 ਮੌਤਾਂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਿ੍ਰਤਕਾਂ ਦੀ ਉਮਰ 5 ਸਾਲ ਤੋਂ ਲੈ ਕੇ 79 ਸਾਲ ਤੱਕ ਸੀ। ਨੈਸਕੋਪੈੱਕ ਫਿਲਾਡੈਲਫੀਆ ਦੇ ਉਤਰ-ਪੱਛਮ ਵਿਚ ਤਕਰੀਬਨ 95 ਕਿਲੋਮੀਟਰ ਦੂਰ ਸਥਿੱਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੜਕਸਾਰ 3 ਵਜੇ ਅੱਗ ਲੱਗੀ। ਪੁਲਿਸ ਅਧਿਕਾਰੀ ਲੈਫਟੀਨੈਂਟ ਡੈਰਕ ਫਲੈਸਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਹਿੰਮਤ ਨਾਲ ਅੱਗ ਉੁਪਰ ਕਾਬੂ ਪਾਉਣ ਦਾ ਯਤਨ ਕੀਤਾ ਪਰੰਤੂ ਅੱਗ ਦੀਆਂ ਤੇਜ ਲਪਟਾਂ ਤੇ ਤਪਸ਼ ਕਾਰਨ ਉਹ ਘਰ ਵਿਚ ਦਾਖਲ ਨਹੀਂ ਹੋ ਸਕੇ। ਦੋ ਮੰਜਿਲਾ ਘਰ ਨੂੰ ਅੱਗ ਲੱਗਣ ਉਪਰੰਤ 3 ਬਾਲਗ ਖੁਦ ਘਰ ਵਿਚੋਂ ਸੁਰੱਖਿਅਤ ਬਾਹਰ ਆ ਗਏ ਜਦ ਕਿ 10 ਲੋਕਾਂ ਦੀ ਮੌਤ ਹੋ ਗਈ। ਘਰ ਪੂਰੀ ਤਰਾਂ ਸੜਕੇ ਸਵਾਹ ਹੋ ਗਿਆ। ਮਿ੍ਰਤਕਾਂ ਵਿਚ ਦੋ ਲੜਕੇ ਜਿਨਾਂ ਦੀ ਉਮਰ 5 ਤੇ 6 ਸਾਲ ਸੀ ਤੇ ਇਕ ਲੜਕੀ ਜਿਸ ਦੀ ਉਮਰ 7 ਸਾਲ ਸੀ ਵੀ ਸ਼ਾਮਿਲ ਹਨ। ਹੋਰ ਮਿ੍ਰਤਕਾਂ ਦੀ ਪਛਾਣ ਡੇਲ ਬੇਕਰ (19), ਸਟਾਰ ਬੇਕਰ (22), ਡੇਵਿਡ ਡੌਬਰਟ ਸੀਨੀਅਰ (79), ਬਰੀਅਨ ਡੌਬਰਟ (42), ਸਾਨੂਨ ਡੌਬਰਟ (45), ਲੌਰਾ ਡੌਬਰਟ (47) ਤੇ ਮਰੀਅਨ ਸਲੂਸਰ (54) ਵਜੋਂ ਹੋਈ ਹੈ। ਫਲੈਸਮੈਨ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਸਬੰਧੀ ਸਬੰਧਤ ਅਧਿਕਾਰੀ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਅੱਗ ਲੱਗਣ ਦੀ ਘਟਨਾ ਪਿੱਛੇ ਕੋਈ ਸਾਜਿਸ਼ ਹੋ ਸਕਦੀ ਹੈ ਤਾਂ ਫਲੈਸਮੈਨ ਨੇ ਕਿਹਾ ਫਿਲਹਾਲ ਮਾਮਲਾ ਜਾਂਚ ਅਧੀਨ ਹੈ। ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਰੈਡ ਕਰਾਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਅੱਗ ਕਾਰਨ ਬੇਘਰ ਹੋਏ ਲੋਕਾਂ ਦੀ ਆਰਥਕ ਤੇ ਹੋਰ ਲੋੜੀਂਦੀ ਮੱਦਦ ਕਰ ਰਹੇ ਹਨ।