ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਹੇਠ ਮੈਕਸੀਕੋ ਸਰਹੱਦ ਤੇ 222 ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ

ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਹੇਠ ਮੈਕਸੀਕੋ ਸਰਹੱਦ ਤੇ 222 ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ

ਨਿਊਯਾਰਕ (ਰਾਜ ਗੋਗਨਾ) : 200 ਤੋਂ ਵੱਧ ਪ੍ਰਵਾਸੀ ਜੋ ਮੈਕਸੀਕੋ ਦੀ ਸਰਹੱਦ ਪਾਰ ਕਰ ਕੇ ਟੈਕਸਾਸ ਅਮਰੀਕਾ ਵਿੱਚ ਦਾਖਲ ਹੋਏ ਸਨ, ਉਨ੍ਹਾਂ ’ਤੇ ਦੰਗੇ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹੁਣ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਲੰਘੀ 21 ਮਾਰਚ, 2024 ਨੂੰ ਵਾਪਰੀ ਘਟਨਾ ਵਿੱਚ ਪ੍ਰਵਾਸੀਆਂ ਦਾ ਇੱਕ ਸਮੂਹ ਸਰਹੱਦ ਦੇ ਨਾਲ ਰੇਜ਼ਰ ਤਾਰ ਦੀ ਵਾੜ ਤੋੜ ਕੇ ਰੀਓ ਗ੍ਰਾਂਡੇ ਵਿਖੇ ਇੱਕ ਗੇਟ ਰਾਹੀਂ ਦਾਖਲ ਹੋਇਆ ਅਤੇ ਇੱਕ ਝਗੜੇ ਵਿੱਚ ਟੈਕਸਾਸ ਨੈਸ਼ਨਲ ਗਾਰਡ ਦੇ ਮੈਂਬਰਾਂ ਨੂੰ ਵੀ ਜ਼ਖਮੀ ਕਰ ਦਿੱਤਾ। ਐਲਪਾਸੋ ਜ਼ਿਲ੍ਹਾ ਅਟਾਰਨੀ ਬਿਲ ਹਿਕਸ ਅਨੁਸਾਰ ਨੌਂ ਪ੍ਰਵਾਸੀਆਂ ਨੇ ਰੇਜ਼ਰ ਤਾਰ ਕੱਟਣ ਤੋਂ ਬਾਅਦ ਨੈਸ਼ਨਲ ਗਾਰਡ ਦੇ ਮੈਂਬਰਾਂ ’ਤੇ ਹਮਲਾ ਕੀਤਾ ਕਿਉਂਕਿ ਲਗਭਗ 1,000 ਪ੍ਰਵਾਸੀਆਂ ਨੇ ਸਰਹੱਦ ਪਾਰ ਕਰਨ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਸੀ। ਸਰਹੱਦ ’ਤੇ ਹੋਏ ਦੰਗਿਆਂ ਦੇ ਕੁਝ ਹੈਰਾਨ ਕਰਨ ਵਾਲੇ ਦ੍ਰਿਸ਼ ਵੀ ਕੈਮਰੇ ’ਚ ਕੈਦ ਹੋਏ, ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ। ਬਾਰਡਰ ਰਿਪੋਰਟ ਡਾਟ ਕਾਮ ਦੀ ਇੱਕ ਰਿਪੋਰਟ ਅਨੁਸਾਰ 21 ਮਾਰਚ ਦੀ ਘਟਨਾ ਵਿੱਚ ਸ਼ਾਮਲ 222 ਪ੍ਰਵਾਸੀਆਂ ਦੀ ਪਛਾਣ ਕਰਨ ਤੋਂ ਬਾਅਦ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ’ਚ 118 ਲੋਕਾਂ ’ਤੇ ਜਦੋਂਕਿ ਬਾਕੀ 97 ਲੋਕਾਂ ’ਤੇ ਸ਼ਨੀਵਾਰ ਨੂੰ ਚਾਰਜ ਕੀਤਾ ਗਿਆ।
ਐਲਪਾਸੋਂ ਮੈਜਿਸਟਰੇਟ ਜੱਜ ਹੰਬਰਟੋ ਅਕੋਸਟਾ ਨੇ ਫ਼ੈਸਲਾ ਸੁਣਾਇਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਦੋਸ਼ ਤੈਅ ਕੀਤੇ ਜਾਣ ਦੇ 48 ਘੰਟਿਆਂ ਦੇ ਅੰਦਰ ਨਿੱਜੀ ਮੁਚੱਲਕੇ ’ਤੇ ਰਿਹਾਅ ਕੀਤਾ ਜਾ ਸਕਦਾ ਹੈ, ਜ਼ਿਲ੍ਹਾ ਅਟਾਰਨੀ ਨੂੰ ਮੁਲਜ਼ਮਾਂ ਵਿਰੁੱਧ ਕੇਸ ਤਿਆਰ ਕਰਨ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰਦੇ ਹੋਏ। ਇਨ੍ਹਾਂ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਖ਼?ਲਾਫ਼ ਜਨਤਕ ਸੁਣਵਾਈ ਕੀਤੀ ਗਈ, ਜਿਸ ਵਿੱਚ ਜੱਜ ਵੱਲੋਂ 39 ਪ੍ਰਵਾਸੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ। ਹਾਲਾਂਕਿ ਇਨ੍ਹਾਂ ਸਾਰੇ ਲੋਕਾਂ ਨੂੰ ਬਾਅਦ ਵਿੱਚ ਟੈਕਸਾਸ ਦੀ ਹਿਰਾਸਤ ਤੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਯਾਨੀ ਆਈਸ. ਏਨਜ਼ਰਾਈ ਨੇ ਪੁਸ਼ਟੀ ਕੀਤੀ ਕਿ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਏ। ਇਨ੍ਹਾਂ ਸਾਰੇ ਲੋਕਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਇਨ੍ਹਾਂ ਸਾਰੇ ਪ੍ਰਵਾਸੀਆਂ ਦੇ ਸਰਹੱਦ ਪਾਰ ਕਰਨ ਤੋਂ ਬਾਅਦ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਹ ਪ੍ਰਵਾਸੀ ਆਪਣੇ ਸਮੂਹ ਤੋਂ ਵੱਖ ਹੋਣ ਤੋਂ ਨਾਰਾਜ਼ ਸਨ ਅਤੇ ਸਰਹੱਦ ’ਤੇ ਦੰਗੇ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ਪ੍ਰਵਾਸੀਆਂ ਦੀ ਸਰਹੱਦ ’ਤੇ ਤਾਇਨਾਤ ਗਾਰਡਾਂ ਨਾਲ ਵੀ ਝੜਪ ਹੋ ਗਈ ਅਤੇ ਇਕ ਗਾਰਡ ਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਹੰਗਾਮਾ ਕਰਨ ਵਾਲੇ ਪ੍ਰਵਾਸੀਆਂ ਦੇ ਸਮੂਹ ਸਾਰੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਸਨ, ਜਿਨ੍ਹਾਂ ਵਿੱਚ ਇੱਕ ਹੋਂਡੂਰਾਸ ਤੋਂ ਅਤੇ ਦੋ ਵੈਨੇਜ਼ੁਏਲਾ ਤੋਂ ਸਨ, ਜਿਨ੍ਹਾਂ ’ਤੇ ਸੰਗੀਨ ਦੋਸ਼ ਲਗਾਏ ਗਏ ਹਨ ਅਤੇ ਵਰਤਮਾਨ ਵਿੱਚ 42,000 ਹਜ਼ਾਰ ਡਾਲਰ ਦੇ ਬਾਂਡ ’ਤੇ ਐਲ ਪਾਸੋ ਕਾਉਂਟੀ ਜੇਲ੍ਹ ਵਿੱਚ ਬੰਦ ਹਨ। 21 ਮਾਰਚ ਦੀ ਘਟਨਾ ਤੋਂ ਬਾਅਦ, ਟੈਕਸਾਸ ਦੇ ਗਵਰਨਰ ਗ੍ਰੇਗ ਐਬਟ ਨੇ ਐਲ ਪਾਸੋ ਵਿੱਚ ਹੋਰ ਸੈਨਿਕਾਂ ਨੂੰ ਤਾਇਨਾਤ ਕਰਨ ਦਾ ਆਦੇਸ਼ ਦਿੱਤਾ, ਜਿੱਥੇ 200 ਟੈਕਸਾਸ ਟੈਕਟੀਕਲ ਬਾਰਡਰ ਫੋਰਸ ਦੇ ਸੈਨਿਕਾਂ ਨੂੰ ਖੇਤਰ ਵਿੱਚ ਭੇਜਿਆ ਗਿਆ। ਟੈਕਸਾਸ ਨੇ ਬਹੁਤ ਸਮਾਂ ਪਹਿਲਾਂ ਆਪਣੀ ਪੁਲਸ ਨੂੰ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਸ਼ਕਤੀ ਦੇਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ ਅਤੇ ਅਦਾਲਤਾਂ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਜਾਂ ਕੈਦ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਕਿਉਂਕਿ ਸੰਘੀ ਸਰਕਾਰ ਨੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਦੇ ਖ਼ਿਲਾਫ਼ ਅਦਾਲਤੀ ਕੇਸ ਦਾਇਰ ਕੀਤਾ ਸੀ।