ਅਮਰੀਕਾ ’ਚ ਦਰਸ਼ਨ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ

ਅਮਰੀਕਾ ’ਚ ਦਰਸ਼ਨ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ

ਵਾਸ਼ਿੰਗਟਨ : ਅਮਰੀਕਾ ਦੇ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਬੀਤੇ ਦਿਨ ਵ੍ਹਾਈਟ ਹਾਊਸ ’ਚ ਦੁਪਹਿਰ ਦੇ ਖਾਣੇ ’ਤੇ ਅਮਰੀਕੀ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਿਹਾ ਕਿ ਜੋ ਸਾਡੇ ਨੌਜਵਾਨ ਬੇਰੁਜ਼ਗਾਰੀ ਵਿੱਚ ਜਾ ਰਹੇ ਹਨ, ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ। ਧਾਲੀਵਾਲ ਨੇ ਕਿਹਾ ਕਿ ਅੱਜ ਜਿਸ ਹਿਸਾਬ ਨਾਲ ਪ੍ਰਧਾਨ ਮੰਤਰੀ ਦੇਸ਼ ਲਈ ਕੰਮ ਕਰ ਰਹੇ ਹਨ, ਅਸੀਂ ਆਸ ਰੱਖਦੇ ਹਾਂ ਕਿ ਜਿੱਥੇ ਪੰਜਾਬ ਲਈ ਇਨ੍ਹਾਂ ਨੇ ਪਹਿਲਾਂ ਕਾਫੀ ਕੁਝ ਕੀਤਾ ਹੈ ਤੇ ਹੁਣ ਵੀ ਪੰਜਾਬ ’ਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਯਤਨ ਕਰਨਗੇ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਵਪਾਰਕ ਧੰਦੇ, ਕੰਮ-ਕਾਰ ਉਦਯੋਗ ਬਿਲਕੁਲ ਨਹੀਂ ਆ ਰਹੇ, ਜਿਸ ਕਾਰਨ ਸਾਡੀ ਨੌਜਵਾਨ ਪੀੜ੍ਹੀ ਬਾਹਰ ਭੱਜਣ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸਲੀ ਏਜੰਡਾ ਬੇਰੁਜ਼ਗਾਰੀ ਦਾ ਹੈ। ਇਸ ਲਈ ਤੁਸੀਂ ਪੰਜਾਬ ਵੱਲ ਹੱਥ ਵਧਾਓ, ਅਸੀਂ ਤੁਹਾਡੇ ਨਾਲ ਹਾਂ। ਉਨ੍ਹਾਂ ਕਿਹਾ ਕਿ ਵਪਾਰੀਆਂ ਨੇ ਭਾਰਤ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਹੈ। ਐੱਨ.ਆਰ.ਆਈ. ਧਾਲੀਵਾਲ ਜੋ ਕਈ ਪ੍ਰੋਗਰਾਮ ਚਲਾਉਂਦੇ ਹਨ, ਨੇ ਕਿਹਾ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਆਸ ਹੈ ਕਿ ਉਹ ਛੇਤੀ ਹੀ ਭਾਰਤ ਆ ਆਉਣਗੇ। ਅਖੀਰ ’ਚ ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਭਾਈਚਾਰੇ ਦੀ ਭਲਾਈ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਲੰਗਰ ’ਤੇ ਲਗਭਗ 18 ਫ਼ੀਸਦੀ ਜੀਐੱਸਟੀ ਘਟਾਇਆ ਹੈ ਤੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਵੀਰ ਐਲਾਨ ਕੀਤਾ।