ਅਮਰੀਕਾ-ਚੀਨ ਤਣਾਅ ਘਟਾਉਣ ਲਈ ਪੇਈਚਿੰਗ ਪੁੱਜੇ ਬਲਿੰਕਨ

ਅਮਰੀਕਾ-ਚੀਨ ਤਣਾਅ ਘਟਾਉਣ ਲਈ ਪੇਈਚਿੰਗ ਪੁੱਜੇ ਬਲਿੰਕਨ

ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨਾਲ ਕੀਤੀ ਬੈਠਕ; ਜਿਨਪਿੰਗ ਨਾਲ ਅੱਜ ਮੁਲਾਕਾਤ ਹੋਣ ਦੀ ਸੰਭਾਵਨਾ
ਪੇਈਚਿੰਗ- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਪੇਈਚਿੰਗ ਵਿਚ ਉੱਚ ਪੱਧਰੀ ਕੂਟਨੀਤਕ ਵਾਰਤਾ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮਕਸਦ ਅਮਰੀਕਾ-ਚੀਨ ਵਿਚਾਲੇ ਕਾਫੀ ਵੱਧ ਚੁੱਕੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਾ ਹੈ। ਬਲਿੰਕਨ ਨੇ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਦੇ ਨਾਲ ਬੈਠਕ ਕੀਤੀ ਤੇ ਆਪਣੀ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਕੀਤੀ। ਦੋਵਾਂ ਦੇ ਰਾਤਰੀ ਭੋਜ ਉਤੇ ਵੀ ਚਰਚਾ ਕਰਨ ਦੀ ਸੰਭਾਵਨਾ ਹੈ।

ਬਲਿੰਕਨ ਭਲਕੇ ਚੀਨ ਦੇ ਵਿਦੇਸ਼ ਮੰਤਰੀ ਨਾਲ ਦੁਬਾਰਾ ਗੱਲਬਾਤ ਤੋਂ ਇਲਾਵਾ ਚੀਨ ਦੇ ਚੋਟੀ ਦੇ ਕੂਟਨੀਤਕ ਵਾਂਗ ਯੀ ਤੇ ਸੰਭਾਵੀ ਤੌਰ ’ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਚਰਚਾ ਕਰਨਗੇ। ਚੀਨ ਦੀ ਰਾਜਧਾਨੀ ਵਿਚ ਬਲਿੰਕਨ ਦੀ ਹਾਜ਼ਰੀ ਦੇ ਬਾਵਜੂਦ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਵਰਤਮਾਨ ਗੁੰਝਲਦਾਰ ਮੁੱਦਿਆਂ ਉਤੇ ਕੋਈ ਵੀ ਮਹੱਤਵਪੂਰਨ ਸਫ਼ਲਤਾ ਮਿਲਣ ਦੀ ਉਮੀਦ ਘੱਟ ਹੀ ਹੈ, ਕਿਉਂਕਿ ਹਾਲ ਦੇ ਸਾਲਾਂ ਵਿਚ ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਵਿਚ ਤਲਖੀ ਹੋਰ ਵਧੀ ਹੈ। ਆਲਮੀ ਸੁਰੱਖਿਆ ਤੇ ਸਥਿਰਤਾ ਉਤੇ ਅਸਰ ਪਾਉਣ ਵਾਲੇ ਕਈ ਮੁੱਦਿਆਂ ’ਤੇ ਅਸਹਿਮਤੀ ’ਤੇ ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਤੇ ਦੋਸ਼ ਤੇਜ਼ੀ ਨਾਲ ਵਧੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਬਲਿੰਕਨ ਚੀਨ ਦੀ ਯਾਤਰਾ ਕਰਨ ਵਾਲੇ ਉੱਚ ਪੱਧਰ ਦੇ ਪਹਿਲੇ ਅਮਰੀਕੀ ਆਗੂ ਹਨ। ਉਹ ਪਿਛਲੇ ਪੰਜ ਸਾਲਾਂ ਵਿਚ ਪੇਈਚਿੰਗ ਦੀ ਯਾਤਰਾ ਕਰਨ ਵਾਲੇ ਪਹਿਲੇ ਅਮਰੀਕੀ ਵਿਦੇਸ਼ ਮੰਤਰੀ ਹਨ। ਬਾਇਡਨ ਤੇ ਸ਼ੀ ਪਿਛਲੇ ਸਾਲ ਬਾਲੀ ਵਿਚ ਇਕ ਬੈਠਕ ’ਚ ਬਲਿੰਕਨ ਦੇ ਦੌਰੇ ਬਾਰੇ ਸਹਿਮਤ ਹੋਏ ਸਨ। ਹਾਲਾਂਕਿ ਅਮਰੀਕਾ ਦੇ ਹਵਾਈ ਖੇਤਰ ਵਿਚ ਚੀਨ ਦਾ ਕਥਿਤ ਜਾਸੂਸੀ ਗੁਬਾਰਾ ਨਜ਼ਰ ਆਉਣ ਤੋਂ ਬਾਅਦ ਫਰਵਰੀ ਵਿਚ ਬਲਿੰਕਨ ਨੇ ਆਪਣੀ ਚੀਨ ਦੀ ਯਾਤਰਾ ਰੱਦ ਕਰ ਦਿੱਤੀ ਸੀ। ਦੋਵਾਂ ਦੇਸ਼ਾਂ ਵਿਚਾਲੇ ਅਸਹਿਮਤੀ ਤੇ ਸੰਭਾਵੀ ਟਕਰਾਅ ਦੀਆਂ ਘਟਨਾਵਾਂ ਦੀ ਸੂਚੀ ਲੰਮੀ ਹੈ ਜਿਸ ਵਿਚ ਤਾਇਵਾਨ ਦੇ ਨਾਲ ਵਪਾਰ, ਚੀਨ ਤੇ ਹਾਂਗਕਾਂਗ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਅਤੇ ਦੱਖਣੀ ਚੀਨ ਸਾਗਰ ਵਿਚ ਚੀਨੀ ਸੈਨਾ ਦੀ ਮੌਜੂਦਗੀ ਤੇ ਯੂਕਰੇਨ-ਰੂਸ ਜੰਗ ਜਿਹੇ ਮੁੱਦੇ ਸ਼ਾਮਲ ਹਨ।