ਅਮਰੀਕਾ, ਕੈਨੇਡਾ ਵਿੱਚ ਅੱਜ ਵੀ ਅੰਤਰਰਾਸ਼ਟਰੀ ਸਿੱਖ ਆਗੂਆਂ ਨੂੰ ਧਮਕੀਆਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਅਮਰੀਕਾ, ਕੈਨੇਡਾ ਵਿੱਚ ਅੱਜ ਵੀ ਅੰਤਰਰਾਸ਼ਟਰੀ ਸਿੱਖ ਆਗੂਆਂ ਨੂੰ ਧਮਕੀਆਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਅਮਰੀਕਾ ਦੀ ਖੁਫੀਆਂ ਏਜੰਸੀ ਵਲੋਂ ਸਿੱਖ ਆਗੂਆਂ ਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਸਲਾਹ

ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦੇ ਕਾਤਲਾਂ ਨੂੰ ਕਟਹਿਰੇ ’ਚ ਖੜ੍ਹਾ ਕਰਾਂਗੇ : ਡਾ. ਪ੍ਰਿਤਪਾਲ ਸਿੰਘ

ਲਿਵਰਮੋਰ/ਕੈਲੀਫੋਰਨੀਆਂ : 1947 ਤੋਂ ਬਾਅਦ ਸਿੱਖਾਂ ਨਾਲ ਧੱਕਾ ਵਿਤਕਰਾ ਬੇਇਨਸਾਫੀ ਅਤੇ ਹਮੇਸ਼ਾ ਮਤਰਈ ਮਾਂ ਵਾਲਾ ਸਲੂਕ ਹੁੰਦਾ ਆਇਆ ਹੈ ਪਹਿਲਾ ਭਾਰਤ ਵਿੱਚ ਦਹਾਕਿਆਂ ਤੋਂ ਸਿੱਖਾਂ ਦੀ ਨਸਲਕੁਸ਼ੀ ਜਾਰੀ ਹੈ। ਜਿਸ ਜਿਸਨੇ ਵੀ ਜੁਲਮ ਖਿਲਾਫ ਅਵਾਜ ਉਠਾਈ। ਉਸਨੂੰ ਦਿਨ ਦਿਹਾੜੇ ਹਮੇਸ਼ਾ ਲਈ ਗਾਇਬ ਕਰ ਦਿੱਤਾ ਗਿਆ 25000 ਸਿੱਖ ਤਾਂ ਲਵਾਰਿਸ ਕਹਿਕੇ ਹੀ ਸਾੜ ਦਿੱਤੇ ਗਏ ਅਤੇ ਸਿੱਖਾਂ ਦੇ ਸਕੂਲਾਂ ਕਾਲਜਾਂ ’ਚ ਪੜਦੇ ਬੱਚਿਆਂ ਦਾ ਸ਼ਿਕਾਰ ਖੇਡਿਆ ਗਿਆ। ਕਈ ਦਹਾਕੇ ਸੈਂਕੜੇ ਪਿੰਡਾਂ ’ਚ ਸਿੱਖਾਂ ਦੀਆਂ ਬਰਾਤਾਂ ਨਹੀਂ ਚੜ੍ਹੀਆਂ। ਪੂਰੇ ਭਾਰਤ ’ਚ ਸਿੱਖਾਂ ਦੇ ਗਲਾਂ ’ਚ ਟਾਇਰ ਪਾਕੇ ਸਾੜਿਆ ਗਿਆ ਅਤੇ ਪੂਰੇ ਭਾਰਤ ’ਚ ਤਿੰਨ ਦਿਨ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦਾ ਬੇਖੌਫ ਬਲਾਤਕਾਰ ਕੀਤਾ ਗਿਆ ਅਤੇ ਜਿਹੜਾ ਵੀ ਇਸ ਜੁਲਮ ਦੀ ਹਨੇਰੀ ਖਿਲਾਫ ਬੋਲਿਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਾਂਗ ਹਮੇਸ਼ਾ ਲਈ ਖਪਾ ਦਿੱਤਾ ਗਿਆ। ਇਸ ਇੰਤਹਾ ਤੋਂ ਬਚਣ ਲਈ ਸਿੱਖ ਵਿਦੇਸ਼ਾ ’ਚ ਸ਼ਰਨ ਲੈਣ ਲੱਗੇ ਅਤੇ ਵਿਦੇਸ਼ਾਂ ਦੀ ਧਰਤੀ ਤੋਂ ਕੌਮ ਨਾਲ ਹੋਏ ਜੁਲਮ ਲਈ ਇਨਸਾਫ ਮੰਗਣ ਲੱਗੇ ਪਰ ਭਾਰਤ ਵਲੋਂ ਹੁਣ ਵਿਦੇਸ਼ਾ ’ਚ ਵੀ ਉਹਨਾਂ ਦਾ ਬੇਰੋਕ ਟੋਕ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਇਸੇ ਹੀ ਜੁਲਮ ਦੀ ਹਨੇਰੀ ਤਹਿਤ ਕੈਨੇਡਾ ’ਚ 15 ਸਾਲ ਦੀ ਉਮਰ ’ਚ ਆਏ ਨੌਜਵਾਨ ਭਾਈ ਹਰਦੀਪ ਸਿੰਘ ਨਿਝੱਰ ਵਲੋਂ ਕੈਨੇਡਾ ’ਚ ਸ਼ਾਂਤੀਪੂਰਵਕ ਸਿੱਖ ਨਸਲਕੁਸ਼ੀ ਦੇ ਇਨਸਾਫ ਲਈ ਰੋਸ ਮਾਰਚਾਂ ਅਤੇ ਇਨਸਾਫ ਰੈਲੀਆਂ ’ਚ ਕੈਨੇਡਾ ਦੇ ਕਾਨੂੰਨ ਮੁਤਾਬਿਕ ਹਿੱਸਾ ਲੈਣਾ ਸ਼ੁਰੂ ਕੀਤਾ। ਇੱਕ ਪਲੰਬਰ ਦੇ ਤੌਰ ਉਪਰ ਆਪਣੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਇੱਕ ਸੱਚੇ ਸਿੱਖ ਵਾਂਗ ਪਾਲਣ ਪੋਸਣ ਕਰ ਰਹੇ ਨੌਜਵਾਨ ਆਗੂ ਨੂੰ ਗੁਰੂਘਰ ਦੀ ਹਦੂਦ ਅੰਦਰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਇੰਗਲੈਂਡ ’ਚ ਨੌਜਵਾਨ ਸਿੱਖ ਆਗੂ ਭਾਈ ਅਵਤਾਰ ਸਿੰਘ ਖੰਡਾ ਨਾਲ ਹੋਇਆ ਫੇਰ ਭਾਈ ਰਿਪੁਦਮਨ ਸਿੰਘ ਮਲਿਕ ਅਤੇ ਉਪ੍ਰੰਤ ਅਮਰੀਕਾ ’ਚ ਸ੍ਰ. ਪੰਨੂ ਅਗਲੇ ਨਿਸ਼ਾਨੇ ਤੋਂ ਅਮਰੀਕਾ ਦੀਆਂ ਮਹਾਨ ਖੁਫੀਆ ਏਜੰਸੀਆਂ ਕਾਰਨ ਬਚ ਗਏ। ਫੇਰ ਪਾਕਿਸਤਾਨ ’ਚ ਭਾਈ ਪੰਜਵੜ ਨੂੰ ਸ਼ਹੀਦ ਕੀਤਾ ਗਿਆ। ਉਪਰੋਕਤ ਇਹਨਾਂ ਤਿੰਨਾਂ ਸ਼ਹੀਦਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸ਼ਹੀਦ ਦਾ ਦਰਜਾ ਦੇਕੇ ਅੰਮ੍ਰਿਤਸਰ ਵਿਖੇ ਸਿੱਖ ਅਜਾਇਬ ਘਰ ’ਚ ਉਹਨਾਂ ਦੀਆਂ ਫੋਟੋਆਂ ਲਗਾਈਆਂ ਗਈਆਂ। ਪਰ ਭਾਰਤ ਸਰਕਾਰ ਵਲੋਂ ਇਹ ਜੁਲਮ ਅਤੇ ਕਤਲ ਦਾ ਦੌਰ ਅੱਜ ਵੀ ਖਤਮ ਨਹੀਂ ਹੋਇਆ। ਅੱਜ ਵੀ ਅਮਰੀਕਾ ਕੈਨੇਡਾ ’ਚ ਸਿੱਖਾਂ ਦੀਆਂ ਅੰਤਰਰਾਸ਼ਟਰੀ ਅਵਾਜ਼ਾਂ ਨੂੰ ਹਮੇਸ਼ਾ ਲਈ ਚੁੱਪ ਕਰਾਉਣ ਲਈ ਸਿੱਖਾਂ ਦੇ ਕਾਤਿਲਾਂ ਵਲੋਂ ਜੁਲਮ ਜਾਰੀ ਹਨ।
ਕੈਲੀਫੋਰਨੀਆ ਅਮਰੀਕਾ ਤੋ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਘਰ ਦੀ ਅੱਜ ਵੀ ਰੈਕੀ ਕੀਤੀ ਜਾ ਰਹੀ ਹੈ ਜਿਸ ਦੀਆਂ ਦੋ ਵੀਡੀਓ ਸੋਸ਼ਲ ਮੀਡੀਆ ਉਪਰ ਆਮ ਦੇਖੀਆਂ ਜਾ ਸਕਦੀਆਂ ਹਨ ਜਿਸ ਵਿੱਚ ਸ਼ੱਕੀ ਲੋਕ ਘਰ ਦੀਆਂ ਫੋਟੋ ਖਿੱਚ ਰਹੇ ਹਨ ਅਤੇ ਜਿਸ ਵਾਰੇ ਅਮਰੀਕਾ ਦੀ ਖੁਫੀਆ ਏਜੰਸੀ ਐਫ ਬੀ ਆਈ ਨੇ ਡਾ. ਪ੍ਰਿਤਪਾਲ ਸਿੰਘ ਸਮੇਤ ਹੋਰ ਵੱਡੇ ਸਿੱਖ ਆਗੂਆਂ ਨੂੰ ਹਮੇਸ਼ਾ ਅਲਰਟ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਈ ਨਿੱਝਰ ਦੀ ਸ਼ਹੀਦੀ ਤੋਂ ਬਾਅਦ ਹੀ ਸਾਨੂੰ ਅਮਰੀਕਾ ਨੇ ਅਲਰਟ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਬਾਰੇ ਦੁਨੀਆ ਦੇ ਵੱਡੇ ਮੀਡੀਏ ਨੇ ਭਾਰਤ ਦੇ ਇਸ ਜੁਲਮ ਖਿਲਾਫ਼ ਅਤੇ ਸਿੱਖਾਂ ਦੇ ਹੱਕ ’ਚ ਲਗਾਤਾਰ ਫਰੰਟ ਪੇਜ਼ ਉਪਰ ਆਵਾਜ਼ ਉਠਾਈ ਜਿਨ੍ਹਾਂ ਵਿਚ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਗਲੋਬ ਐਂਡ ਮੇਲ, ਸੀ.ਐਨ.ਐਨ. ਅਤੇ ਹੋਰ ਨਾਮਵਰ ਨਾਮ ਸ਼ਾਮਲ ਹਨ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਸਿੱਖਾਂ ਉਪਰ ਜੁਲਮ ਕੀਤਾ ਪਰ ਅਖੀਰ ’ਚ ਉਹ ਨਾਸ ਤੋਂ ਨਾਬੂਤ ਹੋ ਗਈਆਂ। ਕਈ ਜਾਲਮ ਆਏ ਅਤੇ ਚਲੇ ਗਏ। ਖਾਲਸਾ ਪੰਥ ਅੱਜ ਵੀ ਗੁਰੂ ਦੀ ਕਿਰਪਾ ਨਾਲ ਜੁਲਮ ਦਾ ਸਾਹਮਣਾ ਕਰਨ ਲਈ ਖਿੜੇ ਮੱਥੇ ਖੜ੍ਹਾ ਹੈ। ਭਾਵੇਂ ਭਾਰਤ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਇਹ 1984 ਵਾਲਾ ਸਮਾਂ ਨਹੀਂ ਪੂਰੀ ਦੁਨੀਆ ’ਚ ਸਿੱਖ ਜਾਗ ਗਏ ਹਨ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਿੱਖਾਂ ਦੇ ਕਾਤਲਾਂ ਨੂੰ ਕਟਹਿਰੇ ’ਚ ਖੜ੍ਹਾ ਕਰਾਂਗੇ ਅਤੇ ਪੰਜਾਬ ਦੀ ਪਵਿੱਤਰ ਧਰਤੀ ਉਪਰ ਖਾਲਸੇ ਦਾ ਪੰਚਮ ਲਹਿਰਾਵਾਂਗੇ।