ਅਮਰੀਕਾ : ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ’ਚ ‘ਟਾਈ ਬ੍ਰੇਕਿੰਗ ਵੋਟ’ ਨਾਲ ਰਚਿਆ ਇਤਿਹਾਸ

ਅਮਰੀਕਾ : ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ’ਚ ‘ਟਾਈ ਬ੍ਰੇਕਿੰਗ ਵੋਟ’ ਨਾਲ ਰਚਿਆ ਇਤਿਹਾਸ

ਵਾਸ਼ਿੰਗਟਨ – ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ਵਿਚ ਦੋਵਾਂ ਪਾਸਿਆਂ ਤੋਂ ਬਰਾਬਰ ਵੋਟਾਂ ਪੈਣ ਦੀ ਸਥਿਤੀ ਵਿਚ ਆਪਣੀ ਵੋਟ (ਟਾਈ ਬ੍ਰੇਕਿੰਗ ਵੋਟ) ਪਾ ਕੇ ਅਮਰੀਕਾ ਦੇ ਇਤਿਹਾਸ ਵਿਚ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹੈਰਿਸ ਨੇ ਇਸ ਤਰ੍ਹਾਂ ਉਪ-ਰਾਸ਼ਟਰਪਤੀ ਵਜੋਂ ‘ਟਾਈ-ਬ੍ਰੇਕਿੰਗ ਵੋਟ’ ਪਾ ਕੇ 191 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੰਘੀ ਏਜੰਸੀ ਦੇ ਮੈਂਬਰ ਵਜੋਂ ਭਾਰਤੀ ਮੂਲ ਦੀ ਕਲਪਨਾ ਕੋਟਾਗਲ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ।
ਹੈਰਿਸ ਨੇ ਇਸ ਤਰ੍ਹਾਂ ਸੈਨੇਟਰ ਜੌਹਨ ਸੀ ਕੈਲਹੌਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੈਲਹੌਨ ਨੇ 1825 ਤੋਂ 1832 ਤਕ ਸਾਬਕਾ ਰਾਸ਼ਟਰਪਤੀਆਂ ਜੌਨ ਕੁਇੰਸੀ ਐਡਮਜ਼ ਅਤੇ ਐਂਡਰਿਊ ਜੈਕਸਨ ਦੇ ਅਧੀਨ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ ਸੀ। ਇਸ ਤੋਂ ਪਹਿਲਾਂ ਹੈਰਿਸ ਨੇ 2020 ਵਿਚ ਅਮਰੀਕਾ ਦੀ ਫਸਟ ਲੇਡੀ ਅਤੇ ਪਹਿਲੀ ਅਸ਼ਵੇਤ ਉਪ-ਰਾਸ਼ਟਰਪਤੀ ਬਣ ਕੇ ਇਤਿਹਾਸ ਰਚਿਆ ਸੀ। ਹੈਰਿਸ (58) ਨੇ ਬੁੱਧਵਾਰ ਨੂੰ ‘ਈਕੁਅਲ ਇੰਪਲਾਏਮੈਂਟ ਅਪਾਰਚਿਊਨਿਟੀ ਕਮਿਸ਼ਨ’ ਦੇ ਮੈਂਬਰ ਵਜੋਂ ਸੇਵਾ ਕਰਨ ਲਈ, ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਦੀ ਮਾਹਿਰ, ਕੋਟਾਗਲ ਦੀ ਨਾਮਜ਼ਦਗੀ ਲਈ ਆਪਣੀ ਵੋਟ ਪਾਈ।
‘ਈਕੁਅਲ ਇੰਪਲਾਏਮੈਂਟ ਅਪਾਰਚਿਊਨਿਟੀ ਕਮਿਸ਼ਨ’ ਸੰਘੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਸੰਸਥਾ ਹੈ। ਇਹ ਕਮਿਸ਼ਨ ਕਿਸੇ ਵੀ ਨੌਕਰੀ ਦੇ ਬਿਨੈਕਾਰ ਜਾਂ ਕਰਮਚਾਰੀ ਨਾਲ ਉਸਦੀ ਨਸਲ, ਰੰਗ, ਧਰਮ, ਲਿੰਗ, ਰਾਸ਼ਟਰੀ ਮੂਲ, ਉਮਰ (40 ਜਾਂ ਵੱਧ), ਅਪਾਹਜਤਾ ਜਾਂ ਜੈਨੇਟਿਕ ਜਾਣਕਾਰੀ ਦੇ ਅਾਧਾਰ ’ਤੇ ਵਿਤਕਰੇ ਨੂੰ ਰੋਕਣ ਲਈ ਕੰਮ ਕਰਦੀ ਹੈ।