ਅਮਰੀਕਨ ਸਿੱਖ ਕਾਕਸ ਵਫਦ ਨੇ ਅਮਰੀਕਨ ਪ੍ਰੈਜੀਡੈਂਟ ਨਾਲ ਕੀਤੀ ਮੁਲਾਕਾਤ

ਅਮਰੀਕਨ ਸਿੱਖ ਕਾਕਸ ਵਫਦ ਨੇ ਅਮਰੀਕਨ ਪ੍ਰੈਜੀਡੈਂਟ ਨਾਲ ਕੀਤੀ ਮੁਲਾਕਾਤ

ਸਿੱਖਾਂ ਦੀ ਸੁਰੱਖਿਆ ਅਤੇ ਭਾਰਤ ਖਿਲਾਫ ਅਡਵਾਈਜਰੀ ਜਾਰੀ ਕਰਨ ਦੀ ਮੰਗ

  • ਯੂ ਐਸ ਪ੍ਰੈਜੀਡੈਂਟ ਬਾਈਡਨ ਵਲੋਂ 26 ਜਨਵਰੀ ਗਣਤੰਤਰ ਦਿਵਸ ਚ ਸ਼ਾਮਲ ਹੋਣ ਦਾ ਭਾਰਤੀ ਸੱਦਾ ਰੱਦ
  • ਸਰਕਾਰੀ ਕਤਲ ਸਿੱਖਾਂ ਨੂੰ ਪਹਿਲਾ ਚੁੱਪ ਕਰਾ ਸਕੇ ਅਤੇ ਨਾਹੀ ਹੁਣ ਕਰਾ ਸਕਣਗੇ ਡਾ. ਪ੍ਰਿਤਪਾਲ ਸਿੰਘ
    ਭਾਰਤ ਵਲੋਂ ਵਿਦੇਸ਼ਾਂ ’ਚ ਸਿੱਖਾਂ ਦੇ ਕਤਲੇਆਮ ਨੂੰ ਠੱਲ ਪਾਉਣ ਲਈ ਅਮਰੀਕਾ ਦੇ ਉਘੇ ਸਿੱਖ ਵਫਦ ਜਿਨ੍ਹਾਂ ’ਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਕਮੇਟੀ ਵੱਲੋਂ ਕੁਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇਕ ਵਫਦ ਨੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕੀਤੀ। ਇਸ ਵਫਦ ਵਿਚ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ, ਯਾਦਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਵੀ ਸ਼ਾਮਲ ਸਨ। ਵਫਦ ਨੇ ਇਕ ਮੈਮੋਰੰਡਮ ਰਾਹੀਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਬਾਰੇ ਜਾਣੂ ਕਰਵਾਇਆ। ਇਸ ਲਿਖਤੀ ਮੰਗ ਪੱਤਰ ਵਿਚ ਦੱਸਿਆ ਗਿਆ ਕਿ ਭਾਰਤ ਸਰਕਾਰ ਦੇ ਇਕ ਅਧਿਕਾਰੀ ਦੇ ਹਾਲ ਹੀ ਦੇ ਦੋਸ਼ਾਂ ਤੋਂ ਬਾਅਦ ਜੋ ਸੱਚਾਈ ਸਾਹਮਣੇ ਆਈ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਇਸ ਅਧਿਕਾਰੀ ’ਤੇ ਅਮਰੀਕਾ ਦੇ ਨਿਊਯਾਰਕ ਵਿਚ ਰਹਿੰਦੇ ਸਿੱਖ ਆਗੂ ਦੀ ਹੱਤਿਆ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਗਿਆ ਕਿ ਇਸੇ ਸਾਲ ਇਕ ਕੈਨੇਡੀਅਨ ਸਿੱਖ ਆਗੂ ਦੀ ਹੱਤਿਆ ’ਚ ਵੀ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲੱਗੇ ਸਨ। ਵਫਦ ਨੇ ਅਮਰੀਕੀ ਪ੍ਰਸ਼ਾਸਨ ਦੀਆਂ ਏਜੰਸੀਆਂ ਵੱਲੋਂ ਇਸ ਸੰਬੰਧੀ ਆਵਾਜ਼ ਉਠਾਉਣ ਦੀ ਖੁਸ਼ੀ ਜ਼ਾਹਿਰ ਕੀਤੀ ਹੈ। ਵਫਦ ਨੇ ਨਵੇਂ ਲਾਂਚ ਕੀਤੇ ਜੀ-7 ਰੈਪਿਡ ਰਿਸਪਾਂਸ ਮਕੈਨਿਜ਼ਮ ਵਰਕਿੰਗ ਗਰੁੱਪ ਨੂੰ ਅੰਤਰਰਾਸ਼ਟਰੀ ਜ਼ੁਲਮ ਦਾ ਮੁਕਾਬਲਾ ਕਰਨ ਦੇ ਸਿਧਾਂਤਾਂ ਦੇ ਐਲਨਨਾਮੇ ’ਤੇ ਦਸਤਖਤ ਕਰਨ ਲਈ ਅਮਰੀਕੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਵਫਦ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੰਗ ਕੀਤੀ ਗਈ ਕਿ ਅਮਰੀਕੀ ਸਰਕਾਰ ਵੱਲੋਂ ਬਿੱਲ ਨੰਬਰ ਐੱਸ-831 ਅਤੇ ਐੱਚ.ਆਰ.-3654 ਨੂੰ ਪਾਸ ਕਰਵਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ। ਇਸ ਨਾਲ ਅੰਤਰਰਾਸ਼ਟਰੀ ਜ਼ੁਲਮ ’ਤੇ ਠੱਲ੍ਹ ਪਵੇਗੀ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾ ਸਕੇਗੀ।
    ਵਫਦ ਨੇ ਅਮਰੀਕੀ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਅਮਰੀਕੀ ਨਾਗਰਿਕਾਂ ਦੀ ਰੱਖਿਆ ਲਈ ਨਿਰਣਾਇਕ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਮਹਾਨ ਰਾਸ਼ਟਰ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਜ਼ੁਲਮ ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਦੀ ਉਲੰਘਣਾ ਹੈ, ਜਿਸ ਨੂੰ ਠੱਲ੍ਹ ਪਾਉਣੀ ਜ਼ਰੂਰੀ ਹੈ। ਸਿੱਖ ਵਫਦ ਨੇ ਯੂ ਐਸ ਪ੍ਰੈਜੀਡੈਂਟ ਬਾਈਡਨ ਤੋਂ ਭਾਰਤ ਖਿਲਾਫ ਐਡਵਾਈਜਰੀ ਜਾਰੀ ਕਰਨ ਲਈ ਮੰਗ ਪਤਰ ਦਿੱਤਾ ਗਿਆ। ਇਸ ਬਾਰੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦੇ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਸਿੱਖ ਕਾਕਸ ਦੇ ਕੋਆਰਡੀਨੇਟਰ ਡਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਰਤ ’ਚ ਪਿਛਲੇ ਚਾਰ ਦਹਕਿਆਂ ਤੋਂ ਸਿੱਖਾਂ ਦਾ ਸਰਕਾਰੀ ਕਤਲੇਆਮ ਹੋ ਰਿਹਾ ਹੈ ਸਿੱਖਾਂ ਨੂੰ ਇਨਸਾਫ ਤਾਂ ਕੀ ਮਿਲਣਾ ਭਾਰਤ ਸਰਕਾਰ ਨੇ ਵਿਦੇਸ਼ਾਂ ’ਚ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਹੈ ਇਹ ਇੱਕ ਦਹਿਸ਼ਤਗਰਦੀ ਕਾਰਵਾਈ ਹੈ ਜਿਸ ਦਾ ਸਿੱਖ ਢੁਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਨਾ ਸਰਕਾਰੀ ਕਤਲ ਸਿੱਖਾਂ ਨੂੰ ਪਹਿਲਾਂ ਚੁੱਪ ਕਰਾ ਸਕੇ ਅਤੇ ਨਾ ਹੀ ਹੁਣ ਕਰਾ ਸਕਣਗੇ। ਜਦੋਂ ਤੱਕ ਸਿੱਖ ਇਨਸਾਫ ਅਤੇ ਆਪਣਾ ਘਰ ਨਹੀ ਲੈ ਲੈਂਦੇ ਚੁੱਪ ਕਰਕੇ ਨਹੀਂ ਬੈਠਣਗੇ।