ਅਮਨ ਭੰਗ ਕਰਨ ਦੇ ਦੋਸ਼ ਹੇਠ ਅੰਮ੍ਰਿਤਪਾਲ ਦੇ ਵੱਡੀ ਗਿਣਤੀ ਸਮਰਥਕ ਗ੍ਰਿਫ਼ਤਾਰ

ਅਮਨ ਭੰਗ ਕਰਨ ਦੇ ਦੋਸ਼ ਹੇਠ ਅੰਮ੍ਰਿਤਪਾਲ ਦੇ ਵੱਡੀ ਗਿਣਤੀ ਸਮਰਥਕ ਗ੍ਰਿਫ਼ਤਾਰ

ਗੁਰੂਸਰ ਸੁਧਾਰ ’ਚ 21 ਜਣਿਆਂ ਨੂੰ ਦਸ ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਿਆ
ਗੁਰੂਸਰ ਸੁਧਾਰ/ਤਲਵੰਡੀ ਸਾਬੋ -‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੁਲੀਸ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਵਿਰੋਧ ਵਿੱਚ ਸੂਬੇ ਵਿੱਚ ਕਈ ਥਾਈਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਆਵਾਜਾਈ ਠੱਪ ਕਰਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਪੁਲੀਸ ਵੱਲੋਂ ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਵੱਡੀ ਗਿਣਤੀ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਤਹਿਤ ਆਉਂਦੇ ਥਾਣਾ ਸੁਧਾਰ ਦੀ ਪੁਲੀਸ ਵੱਲੋਂ ਬੋਪਾਰਾਏ ਕਲਾਂ ਦੇ ਗੁਰੂਘਰ ਦੇ ਮੁੱਖ ਗ੍ਰੰਥੀ ਹਰਜੀਤ ਸਿੰਘ ਉਰਫ਼ ਬਾਬਾ ਜਰਨੈਲ ਸਿੰਘ ਸਮੇਤ 21 ਵਿਅਕਤੀਆਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਦੀਆਂ ਖ਼ਬਰਾਂ ਆਉਣ ਮਗਰੋਂ ਹਰਜੀਤ ਸਿੰਘ ਉਰਫ਼ ਜਰਨੈਲ ਸਿੰਘ ਦੀ ਅਗਵਾਈ ਹੇਠ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਬੁੱਢੇਲ ਦੇ ਮੁੱਖ ਚੌਕ ਵਿੱਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪੁਲੀਸ ਨੇ ਬਾਅਦ ਵਿੱਚ ਆਵਾਜਾਈ ਬਹਾਲ ਕਰਵਾਈ ਸੀ। ਅੱਜ ਮੁੜ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ ਪੁਲੀਸ ਨੇ ਸਖ਼ਤੀ ਨਾਲ ਪੇਸ਼ ਆਉਂਦਿਆਂ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਪ ਪੁਲੀਸ ਕਪਤਾਨ ਜਸਬਿੰਦਰ ਸਿੰਘ ਖਹਿਰਾ ਅਨੁਸਾਰ ਮੁਲਜ਼ਮਾਂ ਨੂੰ ਦੇਰ ਸ਼ਾਮ ਰਾਏਕੋਟ ਤਹਿਸੀਲ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 28 ਮਾਰਚ ਤੱਕ ਜੁਡੀਸ਼ਲ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਤਲਵੰਡੀ ਸਾਬੋ ਸਥਿਤ ਖੰਡਾ ਚੌਕ ਵਿੱਚ ਲੰਘੀ ਰਾਤ ਧਰਨਾ ਦੇ ਰਹੇ 16 ਵਿਅਕਤੀਆਂ ਨੂੰ ਸਥਾਨਕ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਪਹਿਲਾਂ ਉਕਤ ਧਰਨਾਕਾਰੀਆਂ ਨੂੰ ਉਥੋਂ ਚਲੇ ਜਾਣ ਲਈ ਕਿਹਾ, ਪਰ ਜਦੋਂ ਉਨ੍ਹਾਂ ਧਰਨਾ ਨਾ ਹਟਾਇਆ ਤਾਂ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਈ। ਪੁਲੀਸ ਵੱਲੋਂ ਅੱਜ ਮੁਲਜ਼ਮਾਂ ਪ੍ਰਦੀਪ ਸਿੰਘ ਸੋਨੀ ਬਾਬਾ ਤੇ ਸਾਧਾ ਸਿੰਘ (ਦੋਵੇਂ ਵਾਸੀ ਤਲਵੰਡੀ ਸਾਬੋ), ਅਮਰਦੀਪ ਸਿੰਘ ਵਾਸੀ ਤੁੰਗਰਾਲੀ, ਕਾਲਾ ਸਿੰਘ, ਕਰਨਜੀਤ ਸਿੰਘ, ਗੁਰਪਿਆਰ ਸਿੰਘ, ਕਾਲਾ ਸਿੰਘ, ਲਵਦੀਪ ਸਿੰਘ, ਨਿੱਕਾ ਸਿੰਘ, ਸੁਖਦੀਪ ਸਿੰਘ, ਭਿੰਦਾ ਸਿੰਘ, ਦੀਪਾ ਸਿੰਘ, ਸਾਹਿਬ ਸਿੰਘ, ਜਸਵਿੰਦਰ ਸਿੰਘ ਪ੍ਰੀਤੀ, ਕਾਲਾ ਸਿੰਘ, ਸਤਨਾਮ ਸਿੰਘ (ਸਾਰੇ ਵਾਸੀ ਲੇਲੇਵਾਲਾ) ਨੂੰ ਐੱਸਡੀਐੱਮ ਤਲਵੰਡੀ ਸਾਬੋ ਗਗਨਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 24 ਮਾਰਚ ਤੱਕ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ ਗਿਆ ਹੈ।

ਅੰਮ੍ਰਿਤਪਾਲ ਸਿੰਘ ਦੇ ਸਮਰਥਕ ਸ਼ੰਭੂ ਬਾਰਡਰ ਤੋਂ ਗ੍ਰਿਫ਼ਤਾਰ

ਅੰਬਾਲਾ:  ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ ਮਗਰੋਂ ਅੰਬਾਲਾ ਵਿੱਚ ਵੀ ਹਲਚਲ ਮੱਚ ਗਈ ਹੈ। ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਆਉਂਦਿਆਂ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਮ 4 ਵਜੇ ਸ਼ੰਭੂ ਬਾਰਡਰ ’ਤੇ ਇਕੱਠੇ ਹੋ ਕੇ ਪੁਲੀਸ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇ। ਇਹ ਵੀਡੀਓ ਵਾਇਰਲ ਹੋਣ ਮਗਰੋਂ ਅੰਬਾਲਾ ਪੁਲੀਸ ਵੀ ਮੁਸਤੈਦ ਹੋ ਗਈ। ਹਾਲਾਂਕਿ ਨਵਦੀਪ ਸਿੰਘ ਖ਼ੁਦ ਸ਼ੰਭੂ ਬਾਰਡਰ ’ਤੇ ਨਹੀਂ ਪਹੁੰਚਿਆ, ਪਰ ਉਸ ਦੇ ਸੱਦੇ ’ਤੇ ਉੱਥੇ ਪਹੁੰਚਣ ਵਾਲੇ ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਨਵਦੀਪ ਸਿੰਘ ਦੀ ਵੀਡੀਓ ਸਾਂਝੀ ਹਣ ਮਗਰੋਂ ਪੁਲੀਸ ਵੱਲੋਂ ਸ਼ੰਭੂ ਬਾਰਡਰ ’ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਅਤੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਡੀਐੱਸਪੀ ਜੋਗਿੰਦਰ ਸ਼ਰਮਾ ਤੇ ਰਮੇਸ਼ ਕੁਮਾਰ ਪੁਲੀਸ ਬਲ ਨਾਲ ਇਸ ਵੇਲੇ ਸ਼ੰਭੂ ਬਾਰਡਰ ’ਤੇ ਤਾਇਨਾਤ ਹਨ।