ਅਫਗਾਨਿਸਤਾਨ ਵਿੱਚ ਪਈਆਂ ਲਿੱਖਤੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ

ਅਫਗਾਨਿਸਤਾਨ ਵਿੱਚ ਪਈਆਂ ਲਿੱਖਤੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ

“ਡਾ ਜਸਬੀਰ ਸਿੰਘ ਸਰਨਾ”:-

ਅਫਗਾਨਿਸਤਾਨ ਵਿੱਚ ਅਨੇਕਾਂ ਗੁਰਦੁਆਰੇ, ਅਸਥਾਨ, ਧਰਮਸ਼ਾਲਾਵਾਂ ਅਤੇ ਡੇਰੇ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕਾਂ ਹੱਥ-ਲਿੱਖਤੀ ਬੀੜਾਂ ਹਨ। ਇਨ੍ਹਾਂ ਬੀੜਾਂ ਦੀ ਨਿਸ਼ਾਨਦੇਹੀ 1952 ਵਿੱਚ ਡਾ ਗੰਡਾ ਸਿੰਘ ਨੇ ਅਫਗਾਨਿਸਤਾਨ ਜਾ ਕੇ ਕੀਤੀ ਸੀ। ਇੱਥੇ ਅਸੀਂ ਉਨ੍ਹਾਂ ਬੀੜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਣ ਦਾ ਯਤਨ ਕਰਾਂਗੇ।
ਗਜ਼ਨੀ : ਸੁਥਰਿਆਂ ਦੀ ਧਰਮਸ਼ਾਲਾ ਸ਼ਿਕਾਰਪੁਰੀ ਬਾਜ਼ਾਰ ਵਿੱਚ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਇਕ ਹੱਥ-ਲਿਖਤੀ ਬੀੜ ਹੈ ਜੋ ਭਾਈ ਬੰਨੋ ਵਾਲੀ ਬੀੜ ਦਾ ਉਤਾਰਾ ਹੈ।
ਵੱਡੀ ਧਰਮਸ਼ਾਲਾ ਸ਼ਿਕਾਰਪੁਰੀ ਬਾਜ਼ਾਰ ਵਿੱਚ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਹੈ ਜਿਸ ਤੇ ਸੰਮਤ ੧੭੨੫ ਅਹਾੜ ਸੁਦੀ ੫,ਸੰਨ ੧੬੬੮ ਈਸਵੀ ਹੈ। ਇਹ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੀ ਲਿੱਖੀ ਹੋਈ ਹੈ। ਇਸ ਦੇ ੫੦੦ ਅੰਕ ਹਨ। ਇਸ ਬੀੜ ਵਿੱਚ ਗੁਰੂ ਸਾਹਿਬਾਨ ਦੇ ਜੋਤੀਜੋਤ ਸਮਾਉਣ ਦੀਆਂ ਥਿਤਾਂ ਇਸ ਪ੍ਰਕਾਰ ਹਨ :
ਗੁਰੂ ਨਾਨਕ. ਸੰਮਤ ੧੫੯੬. ਅਸੂ ਵਦੀ ੧੦
ਗੁਰੂ ਅੰਗਦ. ਸੰਮਤ ੧੬੦੯ ਚੇਤ ਸੁਦੀ ੪
ਗੁਰੂ ਅਮਰਦਾਸ ਸੰਮਤ ੧੬੩੧ ਭਾਦੋ ਸੁਦੀ ੧੫
ਗੁਰੂ ਰਾਮਦਾਸ. ੧੬੩੮ ਭਾਦੋੰ ਸੁਦੀ ੩
ਗੁਰੂ ਅਰਜਨ ਮਲ ੧੬੬੩ ਜੇਠ ਸੁਦੀ ੫
ਗੁਰੂ ਹਰਿਗੋਬਿੰਦ ੧੭੦੧ ਚੇਤ ਸੁਦੀ ੫
ਗੁਰੂ ਹਰਿਰਾਇ ੧੭੧੮ ਕਤਕ ਵਦੀ ੯
ਗੁਰੂ ਹਰਿਕ੍ਰਿਸ਼ਨ ੧੭੨੧ ਚੇਤ ਸੁਦੀ ੧੪
ਗੁਰੂ ਤੇਗ ਬਹਾਦਰ ੧੭੩੨ ਮਘੱਰ ਸੁਦੀ ੫
ਛੋਟੀ ਧਰਮਸ਼ਾਲਾ ਸ਼ਿਕਾਰ ਪੁਰੀ ਬਾਜ਼ਾਰ ਵਿੱਚ ਦੋ ਲਿਖਤੀ ਬੀੜਾਂ ਹਨ। ਗਜ਼ਨੀ ਵਿੱਚ 1952 ਵਿੱਚ ਸਿੱਖਾਂ ਦੇ 60 ਘਰ ਅਤੇ 300 ਦੀ ਆਬਾਦੀ ਸੀ। ਇੱਥੇ ਇਕ ਪੁਰਾਣਾ ਗੁਰਦੁਆਰਾ ਸਾਹਿਬ ਹੈ ਜਿਸ ਵਿੱਚ ਸੱਤ ਪ੍ਰਾਚੀਨ ਲਿੱਖਤੀ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਅਤੇ ਇਕ ਦਸਮ ਗ੍ਰੰਥ ਦੀ ਹੈ। ਚਾਰ ਬੀੜਾਂ ਉਤੇ ਸੰਮਤ ੧੮੧੧,੧੮੧੪,੧੮੨੧,੧੮੨੫ ਬਿਕ੍ਰਮੀ ਦਿਤੇ ਹਨ। ਇੱਥੇ ਦਸਮ ਗ੍ਰੰਥ ਸਾਹਿਬ ਦੀ ਬੀੜ ਦੇ ਅੰਤ ਵਿੱਚ ਜ਼ਫ਼ਰਨਾਮਾ ਤੇ ਹਿਕਾਇਤਾਂ ਫ਼ਰਸੀ ਅੱਖਰਾਂ ਵਿੱਚ ਲਿਖੀਆਂ ਹਨ।
ਕਾਬੁਲ : ਇਹ ਗੁਰਦੁਆਰਾ ਸੱਭ ਤੋਂ ਪੁਰਾਤਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਭਾਈ ਗੁਰਦਾਸ ਦੇ ਇੱਥੇ ਆਉਣ ਸਮੇਂ ਕਾਇਮ ਹੋਇਆ ਸੀ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਲਿੱਖਤੀ ਬੀੜ ਹੈ ਜਿਸ ਤੇ ਸੰਮਤ ੧੭੬੯ (ਸੰਨ ੧੭੧੨ ਈ) ਲਿਖਿਆ ਹੈ। ਆਰੰਭ ਵਿੱਚ ਤਤਕਰੇ ਦੇ ਪੰਜ ਪਤਰੇ ਹਨ।
ਗੁਰਦੁਆਰਾ ਬਾਬਾ ਸ਼੍ਰੀ ਚੰਦ, ਕਸ਼ਮੀਰ ਦੇ ਜੰਮਪਲ ਬਾਬਾ ਅਲਮਸਤ ਜੀ ਨੇ ਕਾਇਮ ਕੀਤਾ ਸੀ। ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਲਿਖਤੀ ਬੀੜਾਂ ਹਨ ਜਿਨ੍ਹਾਂ ਤੇ ਉਪੱਰ ਸੰਮਤ ੧੯੧੮ ਜੇਠ ੨੫ ਲਿਖਿਆ ਹੈ।
ਗੁਰਦੁਆਰਾ ਗੰਜ ਬਖਸ਼: ਇਹ ਗੁਰਦੁਆਰਾ ਗੁਰਦਾਸਪੁਰ ਦੇ ਉਘੇ ਸਾਧੂ ਦੇ ਨਾਂ ਤੇ ਬਣਿਆ ਹੋਇਆ ਹੈ । ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਬਣ ਕੇ ਧਰਮ ਪ੍ਰਚਾਰ ਕਰਦੇ ਰਹੇ। ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਬੀੜਾਂ ਹਨ। ਜਿਨ੍ਹਾਂ ਵਿਚੋਂ ਇਕ ਸੰਮਤ ੧੮੦੬ ਮਿਤੀ ਕਤਕ ਵਦੀ ਪੰਚਮੀ ਵੀਰਵਾਰ (ਸੰਨ ੧੭੪੯ ਈ) ਲਿਖਿਆ ਹੈ। ਇੱਥੇ ਕਲਮੀ ਤਸਵੀਰਾਂ ਗੁਰੂ ਅੰਗਦ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਦੀਆਂ ਹਨ।
ਗੁਰਦੁਆਰਾ ਜੋਤੀ ਸਰੂਪ, ਲਾਹੌਰੀ ਦਰਵਾਜ਼ਾ। ਇੱਥੇ ਅਖੰਡ ਜੋਤ ਲਗਾਤਾਰ ਜਗਦੀ ਹੈ ਇਸੇ ਲਈ ਨਾਂ ਗੁਰਦੁਆਰਾ ਜੋਤੀ ਸਰੂਪ ਪੈ ਗਿਆ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲਿੱਖਤੀ ਬੀੜ ਹੈ ਜਿਸ ਉਪਰ ਤਤਕਰੇ ਤੋਂ ਪਹਿਲਾਂ ੧੯੦੪ ਮਿਤੀ ਅਸੂ ਦਿਨ ਦਸ ੧੦ ਲਿਖਿਆ ਹੋਇਆ ਹੈ। ਪਹਿਲੇ ਪਤੱਰੇ ਦੇ ਪਿਛੱਲੇ ਪਾਸੇ, ਅਰੰਭ ਦੇ ਪਤਰੇ ਦੇ ਸਾਹਮਣੇ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ। ਭਾਈ ਬਾਲਾ ਤੇ ਮਰਦਾਨਾ ਨਾਲ ਹਨ ਤੇ ਦਰਖੱਤ ਹੇਠ ਬੈਠੇ ਹਨ।
ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ, ਕੰਧਾਰੀ ਕੂਚਾ ਹਿੰਦੂ ਗ਼ੁਜ਼ਰ। ਇੱਥੇ ਇਕ ਲਿਖਤੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ।
ਗੁਰਦੁਆਰਾ ਭਾਈ ਪਿਰਾਣਾ ਸਰਾਇ ਲਾਹੋਰੀਆ। ਭਾਈ ਪਿਰਾਣਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਸਿੱਧ ਯੋਧਾ, ਉਘਾ ਸੂਰਬੀਰ ਅਤੇ ਧਰਮ ਪ੍ਰਚਾਰਕ ਸੀ। ਇਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਲਿਖੱਤੀ ਬੀੜ ਮੋਜੂਦ ਹੈ।
ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਇ ਸਾਹਿਬ, ਮੰਜੀ ਅਸਥਾਨ ਭਾਈ ਗੋਇੰਦਾ। ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਲਿੱਖਤੀ ਬੀੜਾਂ ਹਨ ਜਿਨ੍ਹਾਂ ਵਿਚੋਂ ਇਕ ਦੇ ਤਤਕਰੇ ਤੋਂ ਬਾਅਦ ਪਤਰਾ ੩੪ ਉਪਰ ਚਲਿਤ੍ਰ ਜੋਤੀਜੋਤ ਸਮਾਵਣਾ ਦਾ ਹੈ।
ਸੰਮਤ ੧੬੯੫ ਵਰਖੇ ਮਾਹੁ ਚੇਤ ਸੁਦੀ ੯ ਸ੍ਰੀ ਸਤਿਗੁਰੂ ਬਾਬਾ ਗੁਰਦਿੱਤਾ ਜੀ ਸਮਾਣੇ
ਸੰਮਤ ੧੭੦੧ ਚੇਤ ਸੁਦੀ ੫ ਆਇਤਵਾਰ ਨਉਂ ਘੜੀਆਂ ਰਾਤ ਜਾਂਦੀ ਨੂੰ ਸ੍ਰੀ ਸਤਿਗੁਰੂ ਕਾਰਣ ਕਰਣ ਸਮਰਥ ਕਰਤਾ ਪੁਰਖੁ ਨਿਰੰਕਾਰ ਨਿਰਵੈਰੁ ਅਕਾਲ ਮੂਰਤਿ ਕਰਤਾ ਪੁਰਖੁ ਸ੍ਰੀ ਹਰਗੋਬਿੰਦ ਜੀ ਸਮਾਣੇ ਕੀਰਤਿਪੁਰ ਕੇ ਹੇਠਿ ਥਾ ਪਾਤਾਲ ਗੜ੍ਹ ਨਾਉਂ ਥਾ ਕੋਠੇ ਵਿਚ ਪੰਜ ਦਿਨ ਸਾਂਗੂ ਹੋਆ ਰਾਤ ਆਵਦੀ ਨੂੰ ਸਮਾਣਾ ਨਦੀ ਉਤੇ ਦਾਗੂ ਰਾਜ ਕਹਿਲੂਰ ਕੇ ਵਿਚ ਅਗੈ ਜੋ ਗੁਰੂ ਭਾਵੈਗਾ ਸੋ ਹੋਵੇਗਾ ਤਾਂ ਕੋ ਜੀਵੇ ਸੋ ਕੋਈ ਲਿਖੇਗਾ ਗੁਰੂ ਕੀ ਗਲ ਗੁਰੂ ਜਾਣੈ ॥
ਸੰਮਤ ੧੭੧੮ ਕਤਕ ਵਦੀ ੯ ਆਇਤਵਾਰ ਘੜੀਆਂ ੬ ਦਿਨ ਰਹਤੇ ਸ੍ਰੀ ਸਤਿਗੁਰੂ ਹਰਿ ਰਾਏ ਜੀ ਸਮਾਣੇ)
ਸੰਮਤ ੧੭੨੧ ਚੇਤ ਸੁਦੀ ੧੪ ਬੁਧਵਾਰ ਦੁਇ ਪਹਰ ਦੁਇ ਘੜੀਆ ਰਾਤਿ ਗੁਦਰੀ (ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਜੀ ਸਮਾਣੇ)
ਸੰਮਤ ੧੭੩੨ ਮਿਤੀ ਮੱਘਰ ਸੁਦੀ ੫ ਵੀਰਵਾਰ ਦੁਇ ਪਹਰ ਇਕ ਘੜੀ ਦਿਨ ਚੜਿਆ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਸਮਾਣੇ ਦਿਲੀ ਵਿਚ ਸਾਂਗੁ ਹੋਆ ਗੁਰੂ ਕੀਤਾ ।
ਸੰਮਤ ੧੭੬੫ ਕਤਕ ਵਦੀ ੫ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸਮਾਣੇ ਡੂਧ ਪਹਰ ਰਾਤ ਗਈ ਵੀਰਵਾਰ ਦਖਣ ਦੇਸ ਵਿਚ ਨਦੇੜ ਪਾਸ ਬਾਨ ਗੰਗਾ ਉਪਰ ।
ਇਸ ਪੱਤਰੇ ਦਾ ਦੂਸਰਾ ਪਾਸਾ ਖਾਲੀ ਹੈ, ਅੰਕ ੨੧ ਹੈ । ੨੨ ਅੰਕ ਵਾਲਾ ਪਤਰਾ ਨਹੀਂ ਹੈ । ੨੪ ਅੰਕ ਵਾਲੇ ਪਤਰੇ ਪਰ (ਜੋ ਦੂਸਰੇ ਪਾਸੇ ਹੈ) ਖੂਬਸੂਰਤ ਬੇਲ ਹੈ ਤੇ ਵਿਚਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਖਤੀਂ ਲਿਖਿਆ ਹੋਇਆ ਹੈ :
“ੴ ਸਤੁਗੁਰੂ
ਸਤ ਨਾਮ ਕਰਤਾ ਪੁਰਖ”
ਅਗਲੇ ਅੰਕ ਪਤਰੇ ਗੁਰੂ ਨਾਨਕ ਅਤੇ ਬਾਲੇ ਤੇ ਮਰਦਾਨੇ ਦੀ ਤਸਵੀਰ ਹੈ ।
ਗੁਰਦੁਆਰਾ ਭਾਈ ਮਨਸਾ ਸਿੰਘ। ਕਾਬੁਲ ਵਿਚ ਇਕ ਪ੍ਰੇਮੀ ਸਿੰਘ ਹੋਏ ਹਨ । ਇਨ੍ਹਾਂ ਨੇ ਇਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਸੀ । ਪਿਛੋਂ ਬਾਬਾ ਚੇਤ ਸਿੰਘ ਜੀ ਨੇ, ਜੋ ਬੜੇ ਪਰਤਾਪੀ ਹੋ ਗੁਜ਼ਰੇ ਹਨ, ਨਾਲ ਦੇ ਘਰਾਂ ਦੀ ਹੋਰ ਜ਼ਮੀਨ ਲੈ ਕੇ ਗੁਰਦੁਆਰੇ ਨੂੰ ਵੱਡਾ ਕੀਤਾ।
ਇਥੇ ਚਾਰ ਬੀੜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਤੇ ਦੋ ਦਸਮ ਗ੍ਰੰਥ ਸਾਹਿਬ ਦੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕ ਲਿਖਤੀ ਬੀੜ ਪਰ ਲਿਖਿਆ ਹੋਇਆ ਹੈ ਕਿ
“ਸੰਮਤ ੧੭੯੫ ਮਿਤੀ ਸਾਵਣੋ ਦਿਨ ੨ ਲਿਖ ਪਹੁੰਚੇ ਵਰਤਮਾਨ ਖਾਲਸੇ ਕੀ ਵਿਚਿ ਲਿਖਿਆ । ਖਾਲਸਾ ਵਾਹਿਗੁਰੂ ਜੀ
ਕਾ ਵਰਤਿਆ । ਡਾ ਗੰਡਾ ਸਿੰਘ ਦੇ ਕਹਿਣ ਅਨੁਸਾਰ :
“ਇਹ ਲਿਖਤ ਬੜੀ ਇਤਿਹਾਸਕ ਮਹੱਤਤਾ ਦੀ ਹੈ ਜਿਸ ਤੋਂ ਸਿਧ ਹੁੰਦਾ ਹੈ ਕਿ ਸੰਮਤ ੧੭੯੫ ਬਿਕਰਮੀ ਅਰਥਾਤ ਸਨ ੧੭੩੮ ਈਸਵੀ ਤਕ ਪੰਜਾਬ ਵਿਚ ਖਾਲਸੇ ਦਾ ਬੋਲ ਬਾਲਾ ਹੋ ਗਿਆ ਸੀ ਅਤੇ ਇਨ੍ਹਾਂ ਦੀ ਪ੍ਰਸਿੱਧੀ ਅਫਗਾਨਿਸਤਾਨ ਤਕ ਜਾ ਪੁਜੀ ਸੀ ।”
ਸੰਮਤ ੧੮੬੦ ਦੀ ਲਿਖਤੀ ਬੀੜ ਦੇ ਅੰਤ ਵਿਚ ਇਹ ਲਿਖਤ ਹੈ: ਸੰਮਤ ਅਠਾਰਾ ਸੈ ਸਠ ਮਿਤੀ ਸਾਵਣ ਦਿਨੇ ਵੀਹ ੨੦ ਰਾਮਦਾਸ ਵਿਚ ਅਮੋਲਕ ਰਾਮ ਸਿੰਗਾਰੀ ਪੁਤ……ਸਿੰਗਾਰੀ ਕਾਬੁਲ ਦੀ ਵਾਸੀ ਦਾ ਵਾਧਾ ਘਾਟਾ ਸੋਧ ਪੜਨਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਵਾਹਿਗੁਰੂ ਇਕ ਹੋਰ ਬੀੜ ਸੰਮਤ ੧੯੪੦ ਜੇਠ ਦਿਨੇ ਦੋ ਦੀ ਸੁਕਲਾ ਪਖੇ ਪੁੰਨ ਤਿਥੇ ਪੂਰਣ ਮਾਸ ਬੁਧਵਾਸੁਰਾ ਦਸ ਏਦੰ ਸੰਪੂਰਣ ਗ੍ਰੰਥ । ਗੁਰਪ੍ਰਸਾਦਿ ਪੂਰਣੰ… ਪਰਸਾਨਗਰ ਵਿਖੇ ਲਿਖਤੀ…
ਇਨ੍ਹਾਂ ਦੇ ਘਰ ਹੀ ਪੱਥਰ ਦੇ ਇਕ ਗੋਲ ਟੁਕੜੇ ਦਾ ਚੌਥਾ ਹਿਸਾ ਪਿਆ ਹੈ ਜਿਸ ਉਤੇ ਫ਼ਾਰਸੀ ਵਿਚ ਆਲਮਗੀਰ ਬਾਦਸ਼ਾਹ ਗਾਜ਼ੀ, ਮੁਅਜ਼ਮ ਬਹਾਦਰ ਸ਼ਾਹ ਜਲੀਲੁਕਦਰ, .. ਵਾ ਜਹਾਨੀਆਂ ਲਿਖਿਆ ਹੋਇਆ ਹੈ । ਇਸ ਬਾਰੇ ਦਸਦੇ ਹਨ ਕਿ ਇਹ ਉਸ ਚੁੱਕੀ ਦੇ ਪੁੜ ਦਾ ਹਿੱਸਾ ਹੈ ਜੋ ਬਾਬਰ ਬਾਦਸ਼ਾਹ ਵੇਲੇ ਗੁਰੂ ਨਾਨਕ ਨੇ ਚਲਾਈ ਸੀ । ਇਸ ਪੱਥਰ ਦੀ ਲਿਖਤ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਸਮੇਂ ਦੀ ਹੈ ।
ਭਾਈ ਕਰਤਾਰ ਸਿੰਘ, ਸਪੁੱਤਰ ਭਾਈ ਰਾਮ ਸਿੰਘ, ਪੋਤਰਾ ਭਾਈ ਬਸੰਤ ਸਿੰਘ, ਹਿੰਦੂ ਗੁਜ਼ਰ
ਇਨ੍ਹਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੀੜ ਹੈ, ਉਸ ਦਾ ਆਰੰਭ ਇਸ ਤਰਾਂ ਹੈ :
ੴ ਸਤਿਗੁਰਪ੍ਰਸਾਦਿ । ਸਤਿ ਨਾਮ.………..ਪ੍ਰਸਾਦਿ ॥
ਸੰਬਤ ॥੧੭॥੨੦॥ ਕਤਕੋ ਪਹਿਲੇ ॥ ਪੋਥੀ ਲਿਖ ਪਹੁੰਚੇ । ਨੀਸਾਨ ਗੁਰੂ ਜੀ ਕੇ ਦਸਤਖਤ ਮਃ ੧੦ ॥
ਤਤਕਰੇ ਤੋਂ ਬਾਦ ਦੇ ਪਤਰੇ ਦੇ ਸਾਮਣੇ ਪਤਰੇ ਪਰ ਜਿਸ ਦੇ ਦੂਸਰੇ ਪਾਸੇ ਅੰਕ ੨੧ ਹੈ, “ਚਲਿਤ੍ਰ ਜੋਤੀ ਜੋਤ ਸਮਾਵਣੇ ਕਾ ਦਿਤਾ ਹੋਇਆ ਹੈ ।

ਸੰਬਤ ੧੬੯੫ ਵਰਖੇ ਮਾਹੁ ਚੇਤ ਸੁਦੀ ੯ ਸ਼੍ਰੀ ਸਤਿਗੁਰੂ ਬਾਬਾ ਗੁਰਦਿਤਾ ਜੀ ਸਮਾਣੇ
ਸੰਬਤ ੧੭੦੧ ਚੇਤ ਸੁਦੀ ੫ ਆਇਤਵਾਰ ਸ਼੍ਰੀ ਸਤਿਗੁਰੂ ਹਰਿਗੋਬਿੰਦ ਜੀ ਸਮਾਣੇ
ਸੰਬਤ ੧੭੧੮ ਵਰਖੇ ਮਾਹੁ ਕਤਕ ਵਦੀ ੯ ਵਾਰ ਆਇਤਵਾਰ ਸ਼੍ਰੀ ਸਤਿਗੁਰੂ ਕਰਤਾ ਪੁਰਖ ਹਰਿ ਰਾਇ ਜੀ ਸਮਾਣੇ
ਸੰਬਤ ੧੭੨੧ ਚੇਤ ਸੁਦੀ ਚੌਦਸ ੧੪ ਬੁੱਧਵਾਰ ਦੁਇ ਪਹਰ ਦੋਇ ਘਣੀਆਂ ਰਾਤ ਗੁਜਰੀ ਸ਼੍ਰੀ ਸਤਿਗੁਰੂ ਹਰਿ ਕ੍ਰਿਸ਼ਨ ਜੀ ਸਮਾਣੇ ਦਿਲੀ ਵਿਚ।
ਸੰਬਤ ੧੭੩੨ ਮੰਘਰ ਸੁਦੀ ੫ ਵੀਰਵਾਰ ਸ਼੍ਰੀ ਸਤਿਗੁਰੂ ਤੇਗ ਬਹਾਦੁਰ ਦੇਵ ਜੀ ਸਮਾਣੇ ਦਿਲੀ ਵਿਚ ਦੁਇ ਪਹਰ ਇਕ ਘੜੀ ਦਿਨ ਚੜੇ।
ਅਗਲੇ ਪਤਰੇ ਤੋਂ, ਜਿਸ ਦੇ ਦੂਸਰੇ ਪਾਸੇ ਅੰਕ ਕੋਈ ਨਹੀਂ ਲੱਗਾ ਹੋਇਆ, ਮੂਲ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੁੰਦਾ ਹੈ ਇਸ ਤੋਂ ਅਗਲੇ ਪੱਤਰੇ (ਜੋ ਦੂਸਰਾ ਹੈ ਦੇ ਦੂਸਰੇ ਪਾਸੇ ਅੰਕ ੨੬ ਲੱਗਾ ਹੋਇਆ ਹੈ । ਮੂਲ ਮੰਤਰ ਤੇ ਗੁਰਬਾਣੀ ਵਾਲਾ ਪਤਰਾ ਭੀ ਖੂਬਸੂਰਤ ਬੇਲ ਵਾਲਾ ਤੇ ਸੁਨਹਿਰੀ ਕੀਤਾ ਹੋਇਆ ਹੈ । ਭਾਈ ਕਰਤਾਰ ਸਿੰਘ ਦੇ ਘਰ ਇਕ ਯਾਦਗਾਰੀ ਚੋਲਾ ਭੀ
ਹੈ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੱਸਿਆ ਜਾਂਦਾ ਹੈ । ਕਪੜਾ ਮਲਮਲ ਦਾ ਹੈ ਵਿਚ ਗੁਲ (ਫੁੱਲ) ਕੱਢੇ ਹੋਏ ਹਨ ।
ਕਾਬੁਲ, ਗਜ਼ਨੀ ਜਾਂ ਕੰਧਾਰ ਦੀਆਂ ਸੰਗਤਾਂ ਕਾਫ਼ਲੇ ਬੰਨ੍ਹ ਕੇ ਹੀ ਪੰਜਾਬ ਆਇਆ ਕਰਦੀਆਂ ਸਨ । ਕਿਸੇ ਸਾਲ ਕੋਈ ਟੱਬਰ ਆ ਗਏ ਕਿਸੇ ਸਾਲ ਕੋਈ । ਘਰੋਗੀ ਹਾਲਾਤ ਜਾਂ ਮਾਇਕ ਤੰਗੀ ਕਰਕੇ ਕਈ ਟੱਬਰ ਦਸੀਂ ਵੀਹੀਂ ਸਾਲੀਂ ਹੀ ਆਉਂਦੇ ਸਨ । ਗੁਰਦੁਆਰਿਆਂ ਵਿਚ ਬਰਜਮੁ ਨ ਕਰਨ ਹਿਤ ਲਿਖਵਾਈਆਂ ਗਈਆਂ ਬੀੜਾ ਤਾਂ ਉਸ ਥਾਂ ਦੀਆਂ ਇਕੱਠੀਆਂ ਆਈਆਂ ਸੰਗਤਾਂ ਤਾਂ ਨਾਲ ਲੈ ਆਉਂਦੀਆਂ ਸਨ, ਪਰ ਘਰੀਂ ਰੱਖਣ ਲਈ ਲਿਖਵਾਈਆਂ ਬੀੜਾਂ ਸ਼ਰਧਾਲੂ ਸਿੱਖ ਓਦੋਂ ਹੀ ਲਿਆਉਂਦੇ ਸਨ ਜਦ ਉਹ ਆਪ ਦਰਸ਼ਨਾਂ ਲਈ ਆਉਂਦੇ ਸਨ । ਇਸ ਲਈ ਉਨ੍ਹਾਂ ਪਰ ਗੁਰੂ ਸਾਹਿਬ ਦੇ ਨੀਸਾਣੁ ਕਈ ਵਾਰੀ ਚੋਖੇ ਚਿਰ ਪਿਛੋਂ ਪੁਆਏ ਜਾਂਦੇ ਸਨ ।
ਭਾਈ ਜੋਤ ਸਿੰਘ, ਮੋਤੀ ਸਿੰਘ ਸਪੁਤ੍ਰ ਭਾਈ ਜਵਾਹਰ ਸਿੰਘ ਪੋਤਰਾ ਭਾਈ ਭਾਗ ਸਿੰਘ, ਲਾਹੌਰੀ ਦਰਵਾਜ਼ਾ ਜ਼ੁਬਾ ਇਨ੍ਹਾਂ ਦੇ ਘਰ ਦੀ ਬੀੜ ਪਰ ਸੰਮਤ ਇਸ ਤਰ੍ਹਾਂ ਦਿਤਾ ਹੋਇਆ ਹੈ :
“ਸੰਮਤ ੧੭੪੭ ਕਤਕ ਸੁਦੀ ੯ ਲਿਖਿਆ । ਨਿਸਾਣ ਦਸਤਖਤ ਸ੍ਰੀ ਗੁਰੂ ਮਹਲਾ ੧੦ ਜਪੁ ਗੁਰੂ ਰਾਮਦਾਸ ਜੀ ਕੇ ਨਕਲ ਕਾ ਨਕਲ”
ਇਸ ਬੀੜ ਦੇ ਕਈ ਪਤਰਿਆਂ ਪਰ ਪਾਣੀ ਨਾਲ ਸਿਆਹੀ ਫੈਲੀ ਹੋਈ ਹੈ। ਕਹਿੰਦੇ ਹਨ ਕਿ ਜਦ ਗਾਜ਼ੀ ਗਰਦੀ ਵੇਲੇ, ਜੋ ਅੰਗਰੇਜ਼ੀ ਰੈਜ਼ੀਡੰਟ ਮੇਜਰ ਸਰ ਕਾਵਾਨਰੀ ਦੇ ੩ ਸਤੰਬਰ ੧੮੭੯ ਈ: ਨੂੰ ਸਣੇ ਸਾਰੇ ਸਟਾਫ਼ ਦੇ ਕਿਲਾ ਬਾਲਾ-ਹਿਸਾਰ ਵਿਚ ਕਤਲ ਕਰ ਦਿੱਤੇ ਜਾਣ ਪਿਛੋਂ ਕਾਬਲ ਵਿਚ ਮਚੀ, ਕਾਬੁਲ ਵਿਚ ਮਕਾਨ ਢਹਿਣ ਲਗੇ ਤਾਂ ਇਸ ਘਰਾਣੇ ਦੇ ਬਜ਼ੁਰਗ ਨੇ ਇਹ ਬੀੜ ਰੁਮਾਲਾਂ ਅਤੇ ਕਪੜਿਆਂ ਵਿਚ ਲਪੇਟ ਕੇ ਰੱਸੀ ਬੰਨ੍ਹ ਕੇ ਖੂਹ ਵਿਚ ਲਟਕਾ ਦਿਤੀ ਸੀ । ਜਦ ਅਮਨ ਹੋ ਗਿਆ ਤਾਂ ਫੇਰ ਕਢ ਕੇ ਲੈ ਆਏ ।
ਭਾਈ ਗੁਰਮੁਖ ਸਿੰਘ ਸਪੁੱਤਰ ਭਾਈ ਸਾਵਣ ਸਿੰਘ, ਹਿੰਦੂ ਗੁਜਰ, ਦੇ ਘਰ ਭੀ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਬੀੜ ਹੈ ਜਿਸ ਪਰ ਲਿਖਣ ਦੀ ਕੋਈ ਤਾਰੀਖ਼ ਨਹੀਂ ਦਿਤੀ ।
ਅਫ਼ਗਾਨਿਸਤਾਨ ਵਿੱਚ ਬਾਅਦ ਵਿੱਚ ਖਾਨਾਜੰਗੀ ਅਤੇ ਲੜਾਈਆਂ ਕਾਰਨ ਬਹੁਤ ਸਾਰੇ ਗੁਰਦੁਆਰੇ ਸ਼ਹੀਦ ਹੋਏ ਸਨ। ਉਪਰ ਵਰਨਣ ਬੀੜਾਂ ਅਜ ਉਨ੍ਹਾਂ ਥਾਵਾਂ ਤੇ ਹਨ ਜਾਂ ਨਿੱਜੀ ਘਰਾਂ ਵਿੱਚ ਹਨ। ਸਿੱਖ ਅਤੇ ਨਾਨਕ ਨਾਮਾ ਲੇਵਾ ਇੰਨਾ ਦੀ ਸੰਭਾਲ ਕਰ ਰਹੇ ਹਨ ਅਤੇ ਕਿਸ ਹਾਲਤ ਵਿੱਚ ਹਨ। ਕੁੱਝ ਨਹੀਂ ਕਿਹਾ ਜਾ ਸਕਦਾ ਹੈ। ਅਫਗਾਨਿਸਤਾਨ ਤੋਂ ਆਏ ਸਿੱਖ ਜਾਂ ਸਹਿਜਧਾਰੀ ਵੀਰ ਹੀ ਇਨ੍ਹਾਂ ਬੀੜਾਂ ਬਾਰੇ ਜਾਣਕਾਰੀ ਦੇ ਸਕਦੇ ਹਨ।