ਅਪਰੇਸ਼ਨ ਕਣਕ: ਸੀਬੀਆਈ ਵੱਲੋਂ ਪੰਜਾਬ ’ਚ 30 ਥਾਵਾਂ ’ਤੇ ਛਾਪੇ

ਅਪਰੇਸ਼ਨ ਕਣਕ: ਸੀਬੀਆਈ ਵੱਲੋਂ ਪੰਜਾਬ ’ਚ 30 ਥਾਵਾਂ ’ਤੇ ਛਾਪੇ

ਐੱਫਸੀਆਈ ਦੇ ਮੌਜੂਦਾ ਤੇ ਸਾਬਕਾ ਉੱਚ ਅਧਿਕਾਰੀਆਂ, ਨਿੱਜੀ ਚੌਲ ਮਿੱਲ ਮਾਲਕਾਂ ਅਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
ਚੰਡੀਗੜ੍ਹ-ਸੀਬੀਆਈ ਦੀਆਂ ਟੀਮਾਂ ਨੇ ਅੱਜ ਤੜਕਸਾਰ ‘ਅਪਰੇਸ਼ਨ ਕਣਕ’ ਦੇ ਦੂਸਰੇ ਗੇੜ ਤਹਿਤ ਪੰਜਾਬ ਵਿੱਚ ਕਰੀਬ 30 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਵਿੱਚ ਹੋਏ ਰਿਸ਼ਵਤ ਕਾਂਡ ਦੇ ਸੰਦਰਭ ’ਚ ਸੀਬੀਆਈ ਟੀਮਾਂ ਨੇ ਨਿਗਮ ਦੇ ਮੌਜੂਦਾ ਤੇ ਸਾਬਕਾ ਉੱਚ ਅਧਿਕਾਰੀਆਂ, ਨਿੱਜੀ ਚੌਲ ਮਿੱਲ ਮਾਲਕਾਂ ਅਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਟੀਮਾਂ ਨੇ ਐੱਫਸੀਆਈ ਦੇ ਗੋਦਾਮਾਂ ਅਤੇ ਦਫ਼ਤਰਾਂ ਦੇ ਰਿਕਾਰਡ ਨੂੰ ਵੀ ਛਾਣਿਆ। ਟੀਮਾਂ ਨੇ ਅਧਿਕਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ। ਜਾਂਚ ਏਜੰਸੀ ਦੇ ਛਾਪਿਆਂ ਨੇ ਪੰਜਾਬ ਵਿਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ।

ਵੇਰਵਿਆਂ ਅਨੁਸਾਰ ਜਾਂਚ ਟੀਮਾਂ ਨੇ ਅੱਜ ਸਵੇਰੇ ਪੰਜ ਵਜੇ ਤੋਂ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਅਤੇ ਪੂਰਾ ਦਿਨ ਇਹ ਜਾਂਚ ਚੱਲਦੀ ਰਹੀ। ਇਹ ਛਾਪੇ ਅੱਜ ਰੋਪੜ, ਮੋਗਾ, ਪਟਿਆਲਾ, ਰਾਜਪੁਰਾ, ਫ਼ਤਿਹਗੜ੍ਹ ਸਾਹਿਬ, ਸਰਹਿੰਦ, ਸੰਗਰੂਰ, ਲੁਧਿਆਣਾ, ਮੁਹਾਲੀ, ਸੁਨਾਮ ਸਮੇਤ ਕਰੀਬ ਤੀਹ ਥਾਵਾਂ ’ਤੇ ਮਾਰੇ ਗਏ ਹਨ। ਛਾਪਿਆਂ ਦੌਰਾਨ ਗੋਦਾਮਾਂ ਦੀ ਪੜਤਾਲ ਤੋਂ ਇਲਾਵਾ ਟਿਕਾਣਿਆਂ ’ਤੇ ਮੌਜੂਦ ਦਸਤਾਵੇਜ਼ਾਂ ਆਦਿ ਦੀ ਚੈਕਿੰਗ ਵੀ ਕੀਤੀ ਗਈ ਹੈ। ਸੀਬੀਆਈ ਨੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਦੇ ਇੱਕ ਸ਼ੈੱਲਰ ’ਤੇ ਵੀ ਦਸਤਕ ਦਿੱਤੀ ਅਤੇ ਪਟਿਆਲਾ ਵਿਚ ਐੱਫਸੀਆਈ ਦੇ ਗੋਦਾਮ ਨੂੰ ਨਿਸ਼ਾਨਾ ਬਣਾਇਆ। ਪਟਿਆਲਾ ਵਿੱਚ ਇੱਕ ਮੁਲਾਜ਼ਮ ਨੂੰ ਜਾਂਚ ਏਜੰਸੀ ਆਪਣੇ ਨਾਲ ਲੈ ਗਈ ਹੈ। ਸੀਬੀਆਈ ਨੇ ਇਸ ਤੋਂ ਪਹਿਲਾਂ 11 ਜਨਵਰੀ ਨੂੰ ‘ਅਪਰੇਸ਼ਨ ਕਣਕ’ ਤਹਿਤ ਛਾਪੇਮਾਰੀ ਕੀਤੀ ਸੀ ਅਤੇ ਉਸ ਵਕਤ ਕਰੀਬ 1.03 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਕੇਂਦਰੀ ਖ਼ੁਰਾਕ ਮੰਤਰੀ ਪਿਊਸ਼ ਗੋਇਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਇਸ ਸਕੈਂਡਲ ਵਿਚ ਸ਼ਾਮਲ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੀਬੀਆਈ ਇਸ ਮਾਮਲੇ ’ਚ ਸੰਗਠਿਤ ਸਿੰਡੀਕੇਟ ਨੂੰ ਤੋੜਨਾ ਚਾਹੁੰਦੀ ਹੈ। ਸੀਬੀਆਈ ਨੇ 10 ਜਨਵਰੀ ਨੂੰ ਰਵਿੰਦਰ ਖੇੜਾ ਨਾਮ ਦੇ ਵਪਾਰੀ ਤੋਂ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਭਾਰਤੀ ਖ਼ੁਰਾਕ ਨਿਗਮ ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਕੁਮਾਰ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਮਗਰੋਂ ਇੱਕ ਲੈਬ ਮਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਪਿਛਲੇ ਛੇ ਮਹੀਨੇ ਤੋਂ ਗੁਪਤ ਰੂਪ ਵਿਚ ਰਿਸ਼ਵਤ ਕਾਂਡ ਦੀ ਪੜਤਾਲ ਕਰ ਰਹੀ ਸੀ। ਐੱਫਆਈਆਰ ਕੁੱਲ 74 ਜਣਿਆਂ ਖ਼ਿਲਾਫ਼ ਦਰਜ ਕੀਤੀ ਹੋਈ ਹੈ। ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਐੱਫਸੀਆਈ ਦੇ ਦੋ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾ ਚੁੱਕਾ ਹੈ ਅਤੇ 27 ਅਫ਼ਸਰਾਂ ਨੂੰ ਦੂਰ-ਦੁਰਾਡੇ ਦੇ ਜ਼ੋਨਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸੀਬੀਆਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਿਵੇਂ ਪੰਜਾਬ ਵਿਚ ਨਿੱਜੀ ਚੌਲ ਮਿੱਲਾਂ ਵੱਲੋਂ ਮਾੜੀ ਗੁਣਵੱਤਾ ਵਾਲਾ ਅਨਾਜ ਐੱਫਸੀਆਈ ਗੋਦਾਮਾਂ ਵਿਚ ਉਤਾਰਿਆ ਜਾਂਦਾ ਰਿਹਾ ਹੈ ਅਤੇ ਬਦਲੇ ਵਿਚ ਐੱਫਸੀਆਈ ਅਧਿਕਾਰੀ ਇੱਕ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਟਰੱਕ ਰਿਸ਼ਵਤ ਲੈਂਦੇ ਰਹੇ ਹਨ। ਘਟੀਆ ਦਰਜੇ ਦੇ ਅਨਾਜ ਨੂੰ ਚੰਗੀ ਗੁਣਵੱਤਾ ਵਾਲਾ ਅਨਾਜ ਕਰਾਰ ਦੇ ਕੇ ਘਪਲੇਬਾਜ਼ੀ ਹੁੰਦੀ ਰਹੀ ਹੈ। ਜਾਂਚ ਏਜੰਸੀ ਨੇ ਇਸ ਕਾਲੇ ਧੰਦੇ ਵਿਚ ਭਾਰਤੀ ਖ਼ੁਰਾਕ ਨਿਗਮ ਦੇ ਕਾਰਜਕਾਰੀ ਨਿਰਦੇਸ਼ਕਾਂ ਤੋਂ ਲੈ ਕੇ ਤਕਨੀਕੀ ਸਹਾਇਕਾਂ ਦੀ ਭੂਮਿਕਾ ਪਾਈ ਹੈ। ਇਸੇ ਦੌਰਾਨ ਕੇਂਦਰੀ ਖ਼ੁਰਾਕ ਮੰਤਰਾਲੇ ਨੇ ਭਵਿੱਖ ’ਚ ਅਜਿਹੇ ਘਪਲਿਆਂ ਨੂੰ ਰੋਕਣ ਵਾਸਤੇ ਕਈ ਕਦਮ ਵੀ ਉਠਾਏ ਹਨ ਜਿਸ ਤਹਿਤ ਵਿਸਲਬਲੋਅਰ ਪਾਲਿਸੀ ਬਣਾਏ ਜਾਣ ਤੋਂ ਇਲਾਵਾ ਡਿਪੂ ਆਨ ਲਾਈਨ ਸਿਸਟਮ ਅਤੇ ਸੀਸੀਟੀਵੀ ਕੈਮਰਿਆਂ ਨੂੰ ਭਾਰਤੀ ਖ਼ੁਰਾਕ ਨਿਗਮ ਦੀ ਵੈੱਬਸਾਈਟ ਨਾਲ ਜੋੜਿਆ ਗਿਆ ਹੈ।

ਕਿਸਾਨ ਆਗੂ ਲੱਖੋਵਾਲ ਤੇ ਬਹਿਰੂ ਦੇ ਘਰਾਂ ’ਚ ਵੀ ਦਸਤਕ

ਸੀਬੀਆਈ ਨੇ ‘ਅਪਰੇਸ਼ਨ ਕਣਕ’ ਤਹਿਤ ਕੀਤੀ ਛਾਪੇਮਾਰੀ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦੋ ਸੀਨੀਅਰ ਆਗੂਆਂ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਰਿਹਾਇਸ਼ ’ਤੇ ਸੀਬੀਆਈ ਟੀਮ ਨੇ ਸਵੇਰੇ ਪੰਜ ਵਜੇ ਛਾਪਾ ਮਾਰਿਆ। ਲੱਖੋਵਾਲ ਹਾਲਾਂਕਿ ਉਦੋਂ ਘਰ ਵਿਚ ਮੌਜੂਦ ਨਹੀਂ ਸਨ। ਹਰਿੰਦਰ ਲੱਖੋਵਾਲ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਅਤੇ ਬੰਦੀ ਸਿੰਘਾਂ ਦੀ ਹਮਾਇਤ ਵਿਚ ਕੁੱਦੇ ਹਨ, ਜਿਸ ਕਰਕੇ ਕੇਂਦਰ ਸਰਕਾਰ ਉਨ੍ਹਾਂ ਨੂੰ ਡਰਾਉਣਾ ਚਾਹੁੰਦੀ ਹੈ। ਲੱਖੋਵਾਲ ਨੇ ਸਾਫ਼ ਕਰ ਦਿੱਤਾ ਕਿ ਉਹ ਡਰਨ ਵਾਲੇ ਨਹੀਂ ਹਨ। ਤਲਾਸ਼ੀ ਮੁਹਿੰਮ ਦੌਰਾਨ ਲੱਖੋਵਾਲ ਦੇ ਘਰੋਂ ਟੀਮ ਚੈੱਕ ਬੁੱਕਾਂ ਅਤੇ ਹੋਰ ਦਸਤਾਵੇਜ਼ ਲੈ ਗਈ ਹੈ। ਇਸੇ ਤਰ੍ਹਾਂ ਸੀਬੀਆਈ ਟੀਮ ਨੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਦੀ ਰਿਹਾਇਸ਼ ’ਤੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਜਾਂਚ ਕੀਤੀ। ਟੀਮ ਨੇ ਬਹਿਰੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਸੀਬੀਆਈ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ 20 ਮਾਰਚ ਨੂੰ ਭਾਰਤੀ ਸੰਸਦ ਅੱਗੇ ਕਿਸਾਨਾਂ ਨੇ ਪ੍ਰਦਰਸ਼ਨ ਦਾ ਪ੍ਰੋਗਰਾਮ ਐਲਾਨਿਆ ਹੋਇਆ ਹੈ। ਉਨ੍ਹਾਂ ਨੇ ਤਾਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਾਉਣ ਲਈ ਕੇਂਦਰ ਖ਼ਿਲਾਫ਼ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੋਇਆ ਹੈ ਅਤੇ ਇਸੇ ਕਰ ਕੇ ਅੱਜ ਟੀਮ ਨੇ ਉਨ੍ਹਾਂ ਤੋਂ ਸਵਾਮੀਨਾਥਨ ਰਿਪੋਰਟ ਆਦਿ ਬਾਰੇ ਪੁੱਛਗਿੱਛ ਕੀਤੀ ਹੈ।