ਅਦਾਲਤ ਜਾਣ ਤੋਂ ਡਰ ਰਿਹੈ ਬਾਦਲ ਪਰਿਵਾਰ: ਭਗਵੰਤ ਮਾਨ

ਅਦਾਲਤ ਜਾਣ ਤੋਂ ਡਰ ਰਿਹੈ ਬਾਦਲ ਪਰਿਵਾਰ: ਭਗਵੰਤ ਮਾਨ

ਸ਼ੇਰਪੁਰ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਕਸੇ ਸ਼ਿਕੰਜੇ ’ਚ ਕੋਈ ਢਿੱਲ ਨਾ ਦੇਣ ਦਾ ਦਾਅਵਾ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਕਹਿੰਦਾ ਰਿਹਾ ਹੈ ਕਿ ਉਹ ਕੁਰਬਾਨੀਆਂ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਪਰ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਇਹ ਪਰਿਵਾਰ ਅਦਾਲਤ ਜਾਣ ਤੋਂ ਡਰ ਰਿਹਾ ਹੈ। ਉਨ੍ਹਾਂ ‘ਆਪ ਸਰਕਾਰ ਦੇ ਇੱਕ ਸਾਲ ਇੱਕ ਦਿਨ ਪੂਰਾ ਹੋਣ ’ਤੇ ਕੀਤੇ ਗਏ ਕੰਮ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਇੱਥੇ ਪਿੰਡ ਕਾਤਰੋਂ ਤੇ ਬਾਲੀਆਂ ’ਚ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਨਹੀਂ ਜਾਣਗੇ ਸਗੋਂ ਪੰਜਾਬ ਅੰਦਰ ਸਰਕਾਰ ਵੱਲੋਂ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਸਕੂਲਾਂ ’ਚ ਪੜ੍ਹਾਉਂਦੇ ਅਧਿਆਪਕਾਂ ਤੋਂ ਨਾਨ ਟੀਚਿੰਗ ਕੰਮ ਨਹੀਂ ਲਿਆ ਜਾਵੇਗਾ, ਅੱਠਵੀਂ ਤੱਕ ਸਕੂਲਾਂ ਵਿੱਚ ਦੂਰੋਂ ਆਉਣ ਵਾਲੇ ਸਕੂਲੀ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਜੀਪੀਐਸ ਸਿਸਟਮ ਲਾ ਕੇ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਬਲਾਕ ਸ਼ੇਰਪੁਰ ਦੇ ਨਾਲ ਸਬੰਧਤ ਪਿੰਡਾਂ ਨੂੰ ਗਰਾਂਟਾਂ ਵੀ ਜਾਰੀ ਕੀਤੀਆਂ। ਇਸ ਮੌਕੇ ਫਿਲਮ ਅਦਾਕਾਰ ਸਰਦਾਰ ਸੋਹੀ ਅਤੇ -‘ਆਪ’ ਆਗੂ ਪਰਮਿੰਦਰ ਸਿੰਘ ਪੰਨੂ ਤੇ ਜੱਸੀ ਸੇਖੋਂ ਨੇ ਮੁੱਖ ਮੰਤਰੀ ਨੂੰ ਖੂੰਡੀ ਭੇਟ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ‘ਆਪ’ ਦੇ ਸੀਨੀਅਰ ਆਗੂ ਪੰਨੂ ਕਾਤਰੋਂ, ਜਸਵੀਰ ਸਿੰਘ ਸੇਖੋਂ, ਯੂਥ ਆਗੂ ਗੁਰਤੇਜ ਸਿੰਘ ਤੇਜੀ ਕੱਕੜਵਾਲ, ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਸੁਲਤਾਨਪੁਰ ਤੇ ਗੁਰਦੀਪ ਸਿੰਘ ਅਲੀਪੁਰ ਹਾਜ਼ਰ ਸਨ।