ਅਥਲੈਟਿਕਸ ’ਚ ਭਾਰਤ ਦੀ ਝੋਲੀ ਦੋ ਤਗ਼ਮੇ

ਅਥਲੈਟਿਕਸ ’ਚ ਭਾਰਤ ਦੀ ਝੋਲੀ ਦੋ ਤਗ਼ਮੇ

ਸਾਬਲੇ ਨੇ ਸਟੀਪਲ ਚੇਜ਼ ਤੇ ਪ੍ਰਿਯੰਕਾ ਨੇ ਪੈਦਲ ਚਾਲ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

ਬਰਮਿੰਘਮ – ਅਵਿਨਾਸ਼ ਸਾਬਲੇ ਨੇ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਪ੍ਰਿਯੰਕਾ ਗੋਸਵਾਮੀ ਨੇ 10 ਹਜ਼ਾਰ ਮੀਟਰ ਪੈਦਲ ਚਾਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਭਾਰਤ ਲਈ ਅਥਲੈਟਿਕਸ ’ਚ ਅੱਜ ਦਾ ਦਿਨ ਚੰਗਾ ਰਿਹਾ। ਗੋਸਵਾਮੀ ਨੇ ਪੈਦਲ ਚਾਲ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਨਵਾਂ ਇਤਿਹਾਸ ਰਚਿਆ। ਦੋ ਚਾਂਦੀ ਦੇ ਤਗ਼ਮਿਆਂ ਨਾਲ ਭਾਰਤੀ ਅਥਲੈਟਿਕਸ ਟੀਮ ਦੇ ਚਾਰ ਤਗ਼ਮੇ ਹੋ ਗਏ ਹਨ। ਉੱਚੀ ਛਾਲ ’ਚ ਤੇਜਸਵਿਨ ਸ਼ੰਕਰ ਤੇ ਲੰਮੀ ਛਾਲ ’ਚ ਮੁਰਲੀ ਸ੍ਰੀਸ਼ੰਕਰ ਕ੍ਰਮਵਾਰ ਕਾਂਸੀ ਤੇ ਚਾਂਦੀ ਦਾ ਤਗ਼ਮਾ ਜਿੱਤ ਚੁੱਕੇ ਹਨ। ਸਾਬਲੇ ਨੇ 8:11.20 ਮਿੰਟ ਦਾ ਸਮਾਂ ਕੱਢ ਕੇ 8:12.48 ਮਿੰਟ ਦਾ ਆਪਣਾ ਕੌਮੀ ਰਿਕਾਰਡ ਤੋੜ ਦਿੱਤਾ ਹੈ। ਉਹ ਕੀਨੀਆ ਦੇ ਅਬਰਾਹਮ ਕਿਬੀਵੋਟ ਤੋਂ ਸਿਰਫ਼ 0.5 ਸਕਿੰਟ ਨਾਲ ਪੱਛੜ ਗਿਆ। ਕੀਨੀਆ ਦੇ ਹੀ ਐਮੋਮ ਸੈਰੇਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅਥਲੈਟਿਕਸ ’ਚ ਆਉਣ ਤੋਂ ਪਹਿਲਾਂ ਸੈਨਾ ਦੀ ਨੌਕਰੀ ਦੌਰਾਨ ਸਿਆਚਿਨ ’ਚ ਤਾਇਨਾਤ ਰਹਿ ਚੁੱਕਾ ਸਾਬਲੇ ਡਾਇਮੰਡ ਲੀਗ ’ਚ ਪੰਜਵੇਂ ਸਥਾਨ ’ਤੇ ਰਿਹਾ ਸੀ। ਗੋਸਵਾਮੀ ਨੇ ਨਿੱਜੀ ਬਿਹਤਰੀਨ ਸਮਾਂ 43:38.83 ਮਿੰਟ ਨਾਲ ਆਸਟਰੇਲੀਆ ਦੀ ਜੈਮਿਮਾ ਮੌਂਟਾਗ (42:34.30) ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਗੋਸਵਾਮੀ ਨੇ ਜਿੱਤ ਮਗਰੋਂ ਕਿਹਾ, ‘ਇਹ ਕਿਸੇ ਭਾਰਤੀ ਮਹਿਲਾ ਦਾ ਇਸ ਵਰਗ ’ਚ ਪਹਿਲਾ ਰਾਸ਼ਟਰਮੰਡਲ ਤਗ਼ਮਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਤਿਹਾਸ ਰਚਿਆ।’