ਅਤਿ-ਆਧੁਨਿਕ ਸੋਹਾਣਾ ਕੈਂਸਰ ਖੋਜ ਸੰਸਥਾ ਦਾ ਉਦਘਾਟਨ

ਅਤਿ-ਆਧੁਨਿਕ ਸੋਹਾਣਾ ਕੈਂਸਰ ਖੋਜ ਸੰਸਥਾ ਦਾ ਉਦਘਾਟਨ

ਐੱਸ.ਏ.ਐੱਸ. ਨਗਰ (ਮੁਹਾਲੀ)-ਇੱਥੋਂ ਦੇ ਸੋਹਾਣਾ ਹਸਪਤਾਲ ਵਿੱਚ ਸਥਾਪਤ ਸੋਹਾਣਾ ਕੈਂਸਰ ਖੋਜ ਸੰਸਥਾ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ। ਇਸ ਹਸਪਤਾਲ ਦੇ ਉਦਘਾਟਨ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਾਹਿਬਾਨ ਅਤੇ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਜਦੋਂ ਕਿ ਐਡਵਾਂਸਡ ਪੈੱਟ ਸੀਸੀ ਸਕੈਨ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਐਡਵਾਂਸ ਟਰੂਬੀਮ ਲਿਨੀਅਰ ਮਸ਼ੀਨ ਦਾ ਉਦਘਾਟਨ ਕੀਤਾ। ਟਰੱਸਟ ਦੇ ਮੁਖੀ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਤੇ ਟਰੱਸਟ ਦੇ ਸਕੱਤਰ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ, ਆਮਦਨ ਕਰ ਕਮਿਸ਼ਨਰ ਜੀਵਨ ਦੀਪ ਸਿੰਘ ਕਾਹਲੋਂ, ਫਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਹਾਜ਼ਰ ਸਨ।