ਅਤਿਵਾਦ ਨੂੰ ਕਿਸੇ ਧਰਮ, ਦੇਸ਼ ਜਾਂ ਸਮੂਹ ਨਾਲ ਨਹੀਂ ਜੋੜ ਸਕਦੇ: ਸ਼ਾਹ

ਅਤਿਵਾਦ ਨੂੰ ਕਿਸੇ ਧਰਮ, ਦੇਸ਼ ਜਾਂ ਸਮੂਹ ਨਾਲ ਨਹੀਂ ਜੋੜ ਸਕਦੇ: ਸ਼ਾਹ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਤਿਵਾਦ ਦੀ ਵੰਗਾਰ ਨੂੰ ਕਿਸੇ ਧਰਮ, ਦੇਸ਼ ਜਾਂ ਸਮੂਹ ਨਾਲ ‘ਨਾ ਜੋੜਿਆ ਜਾ ਸਕਦਾ ਹੈ ਤੇ ਨਾ ਜੋੜਿਆ ਜਾਣਾ ਚਾਹੀਦਾ’ ਹੈ। ‘ਅਤਿਵਾਦ ਨੂੰ ਫੰਡਿੰਗ ਦੇ ਟਾਕਰੇ’ ਬਾਰੇ ਤੀਜੀ ਕਾਨਫਰੰਸ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਬਿਨਾਂ ਸ਼ੱਕ ਅਤਿਵਾਦ ਆਲਮੀ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਵੰਗਾਰ ਹੈ, ਪਰ ਟੈਰਰ ਫੰਡਿੰਗ ‘ਵਧੇਰੇ ਖ਼ਤਰਨਾਕ’ ਹੈ। ਉਨ੍ਹਾਂ ਕਿਹਾ ਕਿ ਹਿੰਸਾ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਤੇ ਵਿੱਤੀ ਸਰੋਤ ਜੁਟਾਉਣ ਲਈ ਦਹਿਸ਼ਤਗਰਦ ਲਗਾਤਾਰ ਨਵੇਂ ਢੰਗ ਤਰੀਕੇ ਤਲਾਸ਼ ਰਹੇ ਹਨ। ਕੱਟੜਵਾਦ ਬਾਰੇ ਵਿਸ਼ਾ-ਵਸਤੂ ਦੇ ਪ੍ਰਚਾਰ ਪਾਸਾਰ ਤੇ ਉਨ੍ਹਾਂ ਦੀ ਪਛਾਣ ਲੁਕਾਉਣ ਲਈ ਦਹਿਸ਼ਤਗਰਦਾਂ ਵੱਲੋਂ ਡਾਰਕਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਕ੍ਰਿਪਟੋਕਰੰਸੀ ਜਿਹੇ ਵਰਚੂਅਲ ਅਸਾਸਿਆਂ ਦੀ ਵਰਤੋਂ ਵਧੀ ਹੈ। ਸਾਨੂੰ ਡਾਰਕਨੈੱਟ ਦੀਆਂ ਸਰਗਰਮੀਆਂ ਦੇ ਪੈਟਰਨ ਨੂੰ ਸਮਝ ਕੇ ਇਨ੍ਹਾਂ ਦਾ ਉਪਾਅ ਲੱਭਣਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਅਤਿਵਾਦ ਵਿੱਚ ‘ਡਾਇਨਾਮਾਈਟ ਤੋਂ ਮੈਟਾਵਰਸ’ ਤੇ ‘ਏਕੇ47 ਤੋਂ ਵਰਚੁਅਲ ਐਸੇਟ’ ਦੇ ਰੂਪ ਵਿੱਚ ਆਈ ਤਬਦੀਲੀ ਦੇਸ਼ਾਂ ਲਈ ਫਿਕਰਮੰਦੀ ਦਾ ਵਿਸ਼ਾ ਹੈ ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਦਿਆਂ ਇਸ ਖਿਲਾਫ਼ ਸਾਂਝੀ ਰਣਨੀਤੀ ਘੜਨੀ ਹੋਵੇਗੀ। ਪਾਕਿਸਤਾਨ ਤੇ ਚੀਨ ’ਤੇ ਅਸਿੱਧਾ ਹਮਲਾ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਕੁਝ ਮੁਲਕ ਅਜਿਹੇ ਹਨ, ਜੋ ‘ਅਤਿਵਾਦ ਖਿਲਾਫ਼ ਲੜਾਈ ਦੇ ਸਾਡੇ ਸਾਂਝੇ ਸੰਕਲਪ ਨੂੰ ਕਮਜ਼ੋਰ ਕਰਨ ਜਾਂ ਅੜਿੱਕੇ ਡਾਹੁਣ ਦੀਆਂ ਕੋੋਸ਼ਿਸ਼ਾਂ ਕਰਦੇ ਹਨ। ਸ਼ਾਹ ਨੇ ਕਿਹਾ ਕਿ ਅਤਿਵਾਦ ਦੀਆਂ ਸੁਰੱਖਿਅਤ ਛੁਪਣਗਾਹਾਂ ਜਾਂ ਉਨ੍ਹਾਂ ਦੇ ਸਰੋਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।