ਅਤਿਵਾਦ ਤੇ ਬਗਾਵਤ ਦੀਆਂ ਘਟਨਾਵਾਂ 65 ਫ਼ੀਸਦੀ ਘਟੀਆਂ: ਸ਼ਾਹ

ਅਤਿਵਾਦ ਤੇ ਬਗਾਵਤ ਦੀਆਂ ਘਟਨਾਵਾਂ 65 ਫ਼ੀਸਦੀ ਘਟੀਆਂ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਪੁਲੀਸ ਯਾਦਗਾਰੀ ਦਿਵਸ ’ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਅਤਿਵਾਦ, ਨਕਸਲਵਾਦ ਅਤੇ ਉੱਤਰ-ਪੂਰਬ ਵਿੱਚ ਬਗਾਵਤ ਦੀਆਂ ਘਟਨਾਵਾਂ ’ਚ 65 ਫ਼ੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ‘ਦੇਸ਼ ਦੇ ਤਿੰਨ ਹੌਟਸਪੌਟ ਐੱਲਡਬਲਿਊਈ (ਖੱਬੇ ਪੱਖੀ ਕੱਟੜਵਾਦ ਪ੍ਰਭਾਵਿਤ ਸੂਬੇ), ਉੱਤਰ-ਪੂਰਬ ਅਤੇ ਜੰਮੂ ਕਸ਼ਮੀਰ ਵਿੱਚ ਹੁਣ ਸ਼ਾਂਤੀ ਸਥਾਪਤ ਹੋ ਰਹੀ ਹੈ।’ ਇੱਥੇ ਕੌਮੀ ਪੁਲੀਸ ਸਮਾਰਕ ਵਿਖੇ ਪੁਲੀਸ ਯਾਦਗਾਰੀ ਦਿਵਸ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਤਿਵਾਦ ਖ਼ਿਲਾਫ਼ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਕਾਇਮ ਰੱਖਦਿਆਂ ਸਖ਼ਤ ਕਾਨੂੰਨ ਬਣਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੁਲੀਸ ਬਲ ਦੇ ਆਧੁਨਿਕੀਕਰਨ ਲਈ ‘ਪੁਲੀਸ ਤਕਨਾਲੋਜੀ ਮਿਸ਼ਨ’ ਦੀ ਸਥਾਪਨਾ ਕਰਕੇ ਉਸ ਨੂੰ ਦੁਨੀਆ ਦੀ ਸਭ ਤੋਂ ਵਧੀਆ ਅਤਿਵਾਦ ਵਿਰੋਧੀ ਫੋਰਸ ਬਣਾਉਣ ਲਈ ਵੀ ਕੰਮ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਵਿਆਪਕ ਬਦਲਾਅ ਲਈ ਸੰਸਦ ਵਿੱਚ ਤਿੰਨ ਬਿੱਲ ਪੇਸ਼ ਕੀਤੇ ਹਨ। ਇਹ ਤਿੰਨੇ ਬਿੱਲ 150 ਸਾਲ ਪੁਰਾਣੇ ਕਾਨੂੰਨਾਂ ਦੀ ਥਾਂ ਲੈਣਗੇ ਅਤੇ ਸਾਰੇ ਨਾਗਰਿਕਾਂ ਦੇ ਸੰਵਿਧਾਨਿਕ ਅਧਿਕਾਰ ਦੀ ਗਾਰੰਟੀ ਦੇਣਗੇ।

ਸ਼ਾਹ ਨੇ ਕਿਹਾ ਕਿ ਭਾਵੇਂ ਗੱਲ ਅਤਿਵਾਦੀਆਂ ਨਾਲ ਲੜਨ, ਅਪਰਾਧ ਰੋਕਣ, ਭੀੜ ਅੱਗੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਹੋਵੇ ਜਾਂ ਕੁਦਰਤੀ ਆਫ਼ਤ ਸਮੇਂ ਢਾਲ ਬਣ ਕੇ ਲੋਕਾਂ ਦੀ ਰੱਖਿਆ ਕਰਨ ਦੀ ਹੋਵੇ, ਪੁਲੀਸ ਕਰਮੀਆਂ ਨੇ ਹਰ ਸਥਿਤੀ ਵਿੱਚ ਖੁਦ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੁਲੀਸ ਕਰਮੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿੱਚ ਸਮੇਂ-ਸਮੇਂ ’ਤੇ ਬਦਲਾਅ ਕਰਕੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਆਜ਼ਾਦੀ ਮਗਰੋਂ ਦੇਸ਼ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ 36,250 ਪੁਲੀਸ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਪੁਲੀਸ ਸਮਾਰਕ ਸਿਰਫ਼ ਇੱਕ ਪ੍ਰਤੀਕ ਨਹੀਂ ਹੈ, ਬਲਕਿ ਰਾਸ਼ਟਰ ਨਿਰਮਾਣ ਪ੍ਰਤੀ ਪੁਲੀਸ ਕਰਮੀਆਂ ਦੇ ਬਲਿਦਾਨ ਅਤੇ ਸਮਰਪਣ ਨੂੰ ਮਾਨਤਾ ਦਿੰਦਾ ਹੈ। ਲੱਦਾਖ ਦੇ ਹੌਟ ਸਪਰਿੰਗਜ਼ ਵਿੱਚ 21 ਅਕਤੂਬਰ, 1959 ਨੂੰ ਭਾਰੀ ਹਥਿਆਰਾਂ ਨਾਲ ਲੈੱਸ ਚੀਨੀ ਫ਼ੌਜੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਦੌਰਾਨ ਡਿਊਟੀ ਦੇ ਰਹੇ 10 ਪੁਲੀਸ ਕਰਮੀ ਸ਼ਹੀਦ ਹੋ ਗਏ ਸਨ। ਉਦੋਂ ਤੋਂ ਹਰ ਸਾਲ 21 ਅਕਤੂੁਬਰ ਨੂੰ ਇਨ੍ਹਾਂ ਸ਼ਹੀਦਾਂ ਅਤੇ ਡਿਊਟੀ ਦੌਰਾਨ ਮਾਰੇ ਗਏ ਹੋਰ ਸਾਰੇ ਪੁਲੀਸ ਕਰਮੀਆਂ ਦੇ ਸਨਮਾਨ ਵਿੱਚ ‘ਪੁਲੀਸ ਯਾਦਗਾਰੀ ਦਿਵਸ’ ਮਨਾਇਆ ਜਾਂਦਾ ਹੈ।