ਅਤਿਵਾਦ ਕਾਰਨ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ: ਸ਼ਾਹ

ਅਤਿਵਾਦ ਕਾਰਨ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ: ਸ਼ਾਹ

ਦਹਿਸ਼ਤਗਰਦੀ ਖ਼ਿਲਾਫ਼ ਇੰਟਰਪੋਲ ਦੀ ਭੂਮਿਕਾ ਅਹਿਮ ਕਰਾਰ
ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਤਿਵਾਦ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ ਕਰਦਾ ਹੈ ਅਤੇ ਉਨ੍ਹਾਂ ਇੰਟਰਪੋਲ ਅਤੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਸਰਹੱਦਾਂ ’ਤੇ ਸਹਿਯੋਗ ਲਈ ਹੱਥ ਮਿਲਾਉਣ ਤਾਂ ਕਿ ਸਰਹੱਦ ਪਾਰਲੇ ਅਤਿਵਾਦ ਨੂੰ ਹਰਾਇਆ ਜਾ ਸਕੇ।

ਇੱਥੇ ਇੰਟਰਪੋਲ ਦੀ 90ਵੀਂ ਜਨਰਲ ਅਸੈਂਬਲੀ ਦੇ ਸਮਾਪਤੀ ਸਮਾਗਮ ਮੌਕੇ ਸ਼ਾਹ ਨੇ ਕਿਹਾ ਕਿ ਅਪਰਾਧਕ ਗਰੋਹ ਗੱਠਜੋੜ ਕਰਕੇ ਕੰਮ ਕਰ ਰਹੇ ਹਨ ਅਤੇ ਆਲਮੀ ਪੁਲੀਸ ਅਤੇ ਖ਼ੁਫੀਆ ਏਜੰਸੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇੰਟਰਪੋਲ ਜਨਰਲ ਅਸੈਂਬਲੀ ਵਿੱਚ 164 ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ‘‘ਅਤਿਵਾਦ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ ਕਰਦਾ ਹੈ। ਚੰਗੇ ਅਤਿਵਾਦ ਜਾਂ ਮਾੜੇ ਅਤਿਵਾਦ, ਛੋਟੇ ਅਤਿਵਾਦ ਅਤੇ ਵੱਡੇ ਅਤਿਵਾਦ ਦੀ ਗੱਲ ਨਾਲੋ-ਨਾਲ ਨਾਲ ਨਹੀਂ ਹੋ ਸਕਦੀ।’’

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਵਿਚ ਇੰਟਰਪੋਲ ਦੀ ਇਹ ਜਨਰਲ ਅਸੈਂਬਲੀ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ’ਤੇ ਹੋਈ ਹੈ। ਸ਼ਾਹ ਨੇ ਕਿਹਾ ਕਿ ਅਪਰਾਧ ਦੀਆਂ ਮੌਜੂਦਾ ਘਟਨਾਵਾਂ ‘ਹੱਦ ਰਹਿਤ’ ਹਨ ਅਤੇ ਇੰਟਰਪੋਲ ਦੇ ਮੈਂਬਰਾਂ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਮੁੁਤਾਬਕ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਆਲਮੀ ਪੁਲੀਸ ਸੰਗਠਨ (ਇੰਟਰਪੋਲ) ਦੀ ਭੂਮਿਕਾ ‘ਬਹੁਤ ਅਹਿਮ’ ਹੈ ਅਤੇ ਸਰਹੱਦ ਪਾਰਲੇ ਅਤਿਵਾਦ ਦੇ ਟਾਕਰੇ ਲਈ ਸਰਹੱਦਾਂ ਤੋਂ ਪਾਰ ਜਾ ਕੇ ਸਹਿਯੋਗ ਬੇਹੱਦ ਅਹਿਮ ਹੈ।

ਆਨਲਾਈਨ ਤਰੀਕੇ ਰਾਹੀਂ ਲੋਕਾਂ ਨੂੰ ਕੱਟੜਪੰਥੀ ਬਣਾਉਣ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਨੂੰ ਰਾਜਨੀਤਕ ਸਮੱਸਿਆ ਕਰਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਅਜਿਹੀ ਸਥਿਤੀ ਵਿੱਚ ਇਸ ਵਿਰੁੱਧ ਲੜਾਈ ਤਹਿ ਦਿਲੋੋਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੁਲੀਸ ਨੂੰ ਸਾਰੀਆਂ ਚੁਣੌਤੀਆਂ ਨਾਲ ਸਿੱਝਣ ਲਈ ਸਮਰੱਥ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਵੱਲੋਂ ਅਤਿਵਾਦ ਅਤੇ ਨਸ਼ਾ ਤਸਕਰੀ ਮਾਮਲਿਆਂ ਦਾ ਕੌਮੀ ਡੇਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਪੁਲੀਸ ਇਨ੍ਹਾਂ ਸੂਚਨਾਵਾਂ ਦੀ ਅਸਰਦਾਰ ਢੰਗ ਨਾਲ ਵਰਤੋਂ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਪੁਲੀਸ ਬਲਾਂ ਦੀ ਪਹਿਲੀ ਤਰਜੀਹ ਹੈ।