ਅਡਾਨੀ ਵੱਲੋਂ ਐਫਪੀਓ ਵਾਪਸ ਲੈਣ ਦਾ ਦੇਸ਼ ਦੀ ਸਾਖ਼ ’ਤੇ ਕੋਈ ਅਸਰ ਨਹੀਂ: ਸੀਤਾਰਾਮਨ

ਅਡਾਨੀ ਵੱਲੋਂ ਐਫਪੀਓ ਵਾਪਸ ਲੈਣ ਦਾ ਦੇਸ਼ ਦੀ ਸਾਖ਼ ’ਤੇ ਕੋਈ ਅਸਰ ਨਹੀਂ: ਸੀਤਾਰਾਮਨ

  • ਵਿੱਤ ਮੰਤਰੀ ਮੁਤਾਬਕ ਹਰ ਬਾਜ਼ਾਰ ’ਚ ਆਉਂਦਾ ਹੈ ‘ਉਤਰਾਅ-ਚੜ੍ਹਾਅ’ * ‘ਸੇਬੀ’ ਕੋਲ ਬਾਜ਼ਾਰ ਦੀ ਸਥਿਰਤਾ ਯਕੀਨੀ ਬਣਾਉਣ ਲਈ ਢੁੱਕਵੇਂ ਸਾਧਨ
    ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਅਡਾਨੀ ਗਰੁੱਪ ਵੱਲੋਂ 20 ਹਜ਼ਾਰ ਕਰੋੜ ਰੁਪਏ ਦਾ ਐਫਪੀਓ ਵਾਪਸ ਲੈਣ ਦੇ ਫ਼ੈਸਲੇ ਨਾਲ ਦੇਸ਼ ਦੇ ਅਰਥਚਾਰੇ ਦੀ ਸਾਖ਼ ਪ੍ਰਭਾਵਿਤ ਨਹੀਂ ਹੋਈ ਹੈ। ਵਿੱਤ ਮੰਤਰੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਦਿਨਾਂ 8 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਆਈ ਹੈ। ਸੀਤਾਰਾਮਨ ਨੇ ਕਿਹਾ, ‘ਸਾਡੀ ਵਿਆਪਕ ਆਰਥਿਕ ਬੁਨਿਆਦ ਜਾਂ ਸਾਡੀ ਅਰਥਵਿਵਸਥਾ ਦੀ ਸਾਖ਼, ਇਨ੍ਹਾਂ ਵਿਚੋਂ ਕੋਈ ਵੀ ਪ੍ਰਭਾਵਿਤ ਨਹੀਂ ਹੋਈ ਹੈ। ਹਾਂ, ਐਫਪੀਓ ਆਉਂਦੇ-ਜਾਂਦੇ ਰਹਿੰਦੇ ਹਨ ਤੇ ਐਫਆਈਆਈ ਦੇਸ਼ ਤੋਂ ਬਾਹਰ ਜਾਂਦੇ ਰਹਿੰਦੇ ਹਨ।’ ਉਨ੍ਹਾਂ ਕਿਹਾ ਕਿ ਹਰ ਬਾਜ਼ਾਰ ਵਿਚ ‘ਉਤਰਾਅ-ਚੜ੍ਹਾਅ’ ਹੁੰਦਾ ਹੈ, ਪਰ ਪਿਛਲੇ ਕੁਝ ਦਿਨਾਂ ਵਿਚ ਇਸ ’ਚ ਹੋਏ ਵਾਧੇ ਨੇ ਇਹੀ ਸਾਬਿਤ ਕੀਤਾ ਹੈ ਭਾਰਤ ਤੇ ਉਸ ਦੀ ਤਾਕਤ ਬਾਰੇ ਭਰੋਸਾ ਕਾਇਮ ਹੈ। ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੁਲਕ ਦੇ ਵਿੱਤੀ ਰੈਗੂਲੇਟਰ ਆਜ਼ਾਦਾਨਾ ਢੰਗ ਨਾਲ ਕੰਮ ਕਰ ਰਹੇ ਹਨ। ਸੇਬੀ ਕੋਲ ਬਾਜ਼ਾਰਾਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਸਾਧਨ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਰਬੀਆਈ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਬੈਂਕ ਖੇਤਰ ਮਜ਼ਬੂਤ ਤੇ ਸਥਿਰ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ‘ਸ਼ਾਰਟ ਸੈੱਲਰ’ ਤੇ ਵਿੱਤੀ ਖੋਜ ਕੰਪਨੀ ਹਿੰਡਨਬਰਗ ਨੇ ਕੁਝ ਦਿਨ ਪਹਿਲਾਂ ਅਡਾਨੀ ਸਮੂਹ ਖ਼ਿਲਾਫ਼ ਕੰਪਨੀ ਚਲਾਉਣ ਦੇ ਮੋਰਚੇ ’ਤੇ ਗੜਬੜੀ ਦੇ ਕਈ ਦੋਸ਼ ਲਾਏ ਸਨ। ਅਡਾਨੀ ਗਰੁੱਪ ਨੇ ਦੋਸ਼ਾਂ ਦਾ ਖੰਡਨ ਕੀਤਾ ਸੀ। ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਇਸ ਦਾ ਐਫਪੀਓ ਪੂਰੀ ਤਰ੍ਹਾਂ ‘ਸਬਸਕ੍ਰਾਈਬ’ ਹੋਣ ਦੇ ਬਾਵਜੂਦ ਵਾਪਸ ਲੈ ਲਿਆ ਗਿਆ ਸੀ। ਸਰਕਾਰੀ ਖੇਤਰ ਦੀਆਂ ਦੋ ਬੈਂਕਾਂ ਦੇ ਨਿੱਜੀਕਰਨ ਲਈ ਵਿੱਤੀ ਸਾਲ 2022-23 ਵਿਚ ਕੀਤੇ ਗਏ ਐਲਾਨ ਬਾਰੇ ਪੁੱਛਣ ’ਤੇ ਸੀਤਾਰਾਮਨ ਨੇ ਕਿਹਾ ਕਿ ਇਸ ਬਾਰੇ ਅਜਿਹੀ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ। ਇਸ ਮੌਕੇ ਵਿੱਤ ਸਕੱਤਰ ਟੀਵੀ ਸੋਮਨਾਥਨ ਆਪਣੀ ਉਸ ਟਿੱਪਣੀ ’ਤੇ ਕਾਇਮ ਰਹੇ ਜਿਸ ਵਿਚ ਉਨ੍ਹਾਂ ਅਡਾਨੀ ਘਟਨਾਕ੍ਰਮ ਨੂੰ ‘ਚਾਹ ਦੇ ਪਿਆਲੇ ਵਿਚ ਉੱਠਿਆ ਤੂਫ਼ਾਨ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਕ ਗੈਰ-ਮਹੱਤਵਪੂਰਨ ਮੁੱਦੇ ਉਤੇ ਜ਼ਰੂਰਤ ਤੋਂ ਵੱਧ ਚਿੰਤਾ ਕੀਤੀ ਜਾ ਰਹੀ ਹੈ।

ਸ਼ੇਅਰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਮੌਜੂਦ: ਸੇਬੀ

ਨਵੀਂ ਦਿੱਲੀ:
ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਗਿਰਾਵਟ ਬਾਰੇ ਵਧਦੇ ਵਿਵਾਦ ਵਿਚਾਲੇ ਅੱਜ ‘ਸੇਬੀ’ (ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੇ ਕਿਹਾ ਕਿ ਉਹ ਸ਼ੇਅਰ ਬਾਜ਼ਾਰ ਵਿਚ ਨਿਰਪੱਖਤਾ, ਕੁਸ਼ਲਤਾ ਤੇ ਉਸ ਦੀ ਮਜ਼ਬੂਤ ਬੁਨਿਆਦ ਕਾਇਮ ਰੱਖਣ ਲਈ ਵਚਨਬੱਧ ਹੈ। ਇਸ ਲਈ ਸਾਰੀ ਜ਼ਰੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਅਡਾਨੀ ਗਰੁੱਪ ਦਾ ਨਾਂ ਲਏ ਬਿਨਾਂ ਰੈਗੂਲੇਟਰ ਨੇ ਕਿਹਾ ਕਿ ਸ਼ੇਅਰਾਂ ਵਿਚ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਇਕ ਕਾਰੋਬਾਰੀ ਸਮੂਹ ਦੇ ਸ਼ੇਅਰਾਂ ਦੀ ਕੀਮਤ ਵਿਚ ਗੈਰ-ਸਾਧਾਰਨ ਗਿਰਾਵਟ ਦੇਖੀ ਗਈ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਬਿਆਨ ਅਡਾਨੀ ਮਾਮਲੇ ਦੇ ਮੱਦੇਨਜ਼ਰ ਹੀ ਜਾਰੀ ਕੀਤਾ ਗਿਆ ਹੈ। ਸੇਬੀ ਨੇ ਬਿਆਨ ਵਿਚ ਕਿਹਾ ਕਿ ਕੁਝ ਖਾਸ ਸ਼ੇਅਰਾਂ ਵਿਚ ਬੇਹੱਦ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ, ਜਨਤਕ ਰੂਪ ਵਿਚ ਉਪਲਬਧ ਨਿਗਰਾਨੀ (ਏਐੱਸਐਮ ਢਾਂਚੇ) ਮੌਜੂਦ ਹੈ। ਇਹ ਢਾਂਚਾ ਕਿਸੇ ਵੀ ਸ਼ੇਅਰ ਦੀ ਕੀਮਤ ਹੇਠਾਂ-ਉਤੇ ਹੋਣ ’ਤੇ ਕੁਝ ਸ਼ਰਤਾਂ ਤਹਿਤ ਆਪਣੇ ਆਪ ਸਰਗਰਮ ਹੋ ਜਾਂਦਾ ਹੈ।