ਅਡਾਨੀ ਮੁੱਦਾ ਉਠਾਉਣ ਤੋਂ ਪਿੱਛੇ ਨਹੀਂ ਹਟਾਂਗਾ: ਰਾਹੁਲ

ਅਡਾਨੀ ਮੁੱਦਾ ਉਠਾਉਣ ਤੋਂ ਪਿੱਛੇ ਨਹੀਂ ਹਟਾਂਗਾ: ਰਾਹੁਲ

ਸਾਬਕਾ ਕਾਂਗਰਸ ਪ੍ਰਧਾਨ ਨੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਕਾਂਗਰਸੀਆਂ ’ਤੇ ਵੀ ਸੇਧਿਆ ਨਿਸ਼ਾਨਾ
ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਅਡਾਨੀ ਮੁੱਦਾ ਉਠਾਉਣ ਤੋਂ ਪਿੱਛੇ ਨਹੀਂ ਹਟਣਗੇ। ਜ਼ਿਕਰਯੋਗ ਹੈ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਕਿਹਾ ਸੀ ਕਿ ਹਿੰਡਨਬਰਗ ਰਿਪੋਰਟ ਬਾਰੇ ਜੇਪੀਸੀ ਜਾਂਚ ਦੀ ‘ਕੋਈ ਲੋੜ’ ਨਹੀਂ ਹੈ। ਕਾਂਗਰਸ ਤੇ ਇਸ ਦੀਆਂ ਭਾਈਵਾਲ ਧਿਰਾਂ ਹਿੰਡਨਬਰਗ ਰਿਪੋਰਟ ਦੇ ਮੁੱਦੇ ਉਤੇ ਲਗਾਤਾਰ ਭਾਜਪਾ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਉਨ੍ਹਾਂ ਸੱਚ ਲੁਕੋਇਆ ਹੈ, ਇਸੇ ਲਈ ਉਹ ਰੋਜ਼ ਗੁਮਰਾਹ ਕਰਦੇ ਹਨ! ਸਵਾਲ ਉਹੀ ਹੈ- ਅਡਾਨੀ ਦੀਆਂ ਕੰਪਨੀਆਂ ਵਿਚ ਬੇਨਾਮੀ 20 ਹਜ਼ਾਰ ਕਰੋੜ ਰੁਪਏ ਕਿਸ ਦੇ ਹਨ?’ ਕਾਂਗਰਸ ਆਗੂ ਨੇ ਆਪਣੇ ਟਵੀਟ ਵਿਚ ਸਾਬਕਾ ਕਾਂਗਰਸ ਆਗੂਆਂ ਉਤੇ ਵੀ ਨਿਸ਼ਾਨਾ ਸੇਧਿਆ, ਜੋ ਦਹਾਕਿਆਂ ਪੁਰਾਣੀ ਸਾਂਝ ਤੋੜ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਗ਼ੁਲਾਮ ਨਬੀ ਆਜ਼ਾਦ ਤੇ ਸਾਬਕਾ ਰੱਖਿਆ ਮੰਤਰੀ ਏਕੇ ਐਂਟਨੀ ਦੇ ਪੁੱਤਰ ਅਨਿਲ ਐਂਟਨੀ ਨੂੰ ਨਿਸ਼ਾਨੇ ’ਤੇ ਲਿਆ। ਹਾਲਾਂਕਿ ਅਨਿਲ ਐਂਟਨੀ ਨੇ ਵੀ ਰਾਹੁਲ ’ਤੇ ਮੋੜਵਾਂ ਹੱਲਾ ਬੋਲਿਆ ਤੇ ਕਿਹਾ ਕਿ, ‘ਕਾਂਗਰਸ ਦਾ ਅਖੌਤੀ ਪ੍ਰਧਾਨ ਮੰਤਰੀ ਉਮੀਦਵਾਰ ਸੋਸ਼ਲ ਮੀਡੀਆ ਟਰੋਲ ਸੈੱਲ ਵਾਂਗ ਬੋਲਦਾ ਹੈ, ਨਾ ਕਿ ਇਕ ਕੌਮੀ ਆਗੂ ਵਾਂਗ।’ ਐਂਟਨੀ ਨੇ ਕਿਹਾ, ‘ਮੇਰੇ ਸਣੇ ਕਾਂਗਰਸ ਛੱਡਣ ਵਾਲੇ ਕਈ ਵੱਡੇ ਆਗੂਆਂ ਨੇ ਦੇਸ਼ ਨਿਰਮਾਣ ਵਿਚ ਦਹਾਕਿਆਂ ਬੱਧੀ ਯੋਗਦਾਨ ਦਿੱਤਾ ਹੈ, ਪਰ ਉਨ੍ਹਾਂ ਨੂੰ ਕਾਂਗਰਸ ਛੱਡਣੀ ਪਈ ਹੈ ਕਿਉਂਕਿ ਉਹ ਦੇਸ਼ ਤੇ ਦੇਸ਼ਵਾਸੀਆਂ ਲਈ ਕੰਮ ਕਰਨਾ ਚਾਹੁੰਦੇ ਹਨ ਨਾ ਕਿ ਕਿਸੇ ਪਰਿਵਾਰ ਲਈ।’ ਜ਼ਿਕਰਯੋਗ ਹੈ ਕਿ ਸਾਂਝੀ ਸੰਸਦੀ ਕਮੇਟੀ ਬਾਰੇ ਸ਼ਰਦ ਪਵਾਰ ਦਾ ਰੁਖ਼ ਕਾਂਗਰਸ ਨਾਲੋਂ ਬਿਲਕੁਲ ਵੱਖਰਾ ਹੈ, ਜਦਕਿ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਜੇਪੀਸੀ ਦੀ ਮੰਗ ਕਰਦੀਆਂ ਰਹੀਆਂ ਹਨ। ਜੇਪੀਸੀ ਮਾਮਲੇ ’ਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਕਾਫ਼ੀ ਹੰਗਾਮਾ ਹੁੰਦਾ ਰਿਹਾ ਤੇ ਸਦਨਾਂ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ।