ਅਡਾਨੀ ਮਾਮਲਾ: ਸੇਬੀ ਨੂੰ ਜਾਂਚ ਲਈ ਹੋਰ ਤਿੰਨ ਮਹੀਨੇ ਦੇਣ ਦੇ ਸੰਕੇਤ

ਅਡਾਨੀ ਮਾਮਲਾ: ਸੇਬੀ ਨੂੰ ਜਾਂਚ ਲਈ ਹੋਰ ਤਿੰਨ ਮਹੀਨੇ ਦੇਣ ਦੇ ਸੰਕੇਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਿਹਾ ਕਿ ਅਡਾਨੀ ਗਰੁੱਪ ਵੱਲੋਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ’ਚ ਗੜਬੜੀ ਦੇ ਦੋਸ਼ਾਂ ਦੀ ਜਾਂਚ ਲਈ ਸੇਬੀ ਨੂੰ ਜਾਂਚ ਮੁਕੰਮਲ ਕਰਨ ਵਾਸਤੇ ਤਿੰਨ ਹੋਰ ਮਹੀਨਿਆਂ ਦਾ ਸਮਾਂ ਦੇਣ ਬਾਰੇ ਉਹ ਵਿਚਾਰ ਕਰ ਰਹੇ ਹਨ। ਸਿਖਰਲੀ ਅਦਾਲਤ ਨੇ ਜਨਹਿੱਤ ਪਟੀਸ਼ਨਾਂ ਅਤੇ ਸ਼ੇਅਰ ਬਾਜ਼ਾਰ ਨਿਗਰਾਨ ਸੇਬੀ ਦੀ ਅਰਜ਼ੀ 15 ਮਈ ਲਈ ਸੂਚੀਬੱਧ ਕਰ ਦਿੱਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮ੍ਹਾ ਤੇ ਜੇ ਬੀ ਪਾਰਦੀਵਾਲਾ ਦੇ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਜਸਟਿਸ (ਸੇਵਾਮੁਕਤ) ਏ ਐੱਮ ਸਪਰੇ ਕਮੇਟੀ ਦੀ ਰਿਪੋਰਟ ਕੋਰਟ ਰਜਿਸਟਰੀ ਨੂੰ ਮਿਲ ਗਈ ਹੈ ਅਤੇ ਕਮੇਟੀ ਦੀਆਂ ਲੱਭਤਾਂ ਨੂੰ ਦੇਖਣ ਮਗਰੋਂ ਸੋਮਵਾਰ ਨੂੰ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਬੈਂਚ ਨੇ ਕਿਹਾ,‘‘ਅਸੀਂ ਰਿਪੋਰਟ ਨੂੰ ਦੇਖਾਂਗੇ। ਸਾਡੇ ਵੱਲੋਂ 15 ਮਈ ਨੂੰ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ।’’ ਬੈਂਚ ਨੇ ਸੇਬੀ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਮਾਰਕਿਟ ਨਿਗਰਾਨ ਨੂੰ ਜਾਂਚ ਮੁਕੰਮਲ ਕਰਨ ਲਈ ਛੇ ਦੀ ਬਜਾਏ ਤਿੰਨ ਮਹੀਨਿਆਂ ਦਾ ਸਮਾਂ ਦੇ ਸਕਦੇ ਹਨ। ਪਟੀਸ਼ਨਰ ਜਯਾ ਠਾਕੁਰ ਵੱਲੋਂ ਪੇਸ਼ ਹੋਏ ਵਕੀਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਦਾਲਤ ਨੇ ਸੇਬੀ ਦੀ ਨਾਕਾਮੀ ਬਾਰੇ ਕੁਝ ਵੀ ਨਹੀਂ ਆਖਿਆ ਹੈ। ਬੈਂਚ ਨੇ ਕਿਹਾ ਕਿ ਦੋਸ਼ ਲਾਉਣ ਸਮੇਂ ਧਿਆਨ ਰੱਖਿਆ ਜਾਵੇ। ਉਧਰ ਕਾਂਗਰਸ ਨੇ ਅੱਜ ਕਿਹਾ ਕਿ ਲੱਖਾਂ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸੇਬੀ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਪੂਰਾ ਕਰੇਗਾ ਤੇ ‘ਫ਼ਰਜ਼ੀ ਕੰਪਨੀਆਂ ਦੇ ਗੁੱਝੇ ਨੈੱਟਵਰਕ’ ਦੀ ਜਾਂਚ ਮੌਕੇ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਏਗਾ।