ਅਡਾਨੀ ਮਸਲਾ ‘ਵੱਡਾ ਘੁਟਾਲਾ’: ਖੜਗੇ

ਅਡਾਨੀ ਮਸਲਾ ‘ਵੱਡਾ ਘੁਟਾਲਾ’: ਖੜਗੇ

  • ਘੁਟਾਲੇ ਦੀ ‘ਜੇਪੀਸੀ ਜਾਂਚ’ ਦੀ ਮੰਗ ਸੰਸਦ ਦੇ ਅੰਦਰ ਤੇ ਬਾਹਰ ਚੁੱਕਦੇ ਰਹਿਣ ਦਾ ਦਾਅਵਾ
    ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਅਡਾਨੀ ਮਸਲਾ ‘ਵੱਡਾ ਘੁਟਾਲਾ’ ਹੈ ਤੇ ਉਨ੍ਹਾਂ ਦੀ ਪਾਰਟੀ ਇਸ ਮਸਲੇ ਨੂੰ ਸੰਸਦ ਦੇ ਅੰਦਰ ਤੇ ਬਾਹਰ ਚੁੱਕਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਮਹੂਰੀ ਢੰਗ ਨਾਲ ਕੰਮ ਕਰਨ ਲਈ ਤਿਆਰ ਨਹੀਂ ਹੈ ਤਾਂ ‘‘ਲੋਕ ਖ਼ੁਦ ਇਸ ਤੋਂ ਨਿਜਾਤ ਪਾ ਲੈਣਗੇ।’’ ਇਥੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਅਡਾਨੀ ਵਿਵਾਦ ਅਤੇ ਉਨ੍ਹਾਂ ਤੇ ਰਾਹੁਲ ਗਾਂਧੀ ਵੱਲੋਂ ਸੰਸਦ ਵਿੱਚ ਕਹੀਆਂ ਕੁਝ ਗੱਲਾਂ ਨੂੰ ਸਦਨ ਦੀ ਕਾਰਵਾਈ ਦੇ ਰਿਕਾਰਡ ਵਿੱਚੋਂ ਬਾਹਰ ਕੱਢਣ ਸਣੇ ਸਰਕਾਰ ਨੂੰ ਵੱਖ ਵੱਖ ਮੁੱਦਿਆਂ ’ਤੇ 10 ਸਵਾਲ ਕੀਤੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਡਾਨੀ ਮਸਲਾ ‘ਵੱਡਾ ਘੁਟਾਲਾ’ ਹੈ, ਜਿਸ ਵਿੱਚ ਸਰਕਾਰੀ ਪੈਸਾ ਵੀ ਸ਼ਾਮਲ ਹੈ ਤੇ ਇਸ ਪੂਰੇ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਇਸ ਮਸਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਖੜਗੇ ਨੇ ਕਿਹਾ ਕਿ ਉਨ੍ਹਾਂ ਰਾਜ ਸਭਾ ਵਿੱਚ ਆਪਣੀ ਤਕਰੀਰ ਦੌਰਾਨ ਕੁਝ ਵੀ ਨੇਮਾਂ ਦੇ ਵਿਰੁੱਧ ਨਹੀਂ ਬੋਲਿਆ ਤੇ ਉਨ੍ਹਾਂ ਅਡਾਨੀ ਮਸਲੇ ’ਤੇ ਕੁਝ ਸਵਾਲ ਹੀ ਕੀਤੇ ਸਨ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਅਡਾਨੀ ਗਰੁੱਪ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਿਉਂ ਨਹੀਂ ਕਰਵਾਉਂਦੀ? ਮੋਦੀ ਜੀ ਇਸ ਪਿੱਛੇ ਕੀ ਕਾਰਨ ਹੈ ਤੇ ਉਨ੍ਹਾਂ ਦੀ ਸਰਕਾਰ ਸੰਸਦ ਵਿੱਚ ‘ਅਡਾਨੀ’ ਸ਼ਬਦ ਬੋਲਣ ਤੋਂ ਕਿਉਂ ਡੱਕ ਰਹੀ ਹੈ? ਆਰਬੀਆਈ, ਸੇਬੀ, ਈਡੀ ਤੇ ਐੱਸਐੱਫਆਈਓ, ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ, ਆਈਟੀ ਤੇ ਸੀਬੀਆਈ ਕਿਉਂ ਨਕਾਰਾ ਹੋ ਗਏ ਹਨ? ਬਹੁਤ ਸਾਰੇ ਘੁਟਾਲੇ ਹੋ ਚੁੱਕੇ ਹਨ ਤੇ ਉਹ ਅਜੇ ਵੀ ਖਾਮੋਸ਼ ਕਿਉਂ ਹਨ? ਉਨ੍ਹਾਂ ਨੂੰ ਸਿਰਫ਼ ਹੋਰ ਲੋਕ ਨਜ਼ਰ ਆਉਂਦੇ ਹਨ, ਪਰ ਉਹ (ਅਡਾਨੀ) ਨਹੀਂ।’’ ਖੜਗੇ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮੋਦੀ ਜੀ ਆਪਣੇ ਦੋਸਤਾਂ ਦੇ ਘੁਟਾਲਿਆਂ ਨੂੰ ਧੋਣ ਲਈ ਸਾਡੀ ਸੰਸਦ ਨੂੰ ਵਾਸ਼ਿੰਗ ਮਸ਼ੀਨ ਵਾਂਗ ਵਰਤ ਰਹੇ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਸਵਾਲ ਪੁੱਛਣੇ ਵਿਰੋਧੀ ਧਿਰਾਂ ਦਾ ਕੰਮ ਹੈ। ਲੋਕਾਂ ਨੇ ਸੰਸਦ ਮੈਂਬਰਾਂ ਨੂੰ ਚੁਣਿਆ ਹੈ ਤੇ ਲੋਕਾਂ ਦੇ ਪੈਸੇ ਤੇ ਉਨ੍ਹਾਂ ਦੇ ਹੱਕਾਂ ਨੂੰ ਬਚਾਉਣਾ, ਉਨ੍ਹਾਂ (ਮੈਂਬਰਾਂ) ਦੀ ਜ਼ਿੰਮੇਵਾਰੀ ਹੈ।’’ ਉਨ੍ਹਾਂ ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਸੰਸਦੀ ਕਾਰਵਾਈ ’ਚੋਂ ਬਾਹਰ ਕੱਢਣ ਬਾਰੇ ਪੁੱਛੇ ਜਾਣ ’ਤੇ ਖੜਗੇ ਨੇ ਕਿਹਾ, ‘‘ਤੁਸੀਂ ਸੋਚ ਸਕਦੇ ਹੋ ਕਿ ਜਮਹੂਰੀਅਤ ਦੇ ਨਾਂ ’ਤੇ ਕੀ ਹੋ ਰਿਹੈ।’’ ਉਧਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਹਮ ਅਡਾਨੀ ਕੇ ਹੈ ਕੌਣ’ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਨੂੰ ਅਗਲੇ ਤਿੰਨ ਹੋਰ ਸਵਾਲ ਪੁੱਛਦਿਆਂ ਕਿਹਾ ਕਿ ਕਾਰੋਬਾਰੀ ਨੂੰ ਹਵਾਬਾਜ਼ੀ ਸੈਕਟਰ ਦੀ ਖੁਦਮੁਖਤਿਆਰੀ ਦੇਣ ਲਈ ਹੁਣ ਤੱਕ ਕਿੰਨੇ ਹੋਰ ਹਵਾਈ ਅੱਡੇ ਉਸ ਦੇ ਹਵਾਲੇ ਕੀਤੇ ਜਾਣੇ ਹਨ। ਰਮੇਸ਼ ਨੇ ਕਿਹਾ, ‘‘ਤੁਸੀਂ ਸਾਲ 2019 ਵਿੱਚ ਸ਼ਰਤਾਂ ਹਟਾ ਕੇ ਅਡਾਨੀ ਗਰੁੱਪ ਨੂੰ ਛੇ ਹਵਾਈ ਅੱਡੇ ਦਿੱਤੇ ਸਨ, ਜਦੋਂਕਿ ਨੇਮਾਂ ਤਹਿਤ ਕਿਸੇ ਨੂੰ ਵੀ ਦੋ ਤੋਂ ਵੱਧ ਹਵਾਈ ਅੱਡੇ ਚਲਾਉਣ ਲਈ ਨਹੀਂ ਦਿੱਤੇ ਜਾ ਸਕਦੇ। ਰਮੇਸ਼ ਨੇ ਕਿਹਾ, ‘‘ਤੁਹਾਡੀ ‘ਮਿੱਤਰ ਕਾਲ’ ਬਜਟ ਤਕਰੀਰ ਵਿੱਚ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 50 ਹੋਰ ਹਵਾਈ ਅੱਡਿਆਂ, ਹੈਲੀਪੋਰਟਾਂ ਤੇ ਜਲ ਐਰੋਡਰੰਮਾਂ ਦੀ ਮੁੜ ਸੁਰਜੀਤੀ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚੋਂ ਕਿੰਨੇ ਅਡਾਨੀ ਦੀ ਝੋਲੀ ਪੈਣਗੇ?’’