ਅਡਾਨੀ ਮਸਲਾ: ਵਿਰੋਧੀ ਧਿਰਾਂ ਵੱਲੋਂ ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ

ਅਡਾਨੀ ਮਸਲਾ: ਵਿਰੋਧੀ ਧਿਰਾਂ ਵੱਲੋਂ ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ

ਕਾਲੇ ਕੱਪੜੇ ਪਾ ਕੇ ਵਿਜੈ ਚੌਕ ਵਿੱਚ ਦਿੱਤਾ ਧਰਨਾ
ਨਵੀਂ ਦਿੱਲੀ-ਕਾਲੇ ਕੱਪੜੇ ਪਾਈ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਅਡਾਨੀ ਮਸਲੇ ਅਤੇ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਖਿਲਾਫ਼ ਅੱਜ ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀ ਮੈਂਬਰਾਂ, ਜਿਨ੍ਹਾਂ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸ਼ਾਮਲ ਸਨ, ਸੰਸਦੀ ਅਹਾਤੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਇਕੱਤਰ ਹੋਏ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੈਂਬਰਾਂ ਨੇ ਹੱਥਾਂ ਵਿੱਚ ‘ਸਤਯਮੇਵ ਜਯਤੇ’ ਦੇ ਬੈਨਰ ਤੇ ਤਖਤੀਆਂ, ਜਿਨ੍ਹਾਂ ’ਤੇ ‘ਜਮਹੂਰੀਅਤ ਨੂੰ ਬਚਾਓ’ ਲਿਖਿਆ ਹੋਇਆ ਸੀ, ਫੜ੍ਹੀਆਂ ਸਨ। ਮੈਂਬਰਾਂ ਨੇ ਵਿਜੈ ਚੌਕ ਵਿੱਚ ਧਰਨਾ ਵੀ ਦਿੱਤਾ।
ਸ੍ਰੀ ਖੜਗੇ ਨੇ ਵਿਜੈ ਚੌਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪਿਛਲੇ ਕੁਝ ਸਾਲਾਂ ਵਿੱਚ ਅਡਾਨੀ ਦੀ ਦੌਲਤ ਵਿਚ ਤੇਜ਼ੀ ਨਾਲ ਇਜ਼ਾਫਾ ਕਿਵੇਂ ਹੋਇਆ ਹੈ। ਜਦੋਂ ਤੁਸੀਂ (ਮੋਦੀ) ਵਿਦੇਸ਼ੀ ਮੁਲਕਾਂ ਵਿੱਚ ਜਾਂਦੇ ਹੋ, ਤੁਸੀਂ ਕਿੰਨੀ ਵਾਰ ਸਨਅਤਕਾਰ ਨੂੰ ਆਪਣੇ ਨਾਲ ਲੈ ਕੇ ਗਏ ਹੋ। ਪ੍ਰਧਾਨ ਮੰਤਰੀ, ਅਡਾਨੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਵਿੱਚ ਨਾਕਾਮ ਰਹੇ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਇਸ ਮੁੱਦੇ ’ਤੇ ਜੇਪੀਸੀ ਚਾਹੁੰਦੇ ਹਾਂ। ਸਰਕਾਰ ਇਸ ’ਤੇ ਸਹਿਮਤੀ ਕਿਉਂ ਨਹੀਂ ਦੇ ਰਹੀ? ਤੁਸੀਂ ਜੇਪੀਸੀ ਜਾਂਚ ਤੋਂ ਕਿਉਂ ਡਰਦੇ ਹੋ…ਇਸ ਦਾ ਮਤਲਬ ਹੈ ਕਿ ‘ਦਾਲ ਵਿੱਚ ਕੁਝ ਕਾਲਾ ਹੈ।’ ਚੇਤੇ ਰਹੇ ਕਿ ਵਿਰੋਧੀ ਧਿਰਾਂ ਅਡਾਨੀ ਸਮੂਹ ’ਤੇ ਲੱਗੇ ਕਾਰਪੋਰੇਟ ਧੋਖਾਧੜੀ ਤੇ ਸ਼ੇਅਰਾਂ ਦੀ ਵੇਟ-ਵੱਚ ਵਿੱਚ ਹੇੇਰਾਫੇਰੀ ਦੇ ਦੋਸ਼ਾਂ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰ ਰਹੀਆਂ ਹਨ। ਖੜਗੇ ਨੇ ਸੰਸਦ ਮੈਂਬਰ ਵਜੋਂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਦਾ ਮੁੱਦਾ ਵੀ ਚੁੱਕਿਆ।
ਉਨ੍ਹਾਂ ਕਿਹਾ, ‘‘ਤੁਸੀਂ ਰਾਹੁਲ ਗਾਂਧੀ ਨੂੰ ਬਦਨਾਮ ਕਰਨਾ ਚਾਹੁੰਦੇ ਹੋ, ਇਹੀ ਵਜ੍ਹਾ ਹੈ ਕਿ ਤੁਸੀਂ ਸਬੰਧਤ ਕੇਸ ਗੁਜਰਾਤ ਵਿੱਚ ਤਬਦੀਲ ਕੀਤਾ…ਜਦੋਂਕਿ ਟਿੱਪਣੀਆਂ ਕਰਨਾਟਕ ਦੇ ਕੋਲਾਰ ’ਚ ਇਕ ਰੈਲੀ ਦੌਰਾਨ ਕੀਤੀਆਂ ਗਈਆਂ ਸਨ। ਜਮਹੂਰੀਅਤ ਲਈ ਅੱਜ ਕਾਲਾ ਦਿਨ ਹੈ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਕਾਲੇ ਚੋਲੇ ਪਾਏ ਹੋਏ ਹਨ, ਕਿਉਂਕਿ ਪ੍ਰਧਾਨ ਮੰਤਰੀ ਜਮਹੂਰੀਅਤ ਨੂੰ ‘ਖ਼ਤਮ’ ਕਰ ਰਹੇ ਹਨ। ਤ੍ਰਿਣਮੂਲ ਕਾਂਗਰਸ, ਜੋ ਹੁਣ ਤੱਕ ਵਿਰੋਧੀ ਧਿਰਾਂ ਦੇ ਰੋਸ ਪ੍ਰਦਰਸ਼ਨਾਂ ਤੋਂ ਲਾਂਭੇ ਰਹੀ ਹੈ, ਵੀ ਵਿਜੈ ਚੌਕ ਵਿੱਚ ਦਿੱਤੇ ਧਰਨੇ ’ਚ ਸ਼ਾਮਲ ਹੋਈ। ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ ਕੱਢਣ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਜਿਨ੍ਹਾਂ ਵਿੱਚ ਕਾਂਗਰਸ, ਟੀਐੱਮਸੀ, ਬੀਆਰਐੱਸ ਤੇ ਸਪਾ ਵੀ ਸ਼ਾਮਲ ਸਨ, ਨੇ ਅਡਾਨੀ ਮਸਲੇ ਤੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਦੇ ਮਸਲੇ ’ਤੇ ਭਵਿੱਖੀ ਰਣਨੀਤੀ ਘੜਨ ਲਈ ਸੰਸਦੀ ਕੰਪਲੈਕਸ ਵਿੱਚ ਮੀਟਿੰਗ ਵੀ ਕੀਤੀ।
ਉਧਰ ਸੀਨੀਅਰ ਪਾਰਟੀ ਆਗੂ ਆਨੰਦ ਸ਼ਰਮਾ ਨੇ ਸ਼ਿਮਲਾ ਵਿੱਚ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ਲਈ ਵਿਖਾਈ ਕਾਹਲ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗਾਂਧੀ ਨੂੰ ਸੰਸਦ ਵਿੱਚ ਬੋਲਣ ਦਾ ਪੂਰਾ ਹੱਕ ਹੈ। ਇਥੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਮਿਲਣ ਲਈ ਆਏ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਪੂਰਾ ਭਰੋਸਾ ਹੈ ਤੇ ਸੂਰਤ ਦੀ ਕੋਰਟ ਵੱਲੋਂ ਸੁਣਾਇਆ ਫੈਸਲਾ ਉਚੇਰੀ ਅਦਾਲਤ ਵਿੱਚ ਬਹੁਤਾ ਚਿਰ ਨਹੀਂ ਟਿਕੇਗਾ ਅਤੇ ਕਾਂਗਰਸ ਪਾਰਟੀ ਇਸ ਖਿਲਾਫ਼ ਸਿਆਸੀ ਤੇ ਕਾਨੂੰਨੀ ਲੜਾਈ ਲੜੇਗੀ।